ਪੁਲਸ ਹੈਲਪ ਲਾਈਨ ’ਤੇ ਟਾਈਮ ਬੰਬ ਦੀ ਸੂਚਨਾ ਤੋਂ ਬਾਅਦ ਕਮਿਸ਼ਨਰੇਟ ਪੁਲਸ ’ਚ ਮਚਿਆ ਹਡ਼ਕੰਪ

06/12/2019 5:36:59 AM

ਅੰਮ੍ਰਿਤਸਰ, (ਸੰਜੀਵ)- ਪੁਲਸ ਹੈਲਪ ਲਾਈਨ ’ਤੇ ਟਾਈਮ ਬੰਬ ਦੀ ਸੂਚਨਾ ਤੋਂ ਬਾਅਦ ਜਿਥੇ ਕਮਿਸ਼ਨਰੇਟ ਪੁਲਸ ’ਚ ਹਡ਼ਕੰਪ ਮਚ ਗਿਆ, ਉਥੇ ਹੀ ਸ਼ਹਿਰ ’ਚ ਰੈੱਡ ਅਲਰਟ ਜਾਰੀ ਕਰ ਕੇ ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਦੀਆਂ ਟੀਮਾਂ ਨੇ ਸ਼ਹਿਰ ਦੇ ਚੱਪੇ-ਚੱਪੇ ਨੂੰ ਖੰਗਾਲਿਆ। ਪੁਲਸ ਦੀਆਂ ਵੱਖ-ਵੱਖ ਟੀਮਾਂ ਇਕ ਪਾਸੇ ਸੰਵੇਦਸ਼ਨਸ਼ੀਲ ਸਥਾਨਾਂ ’ਤੇ ਰੱਖੇ ਗਏ ਹਰੇ ਡੱਬਿਆਂ ਦੀ ਜਾਂਚ ਕਰ ਰਹੀਆਂ ਸਨ, ਉਥੇ ਹੀ ਦੂਜੇ ਪਾਸੇ ਸ਼ਹਿਰ ਦਾ ਸਾਈਬਰ ਕ੍ਰਾਈਮ ਸੈੱਲ ਕੰਟਰੋਲ ਰੂਮ ’ਤੇ ਆਏ ਮੋਬਾਇਲ ਦੀ ਲੋਕੇਸ਼ਨ ਨੂੰ ਟ੍ਰੇਸ ਕਰ ਰਿਹਾ ਸੀ। ਕਈ ਘੰਟਿਆਂ ਤੋਂ ਬਾਅਦ ਪੁਲਸ ਨੂੰ ਗੁੰਮਰਾਹ ਕਰਨ ਵਾਲੇ 16 ਸਾਲਾ ਗੁਰਸਾਹਿਬ ਸਿੰਘ ਦਾ ਪਤਾ ਲੱਗਾ, ਜਿਸ ਨੂੰ ਪੁਲਸ ਨੇ ਉਸ ਦੇ ਪਿੰਡ ਮਾਨੋਚਾਹਲ ਤੋਂ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਬਾਅਦ ਬੱਚੇ ਨੇ ਇਹ ਮੰਨਿਆ ਕਿ ਉਸ ਨੇ ਟਾਈਮ ਬੰਬ ਦੀ ਝੂਠੀ ਸੂਚਨਾ ਪੁਲਸ ਨੂੰ ਦਿੱਤੀ ਸੀ ਅਤੇ ਇਹ ਫੋਨ ਉਸ ਨੇ ਆਪਣੀ ਮਾਂ ਦੇ ਮੋਬਾਇਲ ਤੋਂ ਕੀਤਾ ਸੀ। ਟਾਈਮ ਬੰਬ ਦਾ ਇਹ ਸਰਚ ਆਪ੍ਰੇਸ਼ਨ ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਦੀ ਪ੍ਰਧਾਨਗੀ ’ਚ ਚੱਲ ਰਿਹਾ ਸੀ, ਜੋ ਇਕ ਪਾਸੇ ਪੁਲਸ ਅਤੇ ਬੰਬ ਨਿਰੋਧਕ ਦਸਤਿਆਂ ਨੂੰ ਨਿਰਦੇਸ਼ ਦੇ ਰਹੇ ਸਨ, ਉਥੇ ਹੀ ਦੂਜੇ ਪਾਸੇ ਉਹ ਸਾਈਬਰ ਸੈੱਲ ਦੇ ਸੰਪਰਕ ਵਿਚ ਸਨ ਤਾਂ ਕਿ ਫੋਨ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਨੂੰ ਸੁਲਝਾਇਆ ਜਾ ਸਕੇ।

ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨੇ ਖੰਗਾਲਿਆ ਚੱਪਾ-ਚੱਪਾPunjabKesari

ਥਾਣਾ ਸੀ-ਡਵੀਜ਼ਨ ਦੇ ਕੰਟਰੋਲ ਰੂਮ ’ਚ ਸ਼ਹਿਰ ਵਿਚ ਪਲਾਂਟ ਕੀਤੇ ਗਏ ਟਾਈਮ ਬੰਬ ਦੀ ਸੂਚਨਾ ਤੋਂ ਬਾਅਦ ਜ਼ਿਲਾ ਪੁਲਸ ਪੂਰੀ ਹਰਕਤ ਵਿਚ ਆ ਗਈ। ਸ਼ਹਿਰ ਦੇ ਚੱਪੇ-ਚੱਪੇ ’ਤੇ ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤਿਆਂ ਨੂੰ ਰਵਾਨਾ ਕੀਤਾ ਗਿਆ। ਡਾਗ ਸਕੁਐਡ ਦੀਆਂ ਟੀਮਾਂ ਨੇ ਕੂਡ਼ੇ ਨਾਲ ਭਰੇ ਡਰੰਮਾਂ ਦੇ ਨਾਲ-ਨਾਲ ਬਾਜ਼ਾਰ ’ਚ ਪਏ ਕੂਡ਼ੇ ਨੂੰ ਵੀ ਚੰਗੀ ਤਰ੍ਹਾਂ ਖੰਗਾਲਿਆ ਕਿਉਂਕਿ ਸੂਚਨਾ ਦੇਣ ਵਾਲੇ ਦਾ ਇਹ ਕਹਿਣਾ ਸੀ ਕਿ ਟਾਈਮ ਬੰਬ ਕੂਡ਼ੇ ਦੇ ਢੇਰ ਵਿਚ ਪਲਾਂਟ ਕੀਤਾ ਗਿਆ ਹੈ। ਕਈ ਘੰਟਿਆਂ ਦੀ ਸਖਤ ਮੁਸ਼ੱਕਤ ਤੋਂ ਬਾਅਦ ਜ਼ਿਲਾ ਪੁਲਸ ਨੂੰ ਗੁੰਮਰਾਹ ਕਰਨ ਵਾਲੇ ਗੁਰਸਾਹਿਬ ਸਿੰਘ ਵਾਸੀ ਮਾਨੋਚਾਹਲ ਦੀ ਨਿਸ਼ਾਨਦੇਹੀ ਕਰ ਲਈ ਗਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ।

ਨੌਜਵਾਨ ਨੇ ਪੰਜਾਬ ਪੁਲਸ ਦੀ ਹੈਲਪ ਲਾਈਨ ਨੰਬਰ 112 ’ਤੇ ਫੋਨ ਕਰ ਕੇ ਸੂਚਨਾ ਦਿੱਤੀ ਸੀ ਕਿ ਕੂੜੇ ’ਚ ਇਕ ਹਰੇ ਰੰਗ ਦੇ ਡੱਬੇ ’ਚ ਟਾਈਮ ਬੰਬ ਰੱਖਿਆ ਗਿਆ ਹੈ। ਡਿਊਟੀ ਅਧਿਕਾਰੀ ਵੱਲੋਂ ਨਾਂ ਪੁੱਛੇ ਜਾਣ ’ਤੇ ਨੌਜਵਾਨ ਨੇ ਫੋਨ ਨੂੰ ਕੱਟ ਦਿੱਤਾ। ਬਿਨਾਂ ਕੋਈ ਜੋਖਮ ਚੁੱਕੇ ਕੰਟਰੋਲ ਰੂਮ ’ਚ ਤਾਇਨਾਤ ਪੁਲਸ ਕਰਮਚਾਰੀ ਨੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਤੱਕ ਪਹੁੰਚਾਈ, ਜਿਸ ਤੋਂ ਬਾਅਦ ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਦੀ ਪ੍ਰਧਾਨਗੀ ’ਚ ਆਪ੍ਰੇਸ਼ਨ ਸਰਚ ਸ਼ੁਰੂ ਕਰ ਦਿੱਤਾ ਗਿਆ। ਕਈ ਘੰਟਿਆਂ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਨੌਜਵਾਨ ਨੇ ਪੁਲਸ ਨੂੰ ਗੁੰਮਰਾਹ ਕੀਤਾ ਸੀ, ਜਿਸ ਨੂੰ ਪੁਲਸ ਨੇ ਫਡ਼ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

ਮੁਲਜ਼ਮ ਵਿਰੁੱਧ ਹੋਵੇਗੀ ਸਖਤ ਕਾਰਵਾਈ : ਏ. ਡੀ. ਸੀ. ਪੀ.

ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਝੂਠੀ ਅਫਵਾਹ ਫੈਲਾਉਣ ਅਤੇ ਪਬਲਿਕ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਵਿਰੁੱਧ ਪੁਲਸ ਸਖ਼ਤ ਕਾਨੂੰਨੀ ਕਾਰਵਾਈ ਕਰਦੀ ਹੈ। ਇਸੇ ਤਰ੍ਹਾਂ ਪੁਲਸ ਨੂੰ ਗੁੰਮਰਾਹ ਕਰਨ ਵਾਲੇ ਗੁਰਸਾਹਿਬ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਵਿਰੁੱਧ ਵੀ ਥਾਣਾ ਸੀ-ਡਵੀਜ਼ਨ ’ਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ’ਚ ਇਸ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਕਾਰਨ ਕਈ ਵਾਰ ਵੱਡਾ ਨੁਕਸਾਨ ਵੀ ਹੋ ਸਕਦਾ ਹੈ, ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਸ ਨੂੰ ਠੀਕ ਸੂਚਨਾ ਉਪਲਬਧ ਕਰਵਾਈ ਜਾਵੇ ਤਾਂ ਕਿ ਉਹ ਕਿਸੇ ਵੀ ਨਾਪਸੰਦ ਘਟਨਾ ਤੋਂ ਪਹਿਲਾਂ ਉਸ ’ਤੇ ਕਾਬੂ ਪਾ ਸਕਣ।


Bharat Thapa

Content Editor

Related News