ਪਠਾਨਕੋਟ ਦੇ ਸਰਕਾਰੀ ਕਾਲਜ ਦੇ ਬਾਹਰ ਸਿਰਫਿਰੇ ਆਸ਼ਿਕ ਤੋਂ ਪਰੇਸ਼ਾਨ ਲੜਕੀ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Saturday, Nov 18, 2017 - 05:39 PM (IST)

ਪਠਾਨਕੋਟ (ਕੰਵਲ) — ਪਠਾਨਕੋਟ ਦੇ ਸਰਕਾਰੀ ਕਾਲਜ ਦੇ ਬਾਹਰ ਇਕ 20 ਸਾਲਾ ਲੜਕੀ ਨੇ ਇਕ ਸਿਰਫਿਰੇ ਆਸ਼ਿਕ ਤੋਂ ਪਰੇਸ਼ਾਨ ਹੋ ਕੇ ਆਪਣੇ ਹੱਥ ਦੀ ਨੱਸ ਕੱਟ ਲਈ, ਜਿਸ ਨੂੰ ਉਸ ਸਿਰਫਿਰੇ ਆਸ਼ਿਕ ਨੇ ਹੀ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੀ ਪਠਾਨਕੋਟ ਦੇ ਨੀਮ ਪਹਾੜੀ ਇਲਾਕੇ ਦੇ ਪਿੰਡ ਤਰੇਟੀ ਦੀ ਰਹਿਣ ਵਾਲੀ ਹੈ ਤੇ ਪਠਾਨਕੋਟ ਦੇ ਸਰਕਾਰੀ ਕਾਲਜ 'ਚ ਪੜ੍ਹਦੀ ਹੈ।
ਲੜਕੀ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਪਿੱਛਲੇ ਕਈ ਦਿਨਾਂ ਤੋਂ ਪਰੇਸ਼ਾਨ ਸੀ ਤੇ ਘਰਦਿਆਂ ਦੇ ਪੁੱਛਣ 'ਤੇ ਵੀ ਉਸ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ। ਅੱਜ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੇ ਆਪਣੇ ਹੱਥ ਦੀ ਨਸ ਕੱਟ ਲਈ ਹੈ ਤੇ ਹਸਪਤਾਲ 'ਚ ਦਾਖਲ ਹੈ ਤੇ ਉਨ੍ਹਾਂ ਹਸਪਤਾਲ 'ਚ ਆ ਕੇ ਪਤਾ ਲੱਗਾ ਕਿ ਉਕਤ ਲੜਕਾ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ, ਜਿਸ ਕਾਰਨ ਉਨ੍ਹਾਂ ਦੀ ਧੀ ਨੇ ਇਹ ਕਦਮ ਚੁੱਕਿਆ। ਹਸਪਤਾਲ 'ਚ ਜ਼ੇਰੇ ਇਲਾਜ ਲੜਕੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਦੂਜੇ ਪਾਸੇ ਉਕਤ ਲੜਕੇ ਨੇ ਲੜਕੀ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਗਲਤ ਠਹਿਰਾਇਆ ਹੈ। ਉਸ ਦਾ ਕਹਿਣਾ ਹੈ ਕਿ ਸਾਰੇ ਝੂਠ ਬੋਲ ਰਹੇ ਹਨ। ਉਸ ਨੇ ਕਿਹਾ ਕਿ ਉਹ ਦੋਵੇਂ ਪਿਛਲੇ ਕਈ ਸਾਲਾ ਤੋਂ ਪਿਆਰ ਕਰਦੇ ਹਨ ਤੇ ਹੁਣ ਵਿਆਹ ਕਰਵਾਉਣਾ ਚਾਹੁੰਦੇ ਹਨ ਤੇ ਉਸ ਨੇ ਲੜਕੀ ਨਾਲ ਕੀਤੀ ਉਸ ਦੀ ਚੈਟਿੰਗ ਵੀ ਦਿਖਾਈ। ਲੜਕੇ ਨੇ ਕਿਹਾ ਕਿ ਬੀਤੀ ਰਾਤ ਵੀ ਉਸ ਦੀ ਲੜਕੀ ਨਾਲ ਗੱਲ ਹੋਈ ਸੀ ਤੇ ਸਵੇਰੇ ਉਸ ਨੂੰ ਮਿਲਣ ਦੀ ਗੱਲ ਵੀ ਕਹੀ ਸੀ ਪਰ ਜਦ ਉਹ ਸਵੇਰੇ ਉਸ ਨੂੰ ਮਿਲਣ ਗਿਆ ਤਾਂ ਪਤਾ ਨਹੀਂ ਲੜਕੀ ਨੂੰ ਕੀ ਹੋਇਆ ਉਸ ਨੇ ਪਹਿਲਾਂ ਹੀ ਕੋਲ ਰੱਖੇ ਬਲੇਡ ਨਾਲ ਆਪਣੇ ਹੱਥ ਦੀ ਨੱਸ ਕੱਟ ਲਈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਸਥਾਨਕ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।