ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦਾ ਪਰਦਾਫਾਸ਼
Thursday, Aug 22, 2024 - 01:09 PM (IST)
ਜਲੰਧਰ- ਸ਼ਹਿਰ ’ਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਥਾਣਾ ਨੰਬਰ 1 ਦੀ ਪੁਲਸ ਨੇ 3 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਲੁਟੇਰਿਆਂ ਦੀ ਪਛਾਣ ਜਸਪਾਲ ਸਿੰਘ ਉਰਫ ਲਵਲੀ ਪੁੱਤਰ ਬਲਬੀਰ ਸਿੰਘ ਵਾਸੀ ਮਕਾਨ ਨੰਬਰ 10 ਮੋਤੀ ਨਗਰ ਜਲੰਧਰ, ਵਰਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਬੋਹੜ ਵਾਲਾ ਮੁਹੱਲਾ ਮਕਸੂਦਾਂ ਜਲੰਧਰ ਅਤੇ ਪਵਨ ਕੁਮਾਰ ਉਰਫ ਪੰਮਾ ਪੁੱਤਰ ਕੁਲਵੰਤ ਰਾਏ ਵਾਸੀ ਬੀਬੀ ਭਾਨੀ ਫਲੈਟ, ਕਾਲੀਆ ਕਾਲੋਨੀ ਜਲੰਧਰ ਵਜੋਂ ਹੋਈ।ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ ’ਚ ਸਨੈਚਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਪੁਲਸ ਪਾਰਟੀ ਮਕਸੂਦਾਂ ਚੌਕ ਜਲੰਧਰ ਨੇੜੇ ਮੌਜੂਦ ਸੀ।
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪੁਲ ਕੋਲ ਇਕ ਪਾਰਕ ’ਚ ਕੁਝ ਵਿਅਕਤੀ ਚੋਰੀ ਦਾ ਮੋਬਾਈਲ ਫੋਨ ਵੇਚਣ ਆ ਰਹੇ ਹਨ। ਸੂਚਨਾ ਦੇ ਆਧਾਰ ’ਤੇ ਥਾਣਾ ਨੰਬਰ 1 ਦੀ ਪੁਲਸ ਨੇ ਟ੍ਰੈਪ ਲਗਾ ਕੇ ਉਕਤ ਤਿੰਨਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਮੋਬਾਈਲ ਫੋਨ, ਇਕ ਐਕਟਿਵਾ ਅਤੇ ਇਕ ਦਾਤ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਖ਼ਿਲਾਫ਼ ਧਾਰਾ 304(2), 3 (5) ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਸਪਾਲ ਸਿੰਘ ਵਿਰੁੱਧ ਪਹਿਲਾਂ ਤੋਂ ਹੀ ਇਕ ਕੇਸ ਪੈਂਡਿੰਗ ਹੈ ਜਦਕਿ ਪਵਨ ਵਿਰੁੱਧ 2 ਐੱਫ. ਆਈ. ਆਰ. ਦਰਜ ਹਨ। ਉਨ੍ਹਾਂ ਕਿਹਾ ਕਿ ਹੁਣ ਤਕ ਵਰਿੰਦਰ ਸਿੰਘ ਦੀ ਕਿਸੇ ਵੀ ਅਪਰਾਧਿਕ ਬੈਕਗਰਾਊਂਡ ਦਾ ਪਤਾ ਨਹੀਂ ਲੱਗਾ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।