ਜਮਹੂਰੀ ਕਿਸਾਨ ਸਭਾ ਨੇ ਦਿੱਤਾ ਐੱਸ. ਡੀ. ਐੱਮ. ਦਫਤਰ ਅੱਗੇ ਧਰਨਾ

Thursday, Jun 08, 2017 - 07:28 AM (IST)

ਜਮਹੂਰੀ ਕਿਸਾਨ ਸਭਾ ਨੇ ਦਿੱਤਾ ਐੱਸ. ਡੀ. ਐੱਮ. ਦਫਤਰ ਅੱਗੇ ਧਰਨਾ

ਤਰਨਤਾਰਨ,   (ਰਾਜੂ, ਆਹਲੂਵਾਲੀਆ)-  ਜਮਹੂਰੀ ਕਿਸਾਨ ਸਭਾ ਵੱਲੋਂ ਕਿਸਾਨੀ ਮੰਗਾਂ ਲਈ ਐੱਸ. ਡੀ. ਐੱਮ. ਦਫਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਜ਼ਿਲੇ ਦੇ ਆਗੂ ਚਰਨਜੀਤ ਸਿੰਘ ਬਾਠ, ਲੱਖਾ ਸਿੰਘ, ਜ਼ਿਲਾ ਪ੍ਰਧਾਨ ਮੁਖਤਾਰ ਸਿੰਘ ਮੱਲ੍ਹਾ, ਸੁਖਦੇਵ ਸਿੰਘ ਆਦਿ ਆਗੂਆਂ ਨੇ ਕੀਤੀ।
ਧਰਨਾਕਾਰੀ ਕਿਸਾਨ ਸਥਾਨਕ ਗਾਂਧੀ ਪਾਰਕ ਵਿਖੇ ਇਕੱਠੇ ਹੋਏ ਅਤੇ ਬਾਜ਼ਾਰ ਵਿਚ ਗਠਨ ਕਰ ਕੇ ਨਾਅਰੇ ਮਾਰਦਿਆਂ ਐੱਸ. ਡੀ. ਐੱਮ. ਦਫਤਰ ਪੁੱਜੇ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਕਰਜ਼ੇ ਦੇ ਭਾਰੀ ਬੋਝ ਥੱਲੇ ਆ ਗਏ ਹਨ।  ਭਾਜਪਾ ਦੀ ਮੋਦੀ ਸਰਕਾਰ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਭਾਅ ਦੇਣ ਤੋਂ ਭੱਜ ਚੁੱਕੀ ਹੈ ਅਤੇ ਕਿਸਾਨ ਲਗਾਤਾਰ ਮਿੱਥੇ ਭਾਅ ਤੋਂ ਘੱਟ ਭਾਅ 'ਤੇ ਫਸਲਾਂ ਵੇਚਣ ਲਈ ਮਜਬੂਰ ਹਨ। ਕਿਸਾਨੀ ਨੂੰ ਮਿਲਦੀਆਂ ਸਬਸਿਡੀਆਂ ਲਗਾਤਾਰ ਖੋਹੀਆਂ ਜਾ ਰਹੀਆਂ ਹਨ। ਮੰਡੀ ਪ੍ਰਬੰਧ ਨੂੰ ਤੋੜਿਆ ਜਾ ਰਿਹਾ ਹੈ। ਬੀਜ ਬਹੁਕੌਮੀ ਕਾਰਪੋਰੇਸ਼ਨਾਂ ਦੇ ਮੁਨਾਫੇ ਲਈ ਬਣ ਕੇ ਰਹਿ ਗਏ ਹਨ। 
ਇਸ ਦੌਰਾਨ ਕਿਸਾਨ ਮੰਗ ਕਰ ਰਹੇ ਸਨ ਕਿ ਕਿਸਾਨੀ ਸਿਰ ਚੜ੍ਹਿਆ ਕਰਜ਼ਾ ਮੁਆਫ ਕੀਤਾ ਜਾਵੇ, ਨਹਿਰੀ ਪਾਣੀ ਹਰ ਖੇਤ ਤੱਕ ਪੁੱਜਦਾ ਕੀਤਾ ਜਾਵੇ, ਖੇਤੀ ਮੋਟਰਾਂ ਲਈ 16 ਘੰਟੇ ਅਤੇ ਘਰੇਲੂ ਸਪਲਾਈ ਲਈ 24 ਘੰਟੇ ਬਿਜਲੀ ਦਿੱਤੀ ਜਾਵੇ, ਕਿਸਾਨੀ ਜਿਣਸ ਦੇ ਭਾਅ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਦਿੱਤੇ ਜਾਣ। ਇਸ ਧਰਨੇ ਤੋਂ ਬਾਅਦ ਕਿਸਾਨਾਂ ਵੱਲੋਂ ਤਹਿਸੀਲਦਾਰ ਗੁਰਵਰਿਆਮ ਸਿੰਘ ਨੂੰ ਮੰਗਾਂ ਸਬੰਧੀ ਮੰਗ-ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਜੋਗਿੰਦਰ ਸਿੰਘ, ਕੁਲਵੰਤ ਸਿੰਘ ਮਾਲਚੱਕ, ਸਰਬਾਜ਼ੀ ਸਿੰਘ ਬਾਠ ਆਦਿ ਹਾਜ਼ਰ ਸਨ।


Related News