ਕੇਂਦਰ ਵੱਲੋਂ ਜਾਰੀ ਚਿੱਠੀ ’ਤੇ SGPC ਦਾ ਬਿਆਨ ਆਇਆ ਸਾਹਮਣੇ, ਕਿਹਾ-ਸ਼ਰਧਾਲੂ ਨਾ ਘਬਰਾਉਣ
Saturday, May 28, 2022 - 10:04 PM (IST)
ਅੰਮ੍ਰਿਤਸਰ (ਸਰਬਜੀਤ) : 21 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਕੇਂਦਰ ਸਰਕਾਰ ਵੱਲੋਂ ਇਕ ਚਿੱਠੀ ਲਿਖੀ ਗਈ ਸੀ, ਜਿਸ ਕਾਰਨ ਸ਼ਰਧਾਲੂਆਂ ਦੇ ਮਨਾਂ ’ਚ ਦੁੁਬਿਧਾ ਪੈਦਾ ਹੋ ਗਈ। ਇਸ ਦੁਬਿਧਾ ਨੂੰ ਲੈ ਕੇ ਸੰਗਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨਾਲ ਸੰਪਰਕ ਕੀਤਾ ਤਾਂ ਸ਼੍ਰੋਮਣੀ ਕਮੇਟੀ ਨੇ ਹੁਣ ਇਸ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਨੇ ਕਿਹਾ ਹੈ ਕਿ ਅਜਿਹੀ ਚਿੱਠੀ ਹਰ ਸਾਲ ਕੇਂਦਰ ਸਰਕਾਰ ਵੱਲੋਂ ਜਾਰੀ ਹੁੰਦੀ ਹੈ।
ਇਹ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜਿਨ੍ਹਾਂ ਦੀ ਅਗਵਾਈ ’ਚ ਜਥਾ ਪਾਕਿਸਤਾਨ ਜਾਏਗਾ ਤਾਂ ਜਥੇ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ’ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣੇ ਦੇਸ਼ ਤੋਂ ਕਿਸੇ ਦੂਜੇ ਦੇਸ਼ ’ਚ ਜਾਂਦੇ ਹਾਂ ਤਾਂ ਟੂਰਿਜ਼ਮ ਵਿਭਾਗ ਵੱਲੋਂ ਗਾਈਡਲਾਈਨ ਜਾਰੀ ਕੀਤੀ ਜਾਂਦੀ ਹੈ। 21 ਜੂਨ ਨੂੰ ਇਹ ਜਥਾ ਪਾਕਿਸਤਾਨ ਲਈ ਰਵਾਨਾ ਹੋਵੇਗਾ ਅਤੇ 30 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਵਾਪਸ ਭਾਰਤ ਪਰਤ ਆਏਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਲੋਕਾਂ ਦੇ ਘਰਾਂ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣ ਦੀ ਖਿੱਚੀ ਤਿਆਰੀ
ਜ਼ਿਕਰਯੋਗ ਹੈ ਕਿ ਜਥੇ ਦੇ ਰਵਾਨਾ ਹੋਣ ਤੋਂ ਪਹਿਲਾਂ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਖ਼ਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖ ਕੇ ਚਿਤਾਵਨੀ ਦਿੱਤੀ ਸੀ। ਇਸ ਚਿੱਠੀ ’ਚ ਚਿਤਾਵਨੀ ਦਿੰਦਿਆਂ ਕਿਹਾ ਗਿਆ ਸੀ ਕਿ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਸਥਾਨਕ ਅਧਿਕਾਰੀਆਂ ਤੋਂ ਦੂਰੀ ਬਣਾ ਕੇ ਰੱਖਣ। ਉਥੇ ਜਾ ਕੇ ਲੋਕ ਪਾਕਿਸਤਾਨੀ ਲੋਕਾਂ ਨਾਲ ਵਧੇਰੇ ਘੁਲਣ-ਮਿਲਣ ਦਾ ਯਤਨ ਨਾ ਕਰਨ ਅਤੇ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਹਿਮਾਨਨਿਵਾਜ਼ੀ ਨੂੰ ਕਬੂਲ ਨਾ ਕਰਨ।