ਮਾਨਸਾ ਪੁਲਸ ਨੇ ਡਾ. ਭਾਰਗਵ ਦੀ ਅਗਵਾਈ ’ਚ ਕੀਤੇ ਕੀਰਤੀਮਾਨ ਸਥਾਪਤ
Sunday, Jun 07, 2020 - 09:44 PM (IST)
ਮਾਨਸਾ, (ਸੰਦੀਪ ਮਿੱਤਲ)- ਮਾਨਸਾ ਪੁਲਸ ਨੇ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਇਕ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤਹਿਤ ਪੁਲਸ ਨੇ ਸਖਤੀ ਇਸਤੇਮਾਲ ਕਰਦਿਆਂ ਲੋਕਾਂ ਨੂੰ ਘਰ ਬੈਠਣ ਦੀ ਸਲਾਹ ਦੇਣ ਤੋਂ ਇਲਾਵਾ ਇਸ ਪ੍ਰਤੀ ਵਰਤੀ ਗਈ ਲਾਪਰਵਾਹੀ ’ਤੇ ਕਾਰਵਾਈ ਦੇ ਹੁਕਮ ਦਿੱਤੇ ਹਨ। ਮਾਨਸਾ ਪੁਲਸ ਦੇ ਇਸ ਕਾਰਜ ਨੂੰ ਲੈ ਕੇ ਚਹੁੰ ਪਾਸਿਓਂ ਵਡਿਆਈ ਹੋ ਰਹੀ ਹੈ। ਹਾਲੇ ਤੱਕ ਮਾਨਸਾ ’ਚ ਸਿਰਫ 35 ਕੋਰੋਨਾ ਪਾਜ਼ੀਟਿਵ ਮਾਮਲੇ ਹੀ ਸਾਹਮਣੇ ਆ ਸਕੇ, ਜਦਕਿ ਪੁਲਸ ਦੀ ਜਾਗਰੂਕਤਾ ਮੁਹਿੰਮ ਕਾਰਨ ਇਸ ਨੂੰ ਵੱਡੇ ਪੱਧਰ ’ਤੇ ਫੈਲਣ ਤੋਂ ਰੋਕ ਲਿਆ ਗਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਦੇ ਮਿਲੇ ਨਿਰਦੇਸ਼ਾਂ ਤਹਿਤ ਮਾਨਸਾ ਪੁਲਸ ਦੇ ਮੁਖੀ ਡਾ. ਨਰਿੰਦਰ ਭਾਰਗਵ ਨੇ ਕੋਰੋਨਾ ਖਿਲਾਫ ਲੜਾਈ ਨੂੰ ਆਪਣੀ ਅਤੇ ਆਪਣੇ ਲੋਕਾਂ ਦੀ ਇਫਾਜਤ ਦੀ ਨਿੱਜੀ ਲੜਾਈ ਬਣਾਇਆ ਹੋਇਆ ਹੈ। ਪੁਲਸ ਦੇ ਜਾਗਰੂਕ ਬੋਰਡ, ਬੈਨਰ ਅਤੇ ਡਿਊਟੀ ਦੇ ਰਹੇ ਮੁਲਾਜ਼ਮ ਹਰ ਥਾਂ ਖੜ੍ਹੇ ਨਜ਼ਰ ਆਉਣਗੇ। ਮਾਨਸਾ ਦੇ ਐੱਸ. ਐੱਸ. ਪੀ. ਡਾ. ਨਰਿੰਦਰ ਭਾਰਗਵ ਦਾ ਹੋਕਾ ਹੈ ਕਿ ਅਸੀਂ ਕੋਰੋਨਾ ਨੂੰ ਭਜਾ ਦੇਵਾਂਗੇ ਅਤੇ ਕੋਰੋਨਾ ਸਾਡਾ ਜਾਨੀ ਨੁਕਸਾਨ ਨਹੀਂ ਕਰ ਸਕੇਗਾ। ਐੱਸ. ਐੱਸ. ਪੀ. ਭਾਰਗਵ ਨੇ ਦੱਸਿਆ ਕਿ ਉਨ੍ਹਾਂ ਦੀ ਨਿੱਜੀ ਦਿਲਚਸਪੀ ਹੈ ਕਿ ਕੋਰੋਨਾ ਨੂੰ ਮਾਨਸਾ ਜ਼ਿਲੇ ਅੰਦਰ ਕਿਸੇ ਤਰ੍ਹਾਂ ਨਾਲ ਪੈਰ ਨਾ ਪਸਾਰਨ ਦਿੱਤਾ ਜਾਵੇ ਅਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਹਰ ਥਾਂ ਨਰਮੀ ਅਤੇ ਸਖਤੀ ਨਾਲ ਲਾਗੂ ਕੀਤੀਆਂ ਜਾਣ ਤਾਂ ਜੋ ਲੋਕ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ। ਮਾਨਸਾ ਪੁਲਸ ਨੇ ਡਾ. ਭਾਰਗਵ ਦੀ ਅਗਵਾਈ ’ਚ ਕਈ ਕਿਰਤੀਮਾਨ ਸਥਾਪਤ ਕੀਤੇ ਹਨ। ਮਾਨਸਾ ਪੁਲਸ ਪੰਜਾਬ ਸਰਕਾਰ ਦੀ ਕਾਰਜ ਸੂਚੀ ’ਚ ਪ੍ਰਥਮ ਆਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਸਕ ਨਾ ਪਹਿਨਣ ਲਈ ਚਲਾਨ ਕੱਟਣਾ ਪੁਲਸ ਦਾ ਕੋਈ ਟਾਰਗੇਟ ਨਹੀਂ ਬਲਕਿ ਕੋਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਕਿਸੇ ਤਰ੍ਹਾਂ ਦੀ ਉਹ ਲਾਪਰਵਾਹੀ ਨਾ ਵਰਤਣ। ਇਸ ਪ੍ਰਤੀ ਚੁਕੰਨਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਸ ਦੀਆਂ ਟੁਕੜੀਆਂ ਬਣਾ ਕੇ ਉਨ੍ਹਾਂ ਨੂੰ ਵਿਸ਼ੇਸ਼ ਡਿਊਟੀਆਂ ਸੌਪੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਦੇਣ।