ਪਿੰਡ ਬਜੀਦਪੁਰ ਨਸ਼ਾ ਮਾਮਲਾ : ਨਸ਼ਾ ਵੇਚਣ ਵਾਲਿਆਂ ਨੇ ਦਿੱਤੀ ਧਮਕੀ, ਲੋਕਾਂ ਨੇ ਫਿਰੋਜ਼ਪੁਰ-ਮੋਗਾ ਰੋਡ ਕੀਤਾ ਜਾਮ

Monday, Nov 08, 2021 - 11:20 PM (IST)

ਪਿੰਡ ਬਜੀਦਪੁਰ ਨਸ਼ਾ ਮਾਮਲਾ : ਨਸ਼ਾ ਵੇਚਣ ਵਾਲਿਆਂ ਨੇ ਦਿੱਤੀ ਧਮਕੀ, ਲੋਕਾਂ ਨੇ ਫਿਰੋਜ਼ਪੁਰ-ਮੋਗਾ ਰੋਡ ਕੀਤਾ ਜਾਮ

ਫਿਰੋਜ਼ਪੁਰ(ਕੁਮਾਰ,ਹਰਚਰਨ ਸਿੰਘ,ਬਿੱਟੂ)- ਫਿਰੋਜ਼ਪੁਰ ਦੇ ਇਤਿਹਾਸਕ ਪਿੰਡ ਬਜੀਦਪੁਰ ਵਿਖੇ ਪਾਸਟਰ ਜੈਪਾਲ ਵੱਲੋਂ ਕੁਝ ਵਿਅਕਤੀਆਂ 'ਤੇ ਚਿੱਟੇ ਦਾ ਨਸ਼ਾ ਵੇਚਣ ਅਤੇ ਨਾਜਾਇਜ਼ ਹਥਿਆਰ ਰੱਖਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਗ੍ਰਹਿ ਮੰਤਰਾਲੇ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖ਼ਤ ਨੋਟਿਸ ਲਿਆ ਹੈ। 
ਉਪ ਮੁੱਖ ਮੰਤਰੀ ਵੱਲੋਂ ਐੱਸ.ਐੱਸ.ਪੀਜ਼ ਨੂੰ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੀ ਜਾਇਦਾਦ ਅਟੈਚ ਕਰਨ ਲਈ ਕਾਨੂੰਨ ਅਨੁਸਾਰ ਕਾਰਵਾਈ ਆਰੰਭੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਠੋਸ ਕਾਰਵਾਈ ਨਾ ਕਰਨ ਵਾਲੇ ਪੁਲਸ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਆਰੰਭਣ ਲਈ ਵੀ ਕਿਹਾ ਹੈ, ਅਤੇ ਇਹ ਸਾਰੀ ਕਾਰਵਾਈ ਕਰ ਕੇ ਤਿੰਨ ਦਿਨਾਂ ਦੇ ਅੰਦਰ ਰਿਪੋਰਟ ਦੇਣ ਲਈ ਆਖਿਆ ਗਿਆ ਹੈ।

PunjabKesari

ਸੁਖਜਿੰਦਰ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਆਖਿਆ ਕਿ ਨਸ਼ਿਆਂ ਦੇ ਮਾਮਲੇ ਵਿੱਚ ਕਾਰਵਾਈ ਕਰਨ ਵਿੱਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੋਤਾਹੀ ਕਰਨ ਵਾਲੇ ਪੁਲਸ ਅਧਿਕਾਰੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ। ਨਸ਼ਾ ਵੇਚਣ ਵਾਲਿਆਂ ਦੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਜ਼ਿਲ੍ਹਾ ਪੁਲਸ ਮੁਖੀਆਂ ਦੀ ਮੀਟਿੰਗ ਵਿੱਚ ਸਖਤ ਹਦਾਇਤਾਂ ਜਾਰੀ ਕਰਦਿਆਂ ਨਸ਼ਿਆਂ ਦੇ ਮਾਮਲੇ ਵਿੱਚ ਜ਼ੀਰੋ ਟਾਲਰੈਂਸ ਅਪਣਾਉਣ ਲਈ ਕਿਹਾ ਗਿਆ ਸੀ।

ਪ੍ਰਮੁੱਖ ਸਕੱਤਰ ਗ੍ਰਹਿ ਵੱਲੋਂ ਦੋਵੇਂ ਐਸ.ਐਸ.ਪੀਜ਼ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਕੇਸਾਂ ਵਿੱਚ ਨਿੱਜੀ ਤੌਰ 'ਤੇ ਧਿਆਨ ਦੇਣ ਅਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨ। ਇਸ ਤੋਂ ਇਲਾਵਾ ਜਿਨ੍ਹਾਂ ਪੁਲਸ ਅਧਿਕਾਰੀਆਂ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ, ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦਾ ਕੇਸ ਤਿਆਰ ਕਰ ਕੇ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਤਿੰਨ ਦਿਨਾਂ ਦੇ ਅੰਦਰ-ਅੰਦਰ ਕੀਤੀ ਜਾਵੇ।


author

Bharat Thapa

Content Editor

Related News