ਪੰਜਾਬ ’ਚ ਕੋਰੋਨਾ ਮੁੜ ਮਚਾਉਣ ਲੱਗਾ ਕਹਿਰ, 9 ਮਰੀਜ਼ਾਂ ਦੀ ਹੋਈ ਮੌਤ

Tuesday, Aug 09, 2022 - 09:41 PM (IST)

ਪੰਜਾਬ ’ਚ ਕੋਰੋਨਾ ਮੁੜ ਮਚਾਉਣ ਲੱਗਾ ਕਹਿਰ, 9 ਮਰੀਜ਼ਾਂ ਦੀ ਹੋਈ ਮੌਤ

ਲੁਧਿਆਣਾ (ਸਹਿਗਲ) : ਪੰਜਾਬ ’ਚ ਅੱਜ ਕੋਰੋਨਾ ਦਾ ਕਹਿਰ ਸਾਹਮਣੇ ਆਇਆ ਹੈ, ਜਿਸ ਕਾਰਨ 9 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ 406 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸੂਬੇ ਦੇ ਵੱਖ-ਵੱਖ ਹਸਪਤਾਲਾਂ ’ਚ ਆਕਸੀਜਨ ਸਪੋਰਟ, ਆਈ. ਸੀ. ਯੂ. ਅਤੇ ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਇਆ। ਜਿਨ੍ਹਾਂ 9 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ ਦੋ ਮਰੀਜ਼ ਮੋਹਾਲੀ ਦੇ ਵਸਨੀਕ ਸਨ, ਜਦਕਿ ਇਕ ਇਕ ਮਰੀਜ਼ ਬਰਨਾਲਾ, ਜਲੰਧਰ, ਲੁਧਿਆਣਾ, ਰੋਪੜ, ਸੰਗਰੂਰ, ਕਪੂਰਥਲਾ ਅਤੇ ਬਠਿੰਡਾ ਦਾ ਰਹਿਣ ਵਾਲਾ ਸੀ। ਿਸਹਤ ਅਧਿਕਾਰੀਆਂ ਨੇ ਦੱਸਿਆ ਕਿ ਕਪੂਰਥਲਾ ਤੇ ਬਠਿੰਡਾ ਦੇ ਮਰੀਜ਼ ਪੁਰਾਣੀਆਂ ਰਿਪੋਰਟਾਂ ਨੂੰ ਖੰਗਾਲਣ ਤੋਂ ਬਾਅਦ ਸਾਹਮਣੇ ਆਏ, 7 ਮਰੀਜ਼ਾਂ ਦੀ ਮੌਤ ਅੱਜ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਪੰਚਾਇਤੀ ਫੰਡਾਂ ’ਚ ਕਰੋੜਾਂ ਦੀ ਹੇਰਾਫੇਰੀ ਕਰਨ ’ਤੇ ਮਹਿਲਾ ਸਰਪੰਚ ਨੂੰ ਕੀਤਾ ਗ੍ਰਿਫ਼ਤਾਰ

ਦੂਜੇ ਪਾਸੇ ਜਿਨ੍ਹਾਂ ਜ਼ਿਲ੍ਹਿਆਂ ਵਿਚ ਅੱਜ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ’ਚ ਮੋਹਾਲੀ ਤੋਂ 90, ਲੁਧਿਆਣਾ ਤੋਂ 51, ਪਟਿਆਲਾ ਤੋਂ 49, ਅੰਮ੍ਰਿਤਸਰ ਤੋਂ 31, ਰੋਪੜ ਤੋਂ 25, ਜਲੰਧਰ ਤੋਂ 24, ਫਤਿਹਗੜ੍ਹ ਸਾਹਿਬ ਤੋਂ 19 ਸਮੇਤ ਫਿਰੋਜ਼ਪੁਰ ਅਤੇ ਗੁਰਦਾਸਪੁਰ ਤੋਂ 17-17 ਮਰੀਜ਼ ਸ਼ਾਮਲ ਹਨ। ਵੱਖ-ਵੱਖ ਜ਼ਿਲਿਆਂ ’ਚ ਅੱਜ 97 ਮਰੀਜ਼ ਆਕਸੀਜਨ ਸਪੋਰਟ ’ਤੇ ਹਨ, ਜਦਕਿ 27 ਮਰੀਜ਼ਾਂ ਨੂੰ ਆਈ. ਸੀ. ਯੂ. ’ਚ ਸ਼ਿਫਟ ਕੀਤਾ ਗਿਆ ਹੈ, 2 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਸੂਬੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 2841 ਹੋ ਗਈ ਹੈ। ਅੱਜ 454 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤਾ ਗਿਆ ਹੈ। ਪਾਜ਼ੇਟਿਵਿਟੀ ਦਰ ਪਹਿਲਾਂ ਤੋਂ ਥੋੜ੍ਹੀ ਘਟ ਕੇ 3.48 ਪ੍ਰਤੀਸ਼ਤ ਰਹਿ ਗਈ ਹੈ ਪਰ ਦੂਜੇ ਪਾਸੇ ਮੌਤ ਦਰ ਵਧੀ ਹੈ। ਸੂਬੇ ’ਚ ਹੁਣ ਤੱਕ 777764 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦਕਿ 20405 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ ਰਾਜਾ ਵੜਿੰਗ ਨੇ ਖੇਮਕਰਨ ਤੋਂ ਤਿਰੰਗਾ ਯਾਤਰਾ ਕੀਤੀ ਸ਼ੁਰੂ

ਲੁਕੇ ਮਰੀਜ਼ ਵਧਾ ਰਹੇ ਹਨ ਕੋਰੋਨਾ, ਸੈਂਪਲਿੰਗ ਹੋ ਰਹੀ ਹੈ ਘੱਟ

ਸੂਬੇ ’ਚ ਸੈਂਪਲਿੰਗ ਘੱਟ ਹੋਣ ਕਾਰਨ ਜ਼ਿਆਦਾਤਰ ਮਰੀਜ਼ਾਂ ਦਾ ਪਤਾ ਨਹੀਂ ਲੱਗ ਰਿਹਾ ਅਤੇ ਲੋਕਾਂ ’ਚ ਰਹਿਣ ਵਾਲੇ ਪਾਜ਼ੇਟਿਵ ਮਰੀਜ਼ ਦੂਜਿਆਂ ਨੂੰ ਵੀ ਪਾਜ਼ੇਟਿਵ ਕਰ ਰਹੇ ਹਨ। ਸੂਬੇ ਦੇ ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਸੂਬੇ ’ਚ ਕੋਰੋਨਾ ਵਾਇਰਸ ਲਈ ਸੈਂਪਲਿੰਗ ਵਧਾਉਣ ਬਹੁਤ ਜ਼ਰੂਰੀ ਹੈ ਤਾਂ ਕਿ ਛੁਪੇ ਹੋਏ ਮਰੀਜ਼ਾਂ ਦਾ ਵੀ ਪਤਾ ਲਾਇਆ ਜਾ ਸਕੇ। ਕਈ ਜ਼ਿਲ੍ਹਿਆਂ ’ਚ ਤਾਂ ਨਾਮਾਤਰ ਦੀ ਸੈਂਪਲਿੰਗ ਹੋ ਰਹੀ ਹੈ ਪਰ ਪਾਜ਼ੇਟਿਵਿਟੀ ਦਰ ਕਾਫ਼ੀ ਜ਼ਿਆਦਾ ਸਾਹਮਣੇ ਆ ਰਹੀ ਹੈ। ਉਦਾਹਰਣ ਦੇ ਤੌਰ ’ਤੇ ਮੋਹਾਲੀ ’ਚ ਜਿਥੇ ਹਾਲਤ ਕਾਫ਼ੀ ਬਦਤਰ ਹੈ, ਜਿਥੇ ਅੱਜ 90 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ ਉਥੇ 629 ਸੈਂਪਲਾਂ ਦੀ ਜਾਂਚ ਕੀਤੀ ਗਈ, ਿਜਸ ਨਾਲ ਪਾਜ਼ੇਟਿਵਿਟੀ ਦਰ 14.31 ਫੀਸਦੀ ਸਾਹਮਣੇ ਆਈ ਹੈ। ਇਸੇ ਤਰ੍ਹਾਂ ਪਟਿਆਲਾ ਵਿਚ 396 ਸੈਂਪਲਾਂ ਦੀ ਜਾਂਚ ’ਚੋਂ 49 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਨਾਲ ਪਾਜ਼ੇਟਿਵਿਟੀ ਦਰ 14.37 ਫੀਸਦੀ ਹੋ ਗਈ ਹੈ। ਫਤਿਹਗੜ੍ਹ ਸਾਹਿਬ ’ਚ 178 ਸੈਂਪਲਾਂ ਦੀ ਜਾਂਚ ’ਚੋਂ 19 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਥੇ ਪਾਜ਼ੇਟਿਵਿਟੀ ਦਰ 10.67 ਫੀਸਦੀ ਸਾਹਮਣੇ ਆਈ ਹੈ। ਇਸੇ ਤਰ੍ਹਾਂ ਗੁਰਦਾਸਪੁਰ ਵਿਚ 8.24 ਫੀਸਦੀ ਤੇ ਫ਼ਿਰੋਜ਼ਪੁਰ ਵਿਚ 7.23 ਫੀਸਦੀ ਪਾਜ਼ੇਟਿਵਿਟੀ ਦਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਅੱਜ 11671 ਸੈਂਪਲ ਜਾਂਚ ਲਈ ਭੇਜੇ ਗਏ ਸਨ। 


author

Manoj

Content Editor

Related News