ਮੌਜੂਦਾ ਤੇ ਸੇਵਾ-ਮੁਕਤ ਸੈਨਿਕਾਂ ਦਾ ਮਾਣ-ਸਤਿਕਾਰ ਯਕੀਨੀ ਬਣਾਏਗੀ ਸਰਕਾਰ : ਕੈਪਟਨ

12/09/2017 7:07:28 AM

ਚੰਡੀਗੜ੍ਹ  (ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੱਖਿਆ ਸੈਨਾਵਾਂ ਵਿਚ ਸੇਵਾ ਨਿਭਾਆ ਰਹੇ ਜਾਂ ਸੇਵਾ-ਮੁਕਤ ਸੈਨਿਕਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹੋਰ ਸਰਕਾਰਾਂ ਵੀ ਇਹੀ ਰਾਹ ਅਪਨਾਉਣਗੀਆਂ। ਅੱਜ ਇਥੇ ਲੇਕ ਕਲੱਬ ਵਿਖੇ ਮਿਲਟਰੀ ਸਾਹਿਤਕ ਸਮਾਗਮ ਦੌਰਾਨ 'ਫੌਜੀ ਇਤਿਹਾਸਕਾਰਾਂ ਅਤੇ ਲੇਖਕਾਂ ਨਾਲ ਵਿਚਾਰ-ਵਟਾਂਦਰਾ ਸੈਸ਼ਨ' ਦੌਰਾਨ ਇਸ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਜੋ ਖੁਦ ਸਾਬਕਾ ਫੌਜੀ ਹਨ, ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰੱਖਿਆ ਸੈਨਾਵਾਂ ਅਤੇ ਸੇਵਾ-ਮੁਕਤ ਸੈਨਿਕਾਂ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਮਾਣ-ਸਤਿਕਾਰ ਦੇਣ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ।
ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕੀਤਾ ਕਿ ਜੰਗੀ ਫੌਜੀਆਂ ਅਤੇ ਸਾਬਕਾ ਸੈਨਿਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਸਰਕਾਰ ਤੋਂ ਕੋਈ ਹੁੰਗਾਰਾ ਨਹੀਂ ਮਿਲਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਦੋਂ ਵੀ ਕੋਈ ਜੰਗੀ ਫੌਜੀ ਅਤੇ ਸੇਵਾ ਨਿਭਾਅ ਰਿਹਾ ਫੌਜੀ ਜਾਂ ਹੋਰ ਰੱਖਿਆ ਸੈਨਿਕ ਉਨ੍ਹਾਂ ਦੇ ਦਫ਼ਤਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਇਕ ਫੌਜੀ ਅਫਸਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਉਹ 1971 ਦੀ ਜੰਗ 'ਤੇ ਇਕ ਕਿਤਾਬ ਲਿਖਣਗੇ ਅਤੇ ਉਸ ਤੋਂ ਬਾਅਦ ਸ਼੍ਰੀਲੰਕਾ ਵਿਚ ਭਾਰਤੀ ਫੌਜ ਦੀ ਭੂਮਿਕਾ 'ਤੇ ਵੀ ਇਕ ਕਿਤਾਬ ਲਿਖਣਗੇ। ਇਸ ਸੈਸ਼ਨ ਵਿਚ ਥੌਮਸ ਫਰੇਜ਼ਰ, ਐਲਨ ਜੈਫਰੇਜ਼, ਲੈਫਟੀਨੈਂਟ ਜਨਰਲ ਟੀ. ਐੱਸ. ਸ਼ੇਰਗਿੱਲ ਅਤੇ ਐਡ ਹੇਯਨਸ ਨੇ ਹਿੱਸਾ ਲਿਆ, ਜਿਥੇ ਦੁਨੀਆ ਭਰ ਵਿਚ ਜੰਗ ਅਤੇ ਸ਼ਾਂਤੀ ਨਾਲ ਸਬੰਧਤ ਮੁੱਦਿਆਂ ਨੂੰ ਛੋਹਿਆ ਗਿਆ।


Related News