ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ 'ਚ ਖੂਨੀ ਝੜਪ, ਔਰਤ ਦੀ ਮੌਤ
Tuesday, Oct 03, 2017 - 02:23 PM (IST)

ਮੋਹਾਲੀ, (ਰਾਣਾ)— ਪਿੰਡ ਬੱਲੋਮਾਜਰਾ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚ ਖੂਨੀ ਝੜਪ ਹੋ ਗਈ, ਜਿਸ ਵਿਚ ਇਕ ਧਿਰ ਤੋਂ ਇਕ ਔਰਤ ਅਤੇ ਦੂਸਰੀ ਧਿਰ ਤੋਂ ਦੋ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਤੇਜ ਕੌਰ (65) ਦੇ ਤੌਰ 'ਤੇ ਹੋਈ ਹੈ।
ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਬੇਟੇ ਪਲਵਿੰਦਰ ਦੀ ਸ਼ਿਕਾਇਤ 'ਤੇ ਬਲੌਂਗੀ ਥਾਣੇ ਵਿਚ ਰਾਜਿੰਦਰ ਸਿੰਘ ਅਤੇ ਭਵਨੀਤ ਉਰਫ ਨਾਨੀ ਨਿਵਾਸੀ ਫੇਜ਼-2 'ਤੇ ਹੱਤਿਆ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਵੇਂ ਦੋਸ਼ੀ ਵੀ ਸਿਵਲ ਹਸਪਤਾਲ ਖਰੜ ਵਿਚ ਦਾਖਲ ਹਨ, ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਇਹ ਝਗੜਾ ਨਾਰਥ ਕੰਟਰੀਮਾਲ ਦੇ ਕੋਲ ਸਥਿਤ ਜ਼ਮੀਨ ਨੂੰ ਲੈ ਕੇ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਲਵਿੰਦਰ ਸਿੰਘ ਨੇ ਰਾਜਿੰਦਰ ਨੂੰ ਕੁਝ ਜ਼ਮੀਨ ਵੇਚੀ ਸੀ। ਇਸੇ ਜ਼ਮੀਨ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਤਕਰਾਰ ਹੋ ਗਈ। ਦੂਸਰੀ ਧਿਰ ਦੀ ਦਲੀਲ ਸੀ ਕਿ ਉਨ੍ਹਾਂ ਨੇ ਜ਼ਮੀਨ ਜ਼ਿਆਦਾ ਖਰੀਦੀ ਹੈ, ਜਦੋਂਕਿ ਉਨ੍ਹਾਂ ਨੂੰ ਘੱਟ ਜ਼ਮੀਨ ਦਿੱਤੀ ਜਾ ਰਹੀ ਹੈ। ਇਹ ਮਾਮਲਾ ਕੋਰਟ ਵਿਚ ਚੱਲ ਰਿਹਾ ਹੈ।
ਝਗੜੇ ਨੂੰ ਸ਼ਾਂਤ ਕਰਨ ਆਈ ਸੀ ਮ੍ਰਿਤਕਾ
ਮ੍ਰਿਤਕਾ ਦੇ ਬੇਟੇ ਪਲਵਿੰਦਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਮਾਤਾ ਝਗੜੇ ਨੂੰ ਸ਼ਾਂਤ ਕਰਨ ਆਈ ਤਾਂ ਦੋਸ਼ੀਆਂ ਨੇ ਉਸਨੂੰ ਜ਼ਮੀਨ 'ਤੇ ਜ਼ੋਰ ਨਾਲ ਪਟਕ ਦਿੱਤਾ, ਜਿਸ ਨਾਲ ਉਹ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਈ। ਇਸ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਨਾਰਥ ਕੰਟਰੀ ਮਾਲ ਦੇ ਕੋਲ ਉਨ੍ਹਾਂ ਦੀ ਜ਼ਮੀਨ ਹੈ। ਜ਼ਮੀਨ ਦੇ ਅਗਲੇ ਹਿੱਸੇ ਵਿਚ ਪਲਵਿੰਦਰ ਸਿੰਘ ਕਾਰ ਬਾਜ਼ਾਰ ਅਤੇ ਢਾਬਾ ਚਲਾਉਂਦਾ ਹੈ, ਜਦੋਂਕਿ ਪਿਛਲਾ ਹਿੱਸਾ ਉਨ੍ਹਾਂ ਦਾ ਹੈ। ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਦੋਸ਼ੀਆਂ ਨੇ ਉਨ੍ਹਾਂ ਦੀ ਜ਼ਮੀਨ ਵਿਚ ਸੀਵਰੇਜ ਦੀ ਪਾਈਪ ਦਬਾ ਰੱਖੀ ਹੈ। ਜਦੋਂ ਸੋਮਵਾਰ ਨੂੰ ਉਨ੍ਹਾਂ ਨੇ ਇਸ ਨੂੰ ਹਟਾਉਣ ਦੀ ਗੱਲ ਕਹੀ ਤਾਂ ਇਸ ਦੌਰਾਨ ਮਾਮਲਾ ਗਰਮਾ ਗਿਆ। ਪਲਵਿੰਦਰ ਦੇ ਨੌਕਰ ਅਤੇ ਕੁਝ ਜਾਣਕਾਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਹੱਥ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਦੋਂਕਿ ਬੇਟੇ ਦੇ ਦਿਲ ਦੇ ਕੋਲ ਚਾਕੂ ਮਾਰਿਆ ਗਿਆ। ਦੋਵਾਂ ਨੂੰ ਟਾਂਕੇ ਲੱਗੇ ਹਨ। ਉੁਨ੍ਹਾਂ ਕਿਹਾ ਕਿ ਉਨ੍ਹਾਂ ਦੇ ਝਗੜੇ ਵਿਚ ਪਲਵਿੰਦਰ ਦੀ ਮਾਤਾ ਨਹੀਂ ਆਈ ਸੀ। ਉਨ੍ਹਾਂ ਦੀ ਮਾਤਾ ਦੀ ਪਹਿਲਾਂ ਦਿਲ ਦੀ ਸਰਜਰੀ ਹੋਈ ਸੀ। ਉਨ੍ਹਾਂ ਨੇ ਕਿਸੇ ਨੂੰ ਨਹੀਂ ਮਾਰਿਆ, ਉਥੇ ਕੈਮਰੇ ਲੱਗੇ ਹੋਏ ਹਨ, ਜਿਸ ਤੋਂ ਸਭ ਕੁਝ ਪਤਾ ਲੱਗ ਜਾਵੇਗਾ।