ਇਰਾਕ ''ਚ ਮਾਰੇ ਗਏ ਨੌਜਵਾਨਾਂ ਦੀਆਂ ਅਸਥੀਆਂ ਲੈਣ ਅੱਜ ਅੰਮ੍ਰਿਤਸਰ ਜਾਣਗੇ ਪਰਿਵਾਰਕ ਮੈਂਬਰ

Monday, Apr 02, 2018 - 01:03 AM (IST)

ਹੁਸ਼ਿਆਰਪੁਰ,   (ਜ.ਬ.)-  ਜੂਨ 2014 ਨੂੰ ਇਰਾਕ ਦੇ ਸ਼ਹਿਰ ਮੌਸੁਲ 'ਚ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਦਾ ਸ਼ਿਕਾਰ ਬਣੇ 39 ਭਾਰਤੀਆਂ 'ਚੋਂ ਹੁਸ਼ਿਆਰਪੁਰ ਜ਼ਿਲੇ ਦੇ ਕਮਲਜੀਤ ਸਿੰਘ ਅਤੇ ਗੁਰਦੀਪ ਸਿੰਘ ਦੇ ਪਰਿਵਾਰਕ ਮੈਂਬਰ ਭਲਕੇ ਭਰੇ ਮਨ ਨਾਲ ਸਵੇਰੇ 7.30 ਵਜੇ ਉਨ੍ਹਾਂ ਦੀਆਂ ਅਸਥੀਆਂ ਲੈਣ ਲਈ ਅੰਮ੍ਰਿਤਸਰ ਏਅਰਪੋਰਟ ਨੂੰ ਰਵਾਨਾ ਹੋਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਰਾਕ ਦੇ ਬਦੁਸ਼ ਸ਼ਹਿਰ ਤੋਂ ਸਾਰੇ 39 ਭਾਰਤੀਆਂ ਦੀਆਂ ਅਸਥੀਆਂ ਲੈ ਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਜਨਰਲ ਵੀ. ਕੇ. ਸਿੰਘ 11.30 ਵਜੇ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚਣਗੇ। ਕਲੀਅਰੈਂਸ ਤੋਂ ਬਾਅਦ ਦੁਪਹਿਰ 2 ਵਜੇ ਦੇ ਕਰੀਬ ਜ਼ਿਲਾ ਪ੍ਰਸ਼ਾਸਨ ਦੀ ਦੇਖ-ਰੇਖ 'ਚ ਕਮਲਜੀਤ ਤੇ ਗੁਰਦੀਪ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਹੁਸ਼ਿਆਰਪੁਰ ਲਈ ਰਵਾਨਾ ਹੋਣਗੇ, ਜਿੱਥੇ ਸੋਮਵਾਰ ਦੁਪਹਿਰ ਬਾਅਦ 4 ਵਜੇ ਦੇ ਕਰੀਬ ਜ਼ਿਲਾ ਪ੍ਰਸ਼ਾਸਨ ਦੀ ਨਿਗਰਾਨੀ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਪਰਿਵਾਰਕ ਮੈਂਬਰਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ
ਹੁਸ਼ਿਆਰਪੁਰ ਦੇ ਪਿੰਡ ਛਾਉਣੀ ਕਲਾਂ 'ਚ ਮ੍ਰਿਤਕ ਕਮਲਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ, ਮਾਂ ਸੰਤੋਸ਼ ਕੁਮਾਰੀ, ਪਿਤਾ ਪ੍ਰੇਮ ਸਿੰਘ, ਭਰਾ ਪਰਮਿੰਦਰ ਸਿੰਘ, ਬੇਟੇ ਮਨਪ੍ਰੀਤ ਸਿੰਘ ਤੇ ਬੇਟੀ ਸਿਮਰਨਜੀਤ ਕੌਰ ਅਤੇ ਮਾਹਿਲਪੁਰ ਨਾਲ ਲੱਗਦੇ ਪਿੰਡ ਜੈਤਪੁਰ ਦੇ ਮ੍ਰਿਤਕ ਗੁਰਦੀਪ ਸਿੰਘ ਦੀ ਮਾਂ ਸੁਰਿੰਦਰ ਕੌਰ, ਪਤਨੀ ਅਨੀਤਾ ਤੇ ਦੋਨੋਂ ਮਾਸੂਮ ਬੱਚੇ ਅਰਸ਼ਦੀਪ ਤੇ ਅੰਕਿਤਾ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਅਤੇ ਮਨ 'ਚ ਉਥਲ-ਪੁਥਲ ਮਚ ਗਈ। ਰੋਂਦੇ ਹੋਏ ਉਨ੍ਹਾਂ ਦੱਸਿਆ ਕਿ ਪਹਿਲਾਂ ਜਦੋਂ ਉਹ ਵਿਦੇਸ਼ੋਂ ਆਉਂਦੇ ਸੀ ਤਾਂ ਉਨ੍ਹਾਂ ਦੇ ਸਵਾਗਤ ਅਤੇ ਸਾਲਾਂ ਬਾਅਦ ਦੇਖਣ ਤੇ ਮਿਲਣ ਦੇ ਚਾਅ 'ਚ ਉਨ੍ਹਾਂ ਨੂੰ ਲੈਣ ਜਾਂਦੇ ਸੀ ਪਰ ਕੌਣ ਜਾਣਦਾ ਸੀ ਕਿ ਇਹ ਮਨਹੂਸ ਦਿਨ ਵੀ ਦੇਖਣ ਨੂੰ ਮਿਲੇਗਾ। 
ਸਰਕਾਰ ਦੇ ਰਹਿਮੋ-ਕਰਮ 'ਤੇ ਹੈ ਜ਼ਿੰਦਗੀ
ਮਾਹਿਲਪੁਰ ਦੇ ਜੈਤਪੁਰ ਪਿੰਡ 'ਚ ਮ੍ਰਿਤਕ ਗੁਰਦੀਪ ਸਿੰਘ ਦੀ ਵਿਧਵਾ ਪਤਨੀ ਅਨੀਤਾ ਨੇ ਦੱਸਿਆ ਕਿ ਹੁਣ ਤਾਂ ਉਸ ਦੀ ਜ਼ਿੰਦਗੀ ਸਰਕਾਰ ਦੇ ਰਹਿਮੋ-ਕਰਮ 'ਤੇ ਹੀ ਟਿਕੀ ਹੋਈ ਹੈ। ਉਸ ਦੇ ਸਹੁਰਿਆਂ ਦਾ ਇਕ ਛੋਟਾ ਜਿਹਾ ਘਰ ਹੈ, ਜਿਸ 'ਚ ਉਨ੍ਹਾਂ ਦਾ ਪਰਿਵਾਰ ਅਤੇ ਸੱਸ-ਸਹੁਰਾ ਰਹਿੰਦੇ ਹਨ। ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈ ਕੇ ਘਰ ਦੀ ਹਾਲਤ ਸੁਧਾਰਨ ਲਈ ਗੁਰਦੀਪ ਸਿੰਘ ਆਪਣਾ ਦੇਸ਼ ਛੱਡ ਕੇ ਇਰਾਕ ਗਿਆ ਸੀ ਪਰ ਹੁਣ ਉਸ ਨੇ ਦੁਨੀਆ ਹੀ ਛੱਡ ਦਿੱਤੀ ਹੈ। ਪਰਿਵਾਰ ਦੇ ਭਵਿੱਖ ਦੀ ਆਸ ਲੈ ਕੇ ਨਿਕਲਿਆ ਗੁਰਦੀਪ ਆਪਣੇ ਪਿੱਛੇ ਕਰਜ਼ਾ, ਗਰੀਬੀ ਅਤੇ ਲਾਚਾਰੀ ਛੱਡ ਗਿਆ ਹੈ। ਅਜਿਹੇ 'ਚ ਸਰਕਾਰ ਦੇ ਰਹਿਮੋ-ਕਰਮ 'ਤੇ ਜ਼ਿੰਦਗੀ ਟਿਕੀ ਹੋਈ ਹੈ।


Related News