ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਦੀ ਹੋਈ ਪਛਾਣ, ਜਾਣੋ ਕੌਣ ਹੈ ਤੇ ਕਿੱਥੋਂ ਦਾ ਹੈ ਰਹਿਣ ਵਾਲਾ

Monday, May 29, 2023 - 05:05 AM (IST)

ਰੋਮ (ਦਲਵੀਰ ਕੈਂਥ) : ਬੀਤੇ ਦਿਨ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਘੁੰਮ ਰਹੀ ਹੈ, ਜਿਸ ਵਿੱਚ ਇਕ ਵਿਅਕਤੀ ਵੱਲੋਂ ਕਿਸੇ ਰੰਜਿਸ਼ ਜਾਂ ਧੱਕੇਸ਼ਾਹੀ ਦੇ ਮੱਦੇਨਜ਼ਰ ਗੁਰਬਾਣੀ ਦੀ ਬੇਅਦਬੀ ਕੀਤੀ ਗਈ ਤੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜਿਆ ਗਿਆ। ਇਸ ਦੋਸ਼ੀ ਨੇ ਸਿਰ 'ਤੇ ਪੱਗ ਵਾਂਗ ਕੱਪੜਾ ਬੰਨ੍ਹਿਆ ਹੋਇਆ ਹੈ, ਜਿਸ ਦੀ ਪਛਾਣ ਹਰਮਿੰਦਰ ਸਿੰਘ ਵਾਸੀ ਬਦੂਸ਼ੀ ਕਲਾਂ (ਫਤਿਹਗੜ੍ਹ ਸਾਹਿਬ, ਪੰਜਾਬ) ਵਜੋਂ ਹੋਈ ਹੈ। ਫੇਸਬੁੱਕ ਨੇ ਕਥਿਤ ਦੋਸ਼ੀ ਦੀ ਪਛਾਣ ਕਰਨ ਵਿੱਚ ਕਾਫ਼ੀ ਮਦਦ ਕੀਤੀ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਥਿਤ ਦੋਸ਼ੀ ਹਰਮਿੰਦਰ ਸਿੰਘ ਮਰਹੂਮ ਦਵਿੰਦਰ ਸਿੰਘ ਪੱਪੀ ਦਾ ਭਤੀਜਾ ਹੈ, ਜਿਹੜਾ ਕਿ ਖਾੜਕੂ ਲਹਿਰ ਵਿੱਚ ਬਹੁਤ ਸਰਗਰਮ ਸੀ।

ਇਹ ਵੀ ਪੜ੍ਹੋ : ਅਜਬ-ਗਜ਼ਬ : 2000 ਸਾਲ ਪੁਰਾਣੀ ਡਰਾਉਣੀ ਮਮੀ ਦੀਆਂ ਨਾੜੀਆਂ ’ਚ ਖੂਨ!, ਵਿਗਿਆਨੀ ਵੀ ਹੈਰਾਨ

ਇਸ ਨਿੰਦਣਯੋਗ ਘਟਨਾ ਦਾ ਇਟਲੀ ਨਾਲ ਸਬੰਧ ਹੋਣਾ ਜਿੱਥੇ ਇਟਲੀ ਦੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਜ਼ਖ਼ਮੀ ਕਰਦਾ ਹੈ, ਉੱਥੇ ਸਿੱਖ ਜਥੇਬੰਦੀਆਂ ਨੂੰ ਗੁਰੂ ਸਾਹਿਬ ਦੀ ਹਿਫਾਜ਼ਤ ਪ੍ਰਤੀ ਤਿਆਰ-ਬਰ-ਤਿਆਰ ਹੋਣ ਦਾ ਸੱਦਾ ਵੀ ਦਿੰਦਾ ਹੈ। ਬੇਸ਼ੱਕ ਇਟਲੀ 'ਚ ਕਈ ਨਾਮੀ ਸਿੱਖ ਜਥੇਬੰਦੀਆਂ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀਆਂ ਹਨ ਪਰ ਇਸ ਮਾਮਲੇ ਪ੍ਰਤੀ ਸਿਰਫ਼ 1-2 ਜਥੇਬੰਦੀਆਂ ਨੇ ਹੀ ਆਵਾਜ਼ ਬੁਲੰਦ ਕੀਤੀ ਹੈ, ਬਾਕੀ ਉਂਝ ਆਪਣੇ-ਆਪ ਨੂੰ ਜਿੰਨੀਆਂ ਮਰਜ਼ੀ ਸਿਰਮੌਰ ਸੰਸਥਾਵਾਂ ਦੱਸੀ ਜਾਣ, ਗੁਰੂ ਸਾਹਿਬ ਦੀ ਬੇਅਦਬੀ ਸਬੰਧੀ ਇਨ੍ਹਾਂ ਦਾ ਚੁੱਪ ਰਹਿਣਾ ਸਿੱਖ ਸੰਗਤ ਦੇ ਦਿਲ ਵਿੱਚ ਅਨੇਕਾਂ ਸਵਾਲ ਖੜ੍ਹੇ ਕਰਦਾ ਹੈ।

ਇਹ ਵੀ ਪੜ੍ਹੋ : 'ਆਨਰ ਕਿਲਿੰਗ': ਪਾਕਿਸਤਾਨ ਦੇ ਪੰਜਾਬ ਸੂਬੇ 'ਚ ਝੂਠੀ ਸ਼ਾਨ ਖਾਤਿਰ ਲੜਕੀ ਨੂੰ ਜ਼ਿੰਦਾ ਜਲਾਇਆ, ਹਸਪਤਾਲ 'ਚ ਮੌਤ

ਇਟਲੀ ਦੀ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਜਿਹੜੇ ਕਿ ਪਿਛਲੇ 2 ਦਿਨਾਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਨੇ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਇਸ ਮੰਦਭਾਗੀ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਪਿਛਲੇ ਕੁਝ ਦਿਨਾਂ ਦਾ ਹੈ ਪਰ ਦੋਸ਼ੀ ਨੇ ਗੁਟਕਾ ਸਾਹਿਬ ਦੀ ਬੇਅਦਬੀ ਕਿੱਥੇ ਕੀਤੀ, ਇਹ ਅਜੇ ਜਾਂਚ ਅਧੀਨ ਹੈ। ਬੇਅਦਬੀ ਦੇ ਮੱਦੇਨਜ਼ਰ ਇਟਾਲੀਅਨ ਪੁਲਸ ਵੀ ਕਾਰਵਾਈ ਕਰ ਰਹੀ ਹੈ ਪਰ ਦੋਸ਼ੀ ਇਟਲੀ ਤੋਂ ਬਾਹਰ ਹੋਣ ਕਾਰਨ ਅਜੇ ਫੜਿਆ ਨਹੀਂ ਗਿਆ। ਹੋ ਸਕਦਾ ਹੈ ਕਿ ਦੋਸ਼ੀ ਭਾਰਤ ਹੋਵੇ ਪਰ ਇਸ ਸਬੰਧੀ ਅਜੇ ਕਾਰਵਾਈ ਚੱਲ ਰਹੀ ਹੈ, ਜਲਦ ਹੀ ਇਸ ਦੇ ਸਾਰਥਿਕ ਨਤੀਜੇ ਆ ਸਕਦੇ ਹਨ।

ਇਹ ਵੀ ਪੜ੍ਹੋ : ਕਰਨਾਟਕ 'ਚ ਭਿਆਨਕ ਸੜਕ ਹਾਦਸਾ, ਕਾਰ ਤੇ ਟਰੱਕ ਦੀ ਟੱਕਰ 'ਚ 6 ਲੋਕਾਂ ਦੀ ਮੌਤ

ਜ਼ਿਕਰਯੋਗ ਹੈ ਕਿ ਕਥਿਤ ਦੋਸ਼ੀ ਹਰਮਿੰਦਰ ਸਿੰਘ ਗੁਟਕਾ ਸਾਹਿਬ ਦੀ ਵੀਡੀਓ 'ਚ ਬੇਅਦਬੀ ਕਰਨ ਸਮੇਂ ਜਿਨ੍ਹਾਂ ਵਿਅਕਤੀਆਂ 'ਤੇ 50,000 ਯੂਰੋ ਦੀ ਠੱਗੀ ਕਰਨ ਦਾ ਇਲਜ਼ਾਮ ਲਗਾ ਰਿਹਾ ਹੈ, ਉਹ ਸਾਰੇ ਹੀ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਦੱਸੇ ਜਾ ਰਹੇ ਹਨ ਪਰ ਕੀ ਅਜਿਹੇ ਲੋਕ ਜਿਹੜੇ ਕਿ ਇਕ ਵਿਸ਼ੇਸ਼ ਮਿਸ਼ਨ ਖਾਤਿਰ ਵਿਦੇਸ਼ ਰਹਿੰਦੇ ਹਨ, ਉਹ ਅਜਿਹੀ ਕੋਈ ਲੁੱਟ ਕਰ ਸਕਦੇ ਹਨ। ਇਸ ਸਾਰੇ ਮਾਮਲੇ ਦੀ ਕੀ ਸੱਚਾਈ ਹੈ, ਇਹ ਤਾਂ ਕਥਿਤ ਦੋਸ਼ੀ ਹਰਮਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਆਦ ਹੀ ਸਪੱਸ਼ਟ ਹੋਵੇਗਾ ਪਰ ਇਸ ਮੰਦਭਾਗੀ ਘਟਨਾ ਨੇ ਇਟਲੀ ਦੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਡੂੰਘੀ ਸੱਟ ਮਾਰੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News