ਬੇਜ਼ੁਬਾਨ ਜਾਨਵਰਾਂ ''ਤੇ ਜ਼ੁਲਮ ਬਰਦਾਸ਼ਤ ਨਹੀਂ : ਸਿੰਗਲਾ
Thursday, Feb 08, 2018 - 07:51 AM (IST)

ਪਟਿਆਲਾ (ਰਾਜੇਸ਼) - ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਮ੍ਰਿਗਰਾਜ ਹਰੀਸ਼ ਸਿੰਗਲਾ ਨੇ ਕਿਹਾ ਕਿ ਕੁਝ ਅਣਪਛਾਤੇ ਲੋਕ ਆਪਣੇ ਨਿੱਜੀ ਸਵਾਰਥਾਂ ਨੂੰ ਪੂਰਾ ਕਰਨ ਲਈ ਨਿਰਦੋਸ਼ ਬੇਜ਼ੁਬਾਨ ਬਾਂਦਰਾਂ 'ਤੇ ਜ਼ੁਲਮ ਕਰ ਰਹੇ ਹਨ। ਪਿਛਲੇ 2 ਮਹੀਨੇ ਤੋਂ ਬਾਂਦਰਾਂ ਦੇ ਰੀੜ੍ਹ ਦੀ ਹੱਡੀ, ਹੱਥ ਤੇ ਪੈਰ ਟੁੱਟੇ ਹੋਣ ਦੇ ਕੇਸ ਸਾਹਮਣੇ ਆ ਰਹੇ ਸੀ। ਲਗਾਤਾਰ ਹੋ ਰਹੇ ਜ਼ੁਲਮ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਇਕ ਮਹੀਨਾ ਪਹਿਲਾਂ ਸਰਹਿੰਦ ਰੋਡ 'ਤੇ ਪਿੰਡ ਫਰੀਦਪੁਰ ਵਿਚ ਨਰਿੰਦਰ ਸਿੰਗਲਾ ਵੱਲੋਂ ਚਲਾਏ ਜਾ ਰਹੇ ਪਸ਼ੂ ਸਿਹਤ ਕੇਂਦਰ ਵਿਚ ਅਣਪਛਾਤੇ ਲੋਕ 2 ਬਾਂਦਰਾਂ ਨੂੰ ਛੱਡ ਗਏ ਸਨ, ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਟੁੱਟੀ ਹੋਈ ਸੀ, ਜਿਸ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਇਧਰ ਕਿਸੇ ਵਿਅਕਤੀ ਨੇ ਇਕ ਕਾਲੋਨੀ ਕੱਟੀ ਸੀ ਪਰ ਬਾਂਦਰਾਂ ਦੇ ਉਥੇ ਹੋਣ ਕਾਰਨ ਕੋਈ ਗਾਹਕ ਜ਼ਮੀਨ ਨਹੀਂ ਖਰੀਦ ਰਿਹਾ ਸੀ, ਇਸ ਲਈ ਕਾਲੋਨੀ ਦੇ ਮਾਲਕ ਨੇ ਕੁਝ ਪ੍ਰਾਈਵੇਟ ਮੁਲਾਜ਼ਮਾਂ ਨੂੰ ਡੰਡੇ ਤੇ ਗੁਲੇਲਾਂ ਦੇ ਕੇ ਬਾਂਦਰਾਂ ਨੂੰ ਮਾਰਨ ਲਈ ਰੱਖਿਆ ਹੋਇਆ ਹੈ। ਅੱਜ ਸਵੇਰੇ ਸ਼ਿਵ ਸੈਨਾ ਦੀ ਟੀਮ ਫਲ ਲੈ ਕੇ ਗਈ ਅਤੇ ਸਿਮਰਨ ਸਿਟੀ ਦੇ ਸਾਹਮਣੇ ਬੈਠੇ ਬਾਂਦਰਾਂ ਨੂੰ ਖਿਲਾਉਣ ਲੱਗੇ ਤਾਂ ਉਥੇ ਬੈਠਾ ਗੁਰਬਖਸ਼ ਸਿੰਘ ਡੰਡਾ ਲੈ ਕੇ ਆਇਆ ਤੇ ਬਾਂਦਰਾਂ ਦੀ ਕੁੱਟ-ਮਾਰ ਕਰਨ ਲੱਗਾ, ਉਦੋਂ ਹੀ ਗੁਰਜੀਤ ਸਿੰਘ ਨੇ ਆਪਣੀ ਗੁਲੇਲ ਨਾਲ ਬਾਂਦਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਜਦੋਂ ਸ਼ਿਵ ਸੈਨਾ ਦੀ ਟੀਮ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪੁੱਛਿਆ ਕਿ ਉਹ ਕਿਸ ਦੇ ਕਹਿਣ 'ਤੇ ਵਾਈਲਡ ਲਾਈਫ ਐਕਟ 1972 ਦਾ ਉਲੰਘਣ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਸਾਡੇ ਮਾਲਕ ਨੇ ਸਾਨੂੰ ਇਸੇ ਕੰਮ ਲਈ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਨਹੀਂ ਸਮਝਦੇ ਤਾਂ ਹਰੀਸ਼ ਸਿੰਗਲਾ ਨੇ ਇਸ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦਿੱਤੀ ਅਤੇ ਉਥੇ ਪੁਲਸ ਇੰਚਾਰਜ ਗੁਰਪਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਫੜੇ ਹੋਏ ਮੁਲਜ਼ਮਾਂ ਨੂੰ ਡਕਾਲਾ ਪੁਲਸ ਦੇ ਹਵਾਲੇ ਕਰਕੇ ਸ਼ਿਕਾਇਤ ਦਰਜ ਕਰਵਾਈ। ਹਰੀਸ਼ ਸਿੰਗਲਾ ਨੇ ਕਿਹਾ ਕਿ ਪ੍ਰਾਪਰਟੀ ਡੀਲਰਾਂ ਦੀ ਉਚ ਪਹੁੰਚ ਦੇ ਕਾਰਨ ਡਕਾਲਾ ਪੁਲਸ ਸ਼ਿਕਾਇਤ ਦਰਜ ਕਰਨ ਤੋਂ ਆਨਾ ਕਾਨੀ ਕਰ ਕੇ ਸਾਡੇ 'ਤੇ ਦਬਾਅ ਬਣਾ ਕੇ ਸਮਝੌਤਾ ਕਰਵਾਉਣਾ ਚਾਹੁੰਦੀ ਸੀ ਪਰ ਅਸੀਂ ਇਸ ਦੀ ਜਾਣਕਾਰੀ ਐੱਸ. ਐੱਸ. ਪੀ. ਪਟਿਆਲਾ ਤੇ ਡੀ. ਆਈ. ਜੀ. ਪਟਿਆਲਾ ਨੂੰ ਮਿਲ ਕੇ ਦੇ ਦਿੱਤੀ ਹੈ। ਸ਼ਿਵ ਸੈਨਾ ਕਿਸੇ ਵੀ ਕੀਮਤ 'ਤੇ ਇਨ੍ਹਾਂ ਕਾਲੋਨੀ ਮਾਲਕਾਂ ਨੂੰ ਬਾਂਦਰਾਂ 'ਤੇ ਜ਼ੁਲਮ ਨਹੀਂ ਕਰਨ ਦਵੇਗੀ। ਇਸ ਮੌਕੇ ਰਾਕੇਸ਼ ਅਟਵਾਲ, ਲਾਹੌਰੀ ਸਿੰਘ, ਅਮਰਜੀਤ ਬੰਟੀ, ਰਜਿੰਦਰ ਪਵਾਰ, ਹੈਰੀ ਸ਼ਰਮਾ, ਸੰਜੀਵ ਕੌਸ਼ਲ, ਕਰਨ ਵੋਹਰਾ ਆਦਿ ਹਾਜ਼ਰ ਸਨ।