ਹਫਤੇ ਬਾਅਦ ਵੀ ਬਹਾਲ ਨਹੀਂ ਹੋ ਸਕਿਆ ਸੇਵਾ ਕੇਂਦਰ ਦਾ ਕੱਟਿਆ ਬਿਜਲੀ ਕੁਨੈਕਸ਼ਨ
Tuesday, Mar 13, 2018 - 12:51 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਡੀ. ਸੀ. ਕੰਪਲੈਕਸ 'ਚ ਚੱਲ ਰਹੇ ਸੇਵਾ ਕੇਂਦਰ ਦਾ ਲੱਗਭਗ 4 ਲੱਖ ਰੁਪਏ ਦਾ ਬਿਜਲੀ ਬਿੱਲ ਨਾ ਭਰੇ ਜਾਣ ਕਾਰਨ ਪਾਵਰਕਾਮ ਵਿਭਾਗ ਵੱਲੋਂ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ । ਬੀਤੇ ਹਫ਼ਤੇ ਤੋਂ ਕੱਟਿਆ ਗਿਆ ਬਿਜਲੀ ਕੁਨੈਕਸ਼ਨ ਅਜੇ ਜੁੜ ਨਹੀਂ ਸਕਿਆ, ਹਾਲਾਂਕਿ ਸੇਵਾ ਕੇਂਦਰ ਦੇ ਕੰਮ ਨੂੰ ਚਲਾਉਣ ਲਈ ਕਿਰਾਏ ਦੇ ਜਨਰੇਟਰ ਦਾ ਸਹਾਰਾ ਲੈ ਕੇ ਲੋਕਾਂ ਦੀਆਂ ਦਿੱਕਤਾਂ ਨੂੰ ਅਸਥਾਈ ਤੌਰ 'ਤੇ ਕੁਝ ਹੱਦ ਤਕ ਦੂਰ ਕਰ ਦਿੱਤਾ ਗਿਆ ਹੈ ।
350 ਰੁਪਏ ਕਿਰਾਏ ਦੇ ਜਨਰੇਟਰ 'ਚ ਨਿੱਤ ਫੂਕਿਆ ਜਾ ਰਿਹੈ 750 ਰੁਪਏ ਦਾ ਤੇਲ
ਇਥੇ ਵਰਣਨਯੋਗ ਹੈ ਕਿ ਸੇਵਾ ਕੇਂਦਰ ਨਵਾਂਸ਼ਹਿਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ । ਬਿਜਲੀ ਸਹੂਲਤ ਕੱਟੇ ਜਾਣ ਕਾਰਨ ਸ਼ੁੱਕਰਵਾਰ ਤਕ ਸੇਵਾ ਕੇਂਦਰ ਦਾ ਪੂਰਾ ਕੰਮਕਾਜ ਠੱਪ ਹੋ ਗਿਆ ਸੀ। ਜਿਸ ਕਾਰਨ ਸੇਵਾ ਕੇਂਦਰ 'ਚ ਪ੍ਰਤੀ ਦਿਨ ਆਉਣ ਵਾਲੇ ਸੈਂਕੜੇ ਲੋਕਾਂ ਨੂੰ ਜਿਥੇ ਇਨ੍ਹਾਂ 4 ਦਿਨਾਂ 'ਚ ਖੱਜਲ-ਖੁਆਰ ਹੋਣਾ ਪਿਆ, ਉਥੇ ਹੀ ਸੇਵਾ ਕੇਂਦਰ 'ਚ ਨਿੱਜੀ ਕੰਪਨੀ ਅਧੀਨ ਕੰਮ ਕਰਨ ਵਾਲੇ ਕਰਮਚਾਰੀ ਵੀ ਬੇਕਾਰ ਹੋ ਕੇ ਰਹਿ ਗਏ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਜਲੀ ਕੁਨੈਕਸ਼ਨ ਬਹਾਲ ਨਾ ਹੋਣ ਨਾਲ ਕੰਪਨੀ ਵੱਲੋਂ ਸੇਵਾ ਕੇਂਦਰ 'ਚ ਕਰੀਬ 350 ਰੁਪਏ ਪ੍ਰਤੀ ਦਿਨ ਦੇ ਕਿਰਾਏ 'ਤੇ ਜਨਰੇਟਰ ਰੱਖਿਆ ਗਿਆ ਹੈ, ਜਿਸ ਵਿਚ ਰੋਜ਼ਾਨਾ 750 ਰੁਪਏ ਦਾ ਡੀਜ਼ਲ ਖਰਚ ਹੋ ਰਿਹਾ ਹੈ । ਇਸ ਸਬੰਧੀ ਜਦੋਂ ਸੇਵਾ ਕੇਂਦਰ ਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਿੱਲ ਉਤਾਰਨ ਲਈ ਡੀ. ਜੀ. ਆਰ. ਨੂੰ ਪੱਤਰ ਲਿਖਿਆ ਗਿਆ ਹੈ ।
4 ਦਿਨ ਤੱਕ ਬੰਦ ਰਿਹਾ ਸੇਵਾ ਕੇਂਦਰ, ਕੰਪਨੀ ਨੂੰ ਹੋਇਆ 1 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ
ਜਾਣਕਾਰੀ ਅਨੁਸਾਰ ਸੇਵਾ ਕੇਂਦਰ ਦੀ ਕਰੀਬ 25 ਹਜ਼ਾਰ ਰੁਪਏ ਦੀ ਕੁਲੈਕਸ਼ਨ ਵੱਖ-ਵੱਖ ਸੇਵਾਵਾਂ ਦੀ ਫੀਸ ਦੇ ਰੂਪ 'ਚ ਹੁੰਦੀ ਹੈ । 4-5 ਦਿਨ ਤਕ ਪ੍ਰਭਾਵਿਤ ਹੋਏ ਕੰਮ ਕਾਰਨ ਕੰਪਨੀ ਨੂੰ ਜਿਥੇ ਕਰੀਬ 1 ਲੱਖ ਰੁਪਏ ਦੀ ਹਾਸਲ ਹੋਣ ਵਾਲੀ ਫੀਸ ਤੋਂ ਘਾਟਾ ਹੋਇਆ ਹੈ, ਉਥੇ ਹੀ ਸੇਵਾ ਕੇਂਦਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ ਵੀ ਮੁਫਤ 'ਚ ਸਿਰ ਪਈ ।
ਲੋਕਾਂ ਨੇ ਸਰਕਾਰ ਤੋਂ ਮਾਮਲੇ ਦਾ ਛੇਤੀ ਹੱਲ ਕਰਨ ਦੀ ਮੰਗ ਕੀਤੀ
ਸੇਵਾ ਕੇਂਦਰ 'ਤੇ ਵੱਖ-ਵੱਖ ਸੇਵਾਵਾਂ ਹਾਸਲ ਕਰਨ ਆਏ ਲੋਕਾਂ ਨੇ ਕਿਹਾ ਕਿ ਚਾਹੇ ਕੰਪਨੀ ਵੱਲੋਂ ਅਸਥਾਈ ਤੌਰ 'ਤੇ ਜਨਰੇਟਰ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਹ ਸਥਾਈ ਹੱਲ ਨਹੀਂ ਹੈ । ਉਨ੍ਹਾਂ ਕਿਹਾ ਕਿ ਸਰਕਾਰ ਤੇ ਕੰਪਨੀ ਨੂੰ ਇਸ ਮਾਮਲੇ ਦਾ ਛੇਤੀ ਹੱਲ ਕੱਢ ਕੇ ਬਿਜਲੀ ਕੁਨੈਕਸ਼ਨ ਛੇਤੀ ਬਹਾਲ ਕਰਨਾ ਚਾਹੀਦਾ ਹੈ ।