ਪੰਜਾਬ ਕੈਬਨਿਟ ਨੇ ਚੋਟੀ ਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਰਾਹ ਕੀਤਾ ਪੱਧਰਾ

Thursday, Aug 26, 2021 - 10:38 PM (IST)

ਪੰਜਾਬ ਕੈਬਨਿਟ ਨੇ ਚੋਟੀ ਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਰਾਹ ਕੀਤਾ ਪੱਧਰਾ

ਚੰਡੀਗੜ੍ਹ (ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਲ ਹੀ ’ਚ ਹੋਈਆਂ ਟੋਕੀਓ ਓਲੰਪਿਕ ਖੇਡਾਂ ’ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਨਕਦ ਇਨਾਮ ਰਾਸ਼ੀ ਨਾਲ ਸਨਮਾਨਿਤ ਕਰਨ ਮੌਕੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਕੈਬਨਿਟ ਨੇ ਚੋਟੀ ਦੇ ਖਿਡਾਰੀਆਂ ਲਈ ਰੁਜ਼ਗਾਰ ਦਾ ਵਿਸ਼ੇਸ਼ ਪ੍ਰਬੰਧ ਕਰਨ ਲਈ ਰਾਹ ਪੱਧਰਾ ਕਰਦਿਆਂ ਵੀਰਵਾਰ ਨਿਯਮਾਂ ’ਚ ਸੋਧ ਕਰਨ ਦਾ ਫ਼ੈਸਲਾ ਕੀਤਾ। ਪੰਜਾਬ ਖਿਡਾਰੀ ਭਰਤੀ ਨਿਯਮ, 1988 ਦੇ ਨਿਯਮ 3 ’ਚ ਸੋਧ ਕਰਦਿਆਂ ਇਸ ’ਚ ਨਿਯਮ 3 ਏ ਸ਼ਾਮਲ ਕਰਨ ਨਾਲ ਓਲੰਪਿਕ ਖੇਡਾਂ, ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੇ ਨਾਲ ਵਿਸ਼ਵ ਕੱਪ ਟੂਰਨਾਮੈਂਟਾਂ ’ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਖੇਡ ਕੋਟੇ ਤਹਿਤ ਵੱਖ-ਵੱਖ ਵਿਭਾਗਾਂ ’ਚ ਭਰਤੀ ਕੀਤੇ ਜਾਣਗੇ।

ਸਰਕਾਰੀ ਬੁਲਾਰੇ ਅਨੁਸਾਰ ਨਵੇਂ ਨਿਯਮ ਨੂੰ ਸ਼ਾਮਲ ਕਰਨ ਨਾਲ ਓਲੰਪਿਕ ਖੇਡਾਂ, ਚਾਰ ਸਾਲਾਂ ਬਾਅਦ ਹੋਣ ਵਾਲੇ ਕੌਮਾਂਤਰੀ ਮੁਕਾਬਲਿਆਂ ਵਿਸ਼ਵ ਕੱਪ/ਚੈਂਪੀਅਨਸ਼ਿਪਸ (ਫੀਫਾ ਵਿਸ਼ਵ ਕੱਪ ਫੁਟਬਾਲ, ਆਈ. ਏ. ਏ. ਐੱਫ. ਵਿਸ਼ਵ ਕੱਪ ਐਥਲੈਟਿਕਸ, ਫੀਬਾ ਬਾਸਕਟਬਾਲ ਵਿਸ਼ਵ ਕੱਪ, ਵਾਲੀਬਾਲ ਵਿਸ਼ਵ ਕੱਪ ਤੇ ਹਾਕੀ ਵਿਸ਼ਵ ਕੱਪ), ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ’ਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਟੇਟ ਸਿਵਲ ਸਰਵਿਸਿਜ਼ ਅਤੇ ਸੂਬੇ ਦੇ ਮਾਮਲਿਆਂ ਨਾਲ ਸਬੰਧਤ ਅਸਾਮੀਆਂ ਵਿਰੁੱਧ ਨਿਯੁਕਤੀਆਂ ਦਿੱਤੀਆਂ ਜਾਣਗੀਆਂ। ਕੈਬਨਿਟ ਨੇ ਹੋਰ ਵਰਗਾਂ ਦੇ ਖਿਡਾਰੀਆਂ ਨੂੰ ਸ਼ਾਮਲ ਕਰਨ ਲਈ ਮੁੱਖ ਮੰਤਰੀ ਨੂੰ ਨੀਤੀ ’ਚ ਕੋਈ ਵੀ ਤਬਦੀਲੀ ਕਰਨ ਲਈ ਅਧਿਕਾਰਤ ਕੀਤਾ। ਇਸ ਫ਼ੈਸਲੇ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ’ਚ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰਨਾ ਹੈ।


author

Manoj

Content Editor

Related News