ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ’ਚ ਮਚੀ ਹਾਹਾਕਾਰ, ਤੀਸਰੇ ਦਿਨ ਵੀ OPD ’ਚ ਸਿਹਤ ਸੇਵਾਵਾਂ ਠੱਪ

Sunday, Aug 18, 2024 - 01:55 PM (IST)

ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ’ਚ ਮਚੀ ਹਾਹਾਕਾਰ, ਤੀਸਰੇ ਦਿਨ ਵੀ OPD ’ਚ ਸਿਹਤ ਸੇਵਾਵਾਂ ਠੱਪ

ਅੰਮ੍ਰਿਤਸਰ (ਦਲਜੀਤ)-ਜ਼ਿਲ੍ਹੇ ’ਚ ਤੀਸਰੇ ਦਿਨ ਲਗਾਤਾਰ ਮਰੀਜ਼ਾਂ ਨੂੰ ਓ. ਪੀ. ਡੀ. ਦੌਰਾਨ ਸਿਹਤ ਸੇਵਾਵਾਂ ਨਾ ਮਿਲਣ ਕਾਰਨ ਹਾਹਾਕਾਰ ਮਚ ਗਈ ਹੈ। ਡਾਕਟਰਾਂ ਦੀ ਦੂਸਰੇ ਦਿਨ ਦੀ ਹੜਤਾਲ ਦੇ ਨਾਲ-ਨਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਪ੍ਰਾਈਵੇਟ ਡਾਕਟਰਾਂ ਵੱਲੋਂ ਵੀ ਆਪਣੇ ਅਦਾਰੇ ਬੰਦ ਕਰ ਕੇ ਹੜਤਾਲੀ ਡਾਕਟਰਾਂ ਦਾ ਸਮਰਥਨ ਕੀਤਾ ਗਿਆ। ਬੀਤੇ ਦਿਨ ਵੀ 10 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਨੂੰ ਓ. ਪੀ. ਡੀ. ਵਿਚ ਸਿਹਤ ਸੇਵਾਵਾਂ ਨਹੀਂ ਮਿਲੀਆਂ ਅਤੇ 100 ਦੇ ਕਰੀਬ ਆਪ੍ਰੇਸ਼ਨ ਮੁਲਤਵੀ ਕੀਤੇ ਗਏ ਹਨ। ਡਾਕਟਰਾਂ ਨੇ ਆਪਣੀ ਇਕਜੁੱਟਤਾ ਦਿਖਾਉਂਦਿਆਂ ਮਜੀਠਾ ਰੋਡ ਦੇ ਫੋਰਸ ਚੌਕ ’ਚ ਚੱਕਾ ਜਾਮ ਕਰ ਕੇ ਪੱਛਮੀ ਬੰਗਾਲ ਸਰਕਾਰ ਖਿਲਾਫ ਜ਼ਬਰਦਸਤ ਰੋਸ ਦਿਖਾਵਾ ਕੀਤਾ। ਸਰਕਾਰੀ ਡਾਕਟਰਾਂ ਦੇ ਨਾਲ-ਨਾਲ ਪ੍ਰਾਈਵੇਟ ਅਦਾਰਿਆਂ ਦੇ ਡਾਕਟਰ ਵੀ ਵੱਡੀ ਗਿਣਤੀ ’ਚ ਮੌਜੂਦ ਸਨ।

ਜਾਣਕਾਰੀ ਅਨੁਸਾਰ ਕਲਕੱਤਾ ਦੀ ਮਹਿਲਾ ਡਾਕਟਰ ਨਾਲ ਵਾਪਰੀ ਘਿਨੌਣੀ ਹਰਕਤ ਤੋਂ ਬਾਅਦ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਡਾਕਟਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਰੈਜ਼ੀਡੈਂਟ ਡਾਕਟਰ ਅਤੇ ਵੱਖ-ਵੱਖ ਜਥੇਬੰਦੀਆਂ ਇਸ ਹਰਕਤ ਤੋਂ ਬਾਅਦ 16 ਅਤੇ 17 ਅਗਸਤ ਦੀ ਲਗਾਤਾਰ ਹੜਤਾਲ ’ਤੇ ਸਨ। ਇਸ ਤੋਂ ਪਹਿਲਾਂ 15 ਅਗਸਤ ਦੀ ਸਰਕਾਰੀ ਛੁੱਟੀ ਸੀ। ਮਰੀਜ਼ਾਂ ਨੂੰ ਹੁਣ ਲਗਾਤਾਰ ਤਿੰਨ ਦਿਨ ਓ. ਪੀ. ਡੀ. ਵਿਚ ਸਿਹਤ ਸੇਵਾਵਾਂ ਨਾ ਮਿਲਣ ਕਾਰਨ ਹਾਹਾਕਾਰ ਹਰ ਪਾਸੇ ਮਚੀ ਹੋਈ ਸੀ ਪਰ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਪ੍ਰਾਈਵੇਟ ਅਦਾਰਿਆਂ ਦੇ ਡਾਕਟਰਾਂ ਵੱਲੋਂ ਵੀ ਆਪਣੇ ਕਲੀਨਿਕ ਬੰਦ ਕਰ ਕੇ ਇਕਜੁੱਟਤਾ ਦਾ ਇਜ਼ਹਾਰ ਕਰਦਿਆਂ ਰੋਸ ਵਿਖਾਵਾ ਕੀਤਾ ਗਿਆ।

ਇਹ ਵੀ ਪੜ੍ਹੋ- ਵਿਦੇਸ਼ ਗਏ ਮਾਪਿਆਂ ਦੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਮਰੀਜ਼ਾਂ ਨੂੰ ਨਾ ਸਰਕਾਰੀ ਤੇ ਨਾ ਪ੍ਰਾਈਵੇਟ ਅਦਾਰਿਆਂ ’ਚ ਮਿਲੀਆਂ ਸਿਹਤ ਸੇਵਾਵਾਂ

ਮਰੀਜ਼ਾਂ ਨੂੰ ਨਾ ਸਰਕਾਰੀ ਅਤੇ ਨਾ ਹੀ ਪ੍ਰਾਈਵੇਟ ਅਦਾਰਿਆਂ ’ਚ ਓ. ਪੀ. ਡੀ. ਦੌਰਾਨ ਸਿਹਤ ਸੇਵਾਵਾਂ ਮਿਲੀਆਂ ਹਨ। ਅੱਜ ਵੀ ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਚੱਲਣ ਵਾਲੇ ਵੱਖ-ਵੱਖ ਹਸਪਤਾਲਾਂ ਅਤੇ ਸਿਹਤ ਵਿਭਾਗ ਦੇ ਹਸਪਤਾਲਾਂ ’ਚ 10 ਹਜ਼ਾਰ ਦੇ ਕਰੀਬ ਮਰੀਜ਼ਾਂ ਨੂੰ ਓ. ਪੀ. ਡੀ. ’ਚ ਸੇਵਾਵਾਂ ਨਹੀਂ ਮਿਲੀਆਂ ਹਨ ਅਤੇ 100 ਦੇ ਕਰੀਬ ਆਪ੍ਰੇਸ਼ਨ ਮੁਲਤਵੀ ਹੋਏ ਹਨ। ਪਿਛਲੇ ਦਿਨੀਂ ਵੀ ਹੜਤਾਲ ਕਾਰਨ ਛੁੱਟੀ ਉਪਰੰਤ ਖੁੱਲ੍ਹੇ ਹਸਪਤਾਲਾਂ ਵਿਚ 14 ਹਜ਼ਾਰ ਦੇ ਕਰੀਬ ਮਰੀਜ਼ਾਂ ਨੂੰ ਓ. ਪੀ. ਡੀ. ’ਚ ਸੇਵਾਵਾਂ ਨਹੀਂ ਮਿਲੀਆਂ ਅਤੇ 100 ਦੇ ਕਰੀਬ ਆਪ੍ਰੇਸ਼ਨ ਉਦੋਂ ਵੀ ਮੁਲਤਵੀ ਹੋਏ ਸਨ।

ਸ਼ਨੀਵਾਰ ਨੂੰ ਸਰਕਾਰੀ ਓ. ਪੀ. ਡੀ. ’ਚ ਮਰੀਜ਼ ਘੱਟ ਆਉਂਦੇ ਹਨ ਪਰ ਅੱਜ ਨਾ ਸਰਕਾਰੀ ਅਤੇ ਨਾ ਹੀ ਪ੍ਰਾਈਵੇਟ ਅਦਾਰਿਆਂ ਦੀ ਓ. ਪੀ. ਡੀ. ਵਿਚ ਮਰੀਜ਼ਾਂ ਨੂੰ ਸੇਵਾਵਾਂ ਮਿਲੀਆਂ ਹਨ। ਭਾਵੇਂ ਸਰਕਾਰੀ ਅਦਾਰਿਆਂ ’ਚ ਐਮਰਜੈਂਸੀ ਸੇਵਾਵਾਂ ਨਿਰੰਤਰ ਜਾਰੀ ਸਨ। ਗੁਰੂ ਨਾਨਕ ਦੇਵ ਹਸਪਤਾਲ ਸਰਕਾਰੀ ਟੀ. ਬੀ. ਹਸਪਤਾਲ ਸਰਕਾਰੀ ਈ. ਐੱਨ. ਟੀ. ਹਸਪਤਾਲ ਅਤੇ ਹੋਰਨਾਂ ਹਸਪਤਾਲਾਂ ’ਚ ਦੂਰ-ਦੁਰਾਡੇ ਤੋਂ ਆਏ ਮਰੀਜ਼ ਸਿਹਤ ਸੇਵਾਵਾਂ ਨਾ ਮਿਲਣ ਕਾਰਨ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ। ਡਾਕਟਰਾਂ ਦੀ ਇਹ ਹੜਤਾਲ ਕਦੋਂ ਖਤਮ ਹੋਣੀ ਹੈ, ਇਸ ਸਬੰਧ ’ਚ ਸਪੱਸ਼ਟ ਜਾਣਕਾਰੀ ਕਿਸੇ ਕੋਲ ਨਾ ਹੋਣ ਕਾਰਨ ਆਉਣ ਵਾਲੇ ਸਮੇਂ ’ਚ ਮਰੀਜ਼ਾਂ ਦੀ ਸਮੱਸਿਆ ਹੋਰ ਜ਼ਿਆਦਾ ਵਧ ਸਕਦੀ ਹੈ।

ਇਹ ਵੀ ਪੜ੍ਹੋ-ਟਰੈਕਟਰ ਨਾਲ ਤੋੜ ਕੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ

ਮਰੀਜ਼ ਸਾਰਾ ਦਿਨ ਹੁੰਦੇ ਦਿਸੇ ਪ੍ਰੇਸ਼ਾਨ

ਦੂਰ-ਦੁਰਾਡੇ ਤੋਂ ਆਏ ਮਰੀਜ਼ਾਂ ਨੇ ਕਿਹਾ ਕਿ ਉਹ ਸਿਹਤ ਸੇਵਾਵਾਂ ਲੈਣ ਲਈ ਆਏ ਸਨ ਪਰ ਉਨ੍ਹਾਂ ਨੂੰ ਸੇਵਾਵਾਂ ਨਹੀਂ ਮਿਲੀਆਂ, ਜਿਸ ਕਾਰਨ ਉਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾ ਪ੍ਰਾਈਵੇਟ ਅਦਾਰਿਆਂ ਦੇ ਡਾਕਟਰ ਉਨ੍ਹਾਂ ਦੀ ਜਾਂਚ ਕਰ ਰਹੇ ਹਨ ਅਤੇ ਨਾ ਹੀ ਸਰਕਾਰੀ ਅਦਾਰਿਆਂ ਦੇ ਡਾਕਟਰ। ਮਰੀਜ਼ ਆਪਣੀ ਸਮੱਸਿਆ ਦੇ ਹੱਲ ਲਈ ਜਾਵੇ ਤੇ ਜਾਵੇ ਕਿੱਥੇ।

ਦੂਸਰੇ ਪਾਸੇ ਗੁਰਦਾਸਪੁਰ ਅਤੇ ਹੋਰਨਾਂ ਜ਼ਿਲਿਆਂ ’ਚੋਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਓ. ਪੀ. ਡੀ. ਵਿਚ ਆਪਣੀ ਜਾਂਚ ਕਰਵਾਉਣ ਆਏ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਨਾ ਮਿਲਣ ਕਾਰਨ ਉਹ ਵੀ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ। ਰੋਸ ਦਿਖਾਵਾ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਮ੍ਰਿਤਕ ਡਾਕਟਰ ਨੂੰ ਇਨਸਾਫ ਦੇਣ ’ਚ ਪੱਛਮੀ ਬੰਗਾਲ ਦੀ ਸਰਕਾਰ ਫੇਲ ਸਾਬਿਤ ਹੋਈ ਹੈ ਅਤੇ ਉਕਤ ਘਟਨਾ ਦੇ ਸਬੂਤ ਮਿਟਾਉਣ ਦੇ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਲਜ਼ਮਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਤੇ ਸਮੁੱਚੇ ਡਾਕਟਰਾਂ ਤੇ ਮੁਲਾਜ਼ਮਾਂ ਦੀਆਂ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ ਸੰਘਰਸ਼ ਜਾਰੀ ਰਹੇਗਾ।

ਇਹ ਵੀ ਪੜ੍ਹੋ-  ਗੁਰਦੁਆਰ ਸਾਹਿਬ ਅੰਦਰ ਵਿਅਕਤੀ ਨੇ ਸੇਵਾਦਾਰ ਨਾਲ ਕੀਤੀ ਬਦਸਲੂਕੀ, CCTV ਤਸਵੀਰਾਂ ਨੇ ਮਚਾਈ ਤਰਥੱਲੀ

ਵਧੇਰੇ ਡਾਕਟਰ ਓ. ਪੀ. ਡੀ. ’ਚ ਮਰੀਜ਼ਾਂ ਦੀ ਕਰਦੇ ਰਹੇ ਜਾਂਚ, ਹੜਤਾਲ ਦਾ ਉਨ੍ਹਾਂ ’ਤੇ ਨਹੀਂ ਪਿਆ ਅਸਰ

ਦੂਸਰੇ ਪਾਸੇ ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਚੱਲਣ ਵਾਲੇ ਹਸਪਤਾਲਾਂ ਅਤੇ ਸਿਹਤ ਵਿਭਾਗ ਦੇ ਵਧੇਰੇ ਹਸਪਤਾਲਾਂ ਦੇ ਡਾਕਟਰ ਹੜਤਾਲ ’ਤੇ ਸਨ ਪਰ ਅੰਮ੍ਰਿਤਸਰ ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਵਧੇਰੇ ਡਾਕਟਰ ਓ. ਪੀ. ਡੀ. ’ਚ ਰੁਟੀਨ ਦੀ ਤਰ੍ਹਾਂ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਦਿਖਾਈ ਦਿੱਤੇ। ‘ਜਗ ਬਾਣੀ’ ਦੀ ਟੀਮ ਵੱਲੋਂ ਜਦੋਂ ਮੌਕੇ ਦਾ ਦੌਰਾ ਕੀਤਾ ਗਿਆ ਤਾਂ ਵਧੇਰੇ ਡਾਕਟਰ ਮਰੀਜ਼ਾਂ ਦੀ ਜਾਂਚ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅੱਜ ਹੜਤਾਲ ਸੀ ਕਿ ਨਹੀਂ ਤਾਂ ਉਨਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਅੱਜ ਹੜਤਾਲ ਹੈ, ਕੱਲ ਤਾਂ ਹੜਤਾਲ ਸੀ। ਇਸ ਦੌਰਾਨ ਕਈ ਡਾਕਟਰ ਅਜਿਹੇ ਵੀ ਸਨ, ਜਿਨ੍ਹਾਂ ਦੇ ਦਰਵਾਜ਼ਿਆਂ ਨੂੰ ਤਾਲੇ ਵੱਜੇ ਹੋਏ ਸਨ। ਜ਼ਿਕਰਯੋਗ ਹੈ ਕਿ ਇਹ ਉਹੀ ਹਸਪਤਾਲ ਹੈ, ਜਿਸ ’ਚ ਬੀਤੇ ਦਿਨ ਹੜਤਾਲ ਦੀ ਆੜ ਵਿਚ ਵਧੇਰੇ ਡਾਕਟਰ ਡਿਊਟੀ ਸਮੇਂ ਦੌਰਾਨ ਹਸਪਤਾਲ ਤੋਂ ਗਾਇਬ ਹੋ ਗਏ ਸਨ।

ਪੱਛਮੀ ਬੰਗਾਲ ਸਰਕਾਰ ਨੂੰ ਰੱਦ ਕਰਦਿਆਂ ਲਾਇਆ ਜਾਵੇ ਰਾਸ਼ਟਰਪਤੀ ਸ਼ਾਸਨ

ਰੋਸ ਦਿਖਾਵੇ ’ਚ ਪੁੱਜੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ. ਰਜਨੀਸ਼ ਸ਼ਰਮਾ ਨੇ ਕਿਹਾ ਕਿ ਉਕਤ ਘਟਨਾ ਬੇਹੱਦ ਨਿੰਦਣਯੋਗ ਹੈ। ਪੱਛਮੀ ਬੰਗਾਲ ਸਰਕਾਰ ਨੂੰ ਰੱਦ ਕਰਦਿਆਂ ਰਾਸ਼ਟਰਪਤੀ ਸ਼ਾਸਨ ਲਾਉਣਾ ਚਾਹੀਦਾ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਮ੍ਰਿਤਕ ਮਹਿਲਾ ਡਾਕਟਰ ਦੀ ਘਟਨਾ ਦੇ ਸਬੰਧ ’ਚ ਸਬੂਤ ਮਿਟਾਉਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਘਰ ਦੀ ਗੁਰਬਤ ਦੂਰ ਕਰਨ ਵਿਦੇਸ਼ ਗਏ ਵਿਅਕਤੀ ਨਾਲ ਵਾਪਰਿਆ ਭਾਣਾ, ਲਾਸ਼ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

ਪੰਜਾਬ ਦੇ ਡਾਕਟਰਾਂ ਦੀ ਵੀ ਸਰਕਾਰ ਸੁਰੱਖਿਆ ਬਣਾਵੇ ਯਕੀਨੀ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀ. ਬੀ. ਕੰਟਰੋਲ ਪ੍ਰੋਗਰਾਮ ਦੇ ਅਫਸਰ ਡਾ. ਨਰੇਸ਼ ਚਾਵਲਾ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਘਟਨਾ ਨੇ ਸਾਰਿਆਂ ਦੇ ਹਿਰਦਿਆਂ ਨੂੰ ਵਲੂਧਰ ਕੇ ਰੱਖ ਦਿੱਤਾ ਹੈ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਰੋਜ਼ਾਨਾ ਪੰਜਾਬ ’ਚ ਵਾਪਰ ਰਹੀਆਂ ਘਟਨਾਵਾਂ ਨੂੰ ਵੀ ਲਗਾਮ ਲਾਈ ਜਾਵੇ।

ਉਨ੍ਹਾਂ ਕਿਹਾ ਕਿ ਡਾਕਟਰ ਵਰਗ ਪੂਰੀ ਲਗਨ ਅਤੇ ਮਿਹਨਤ ਨਾਲ ਮਰੀਜ਼ ਨੂੰ ਠੀਕ ਕਰਨ ਲਈ ਕੰਮ ਕਰਦਾ ਹੈ ਪਰ ਕੁਝ ਲੋਕ ਇਸ ਸਭ ਦੇ ਬਾਵਜੂਦ ਡਾਕਟਰ ਨਾ ਮਾੜਾ ਵਤੀਰਾ ਕਰਦੇ ਹੋਏ ਕੁੱਟਮਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਸਬੰਧ ’ਚ ਸਖਤ ਕਾਨੂੰਨ ਲਿਆ ਕੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ’ਤੇ ਜ਼ੋਰ ਪਾਉਂਦਿਆਂ ਹੋਇਆਂ ਪੱਛਮੀ ਬੰਗਾਲ ਦੀ ਘਟਨਾ ਦੀ ਹੋਰ ਤੇਜ਼ੀ ਨਾਲ ਜਾਂਚ ਕਰਵਾਉਣ ਦੀ ਮੰਗ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪਰੋਲ 'ਤੇ SGPC ਨੇ ਚੁੱਕੇ ਸਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News