ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗੈਂਗ ਦਾ ਪਰਦਾਫਾਸ਼

Saturday, Aug 25, 2018 - 05:54 AM (IST)

ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗੈਂਗ ਦਾ ਪਰਦਾਫਾਸ਼

ਕਪੂਰਥਲਾ, (ਭੂਸ਼ਣ)- ਕਪੂਰਥਲਾ ਸ਼ਹਿਰ ਤੇ ਮਾਝਾ ਦੇ ਬਿਆਸ ਖੇਤਰ ’ਚ ਲੁੱਟ ਤੇ ਚੋਰੀ ਦੀਆਂ ਅਣਗਣਿਤ ਵਾਰਦਾਤਾਂ ਨੂੰ ਅੰਜਾਮ ਦੇ ਕੇ ਭਾਰੀ ਦਹਿਸ਼ਤ ਫੈਲਾਉਣ ਵਾਲੇ ਇਕ ਲੁਟੇਰਾ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 4 ਲੁਟੇਰਿਆਂ ਨੂੰ ਚੋਰੀ  ਦੇ ਮੋਟਰਸਾਈਕਲ ਤੇ ਭਾਰੀ ਮਾਤਰਾ ਵਿਚ ਮੋਬਾਇਲ ਫੋਨ ਸਮੇਤ ਗ੍ਰਿਫਤਾਰ ਕੀਤਾ ਹੈ।  ਸਾਰੇ ਦੋਸ਼ੀਅਾਂ   ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ.  ਸਤਿੰਦਰ ਸਿੰਘ  ਨੇ ਦੱਸਿਆ ਕਿ ਡੀ. ਐੱਸ. ਪੀ. ਸਬ ਡਵੀਜ਼ਨ ਸਰਬਜੀਤ ਸਿੰਘ  ਬਾਹਿਆ ਦੀ ਨਿਗਰਾਨੀ ਵਿਚ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸ. ਸੁਖਪਾਲ ਸਿੰਘ  ਪੁਲਸ ਟੀਮ  ਦੇ ਨਾਲ ਚੂੰਗੀ ਫੱਤੂਢੀਂਗਾ  ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਮੁਖਬਰ  ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਸੁਨੀਲ ਕੁਮਾਰ  ਉਰਫ ਸੁਰੇਸ਼ ਪੁੱਤਰ ਸੋਮਨਾਥ ਤੇ ਸਤਨਾਮ ਸਿੰਘ  ਉਰਫ ਤਾਂਬਾ ਪੁੱਤਰ ਮਲਕੀਤ ਸਿੰਘ  ਦੋਵੇਂ ਵਾਸੀ ਪਿੰਡ ਧਾਲੀਵਾਲ ਬੇਟ ਥਾਣਾ ਢਿਲਵਾਂ ਜੋ ਕਿ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ  ਦੇ ਆਦੀ ਹਨ ਤੇ ਦੋਵੇਂ ਮੁਲਜ਼ਮਾਂ ਨੇ ਕਪੂਰਥਲਾ ਸ਼ਹਿਰ ਤੇ ਆਸ-ਪਾਸ  ਦੇ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਸੋਨੇ  ਦੀਆਂ ਚੈਨੀਅਾਂ ਤੇ ਮੋਬਾਈਲ ਫੋਨ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸ ਸਮੇਂ ਨਵਾਂ ਪਿੰਡ ਭੱਠੇ ਤੋਂ ਕਪੂਰਥਲਾ ਸ਼ਹਿਰ ਵਿਚ ਆ ਰਹੇ ਹਨ। ਜਿਸ ’ਤੇ ਪੁਲਸ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।  
ਉਥੇ ਹੀ ਸਿਟੀ ਪੁਲਸ ਦੀ ਇਕ ਵਿਸ਼ੇਸ਼ ਟੀਮ ਮੋਡ਼ ਡੋਗਰਾਂਵਾਲ ’ਤੇ ਮੌਜੂਦ ਸੀ।  ਜਿਸ ਦੌਰਾਨ ਸਿਟੀ ਪੁਲਸ ਨੂੰ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ  ਉਰਫ ਕਾਕਾ ਪੁੱਤਰ ਸੁਰਜੀਤ ਸਿੰਘ ਤੇ ਲਵਜੀਤ ਸਿੰਘ  ਉਰਫ ਲਵਾ ਪੁੱਤਰ ਜਸਪਾਲ ਸਿੰਘ  ਵਾਸੀ ਪਿੰਡ ਧਾਲੀਵਾਲ ਬੇਟ ਜੋ ਕਿ ਲੰਬੇ ਸਮੇਂ ਤੋਂ ਕਪੂਰਥਲਾ ਸ਼ਹਿਰ ਤੇ ਆਸ-ਪਾਸ  ਦੇ ਖੇਤਰਾਂ ਵਿਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ, ਇਸ ਸਮੇਂ ਕਪੂਰਥਲਾ ਸ਼ਹਿਰ  ਦੇ ਵੱਲ ਆ ਰਹੇ ਹਨ, ਜਿਸ ’ਤੇ ਸਿਟੀ ਪੁਲਸ ਨੇ ਨਾਕਾਬੰਦੀ ਦੌਰਾਨ ਦੋਵੇਂ ਮੁਲਜ਼ਮਾਂ  ਨੂੰ ਗ੍ਰਿਫਤਾਰ ਕਰ ਲਿਆ ਪੁੱਛਗਿਛ ਦੌਰਾਨ ਚਾਰਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਬੁਰੀ ਸੰਗਤ ਵਿਚ ਫਸ ਕੇ ਨਸ਼ਾ ਕਰਨ  ਦੇ ਆਦੀ ਬਣ ਗਏ ਹਨ ਤੇ ਨਸ਼ੇ ਦੀ ਪੂਰਤੀ ਲਈ ਉਨ੍ਹਾਂ ਕਪੂਰਥਲਾ ਸ਼ਹਿਰ ਸਮੇਤ ਬਿਆਸ ਖੇਤਰ  ’ਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਚਾਰਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਇਕ ਮੋਟਰਸਾਈਕਲ ਨੰਬਰ ਪੀ. ਬੀ. 09 ਏ. ਸੀ. 7762 ਤੇ 7 ਮੋਬਾਇਲ ਫੋਨ ਬਰਾਮਦ ਕੀਤੇ ਹਨ।   ਚਾਰਾਂ ਮੁਲਜ਼ਮਾਂ  ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਤੋਂ ਪੁੱਛਗਿਛ ਦਾ ਦੌਰ ਤੇਜ਼ ਕਰ ਦਿੱਤਾ ਗਿਆ ਹੈ, ਪੁੱਛਗਿਛ  ਦੌਰਾਨ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਸੁਲਝਾਉਣ ਦੀ ਸੰਭਾਵਨਾ ਹੈ।  


Related News