ਪੇਂਡੂ ਡਾਕ ਸੇਵਕਾਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

08/19/2017 7:12:10 AM

ਜਲੰਧਰ, (ਪੁਨੀਤ)- ਪੇਂਡੂ ਡਾਕ ਸੇਵਕਾਂ ਨੇ ਮੁੱਖ ਡਾਕਘਰ ਦੇ ਬਾਹਰ ਕੇਂਦਰ ਸਰਕਾਰ ਦਾ ਪੁਤਲਾ ਫੂਕਦੇ ਹੋਏ ਦੋ ਟੁਕ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਹੜਤਾਲ ਜਾਰੀ ਰਹੇਗੀ। ਤੀਜੇ ਦਿਨ ਵਿਚ ਪ੍ਰਵੇਸ਼ ਹੋਈ ਪੇਂਡੂ ਡਾਕ ਸੇਵਕਾਂ ਦੀ ਹੜਤਾਲ ਕਾਰਨ ਦਿਹਾਤੀ ਇਲਾਕੇ ਵਿਚ ਜਨਤਾ ਨੂੰ ਕਾਫੀ ਪ੍ਰੇਸ਼ਾਨੀਆਂ ਉਠਾਉਣੀ ਪੈ ਰਹੀਆਂ ਹਨ, ਕਿਉਂਕਿ ਡਾਕ ਉਨ੍ਹਾਂ ਤਕ ਪੁੱਜ ਨਹੀਂ ਰਹੀ।
ਪੇਂਡੂ ਡਾਕ ਸੇਵਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਬਰਾਬਰ ਕੰਮ ਕਰਨ ਵਾਲੇ ਡਾਕ ਵਿਭਾਗ ਦੇ ਪੱਕੇ ਕਰਮਚਾਰੀਆਂ ਨੂੰ 40 ਤੋਂ 80 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ ਜਦਕਿ ਇਸ ਦੇ ਉਲਟ ਉਨ੍ਹਾਂ ਨੂੰ ਕੇਵਲ 5 ਤੋਂ 12 ਹਜ਼ਾਰ ਦੀ ਤਨਖਾਹ ਦਿੱਤੀ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਨਖਾਹ ਘੱਟੋ-ਘੱਟ 18 ਹਜ਼ਾਰ ਰੁਪਏ ਕੀਤੀ ਜਾਵੇ ਤੇ 10 ਸਾਲਾਂ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੱਕਾ ਕਰਕੇ ਉਨ੍ਹਾਂ ਨੂੰ ਡਾਕ ਵਿਭਾਗ ਦੀ ਤਰ੍ਹਾਂ ਤਨਖਾਹ ਤੇ ਹੋਰ ਸੁਵਿਧਾਵਾਂ ਦੇ ਨਾਲ-ਨਾਲ ਪਰਿਵਾਰ ਦਾ ਮੈਡੀਕਲ ਖਰਚਾ ਦਿੱਤਾ ਜਾਵੇ।
ਕਰਮਚਾਰੀਆਂ ਨੇ ਕਿਹਾ ਕਿ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿਚ ਆਉਣ ਵਾਲੀ ਭਾਜਪਾ ਸਰਕਾਰ ਰਾਜ ਵਿਚ ਕਰਮਚਾਰੀਆਂ ਨੂੰ ਲਾਭ ਨਹੀਂ ਮਿਲ ਰਿਹਾ। 
ਬੁਲਾਰਿਆਂ ਨੇ ਕਿਹਾ ਕਿ ਦੇਸ਼ ਭਰ ਵਿਚ 3 ਲੱਖ ਤੋਂ ਵੱਧ ਪੇਂਡੂ ਡਾਕ ਸੇਵਕ ਭਾਜਪਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿਚ ਸਬਕ ਸਿਖਾਉਣਗੇ। ਇਸ ਲਈ ਜੇ ਸਰਕਾਰ ਦੁਬਾਰਾ ਵੋਟਾਂ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਪੇਂਡੂ ਡਾਕ ਕਰਮਚਾਰੀਆਂ ਦੇ ਬਾਰੇ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। 


Related News