ਖੜ੍ਹੇ ਟਰੱਕ ਦਾ ਟਾਇਰ ਫਟਣ ਨਾਲ ਬੱਚੇ ਦੀ ਮੌਤ

Tuesday, Jun 20, 2017 - 01:20 AM (IST)

ਫ਼ਰੀਦਕੋਟ,   (ਹਾਲੀ)- ਇਕ ਖੜ੍ਹੇ ਟਰੱਕ ਦਾ ਟਾਇਰ ਫ਼ਟਣ ਨਾਲ 6 ਸਾਲਾ ਬੱਚੇ ਦੀ ਮੌਤ ਹੋ ਗਈ।  ਜਾਣਕਾਰੀ ਅਨੁਸਾਰ ਜੋਤ ਰਾਮ ਕਾਲੋਨੀ ਵਿਖੇ ਪਿਛਲੇ 5 ਮਹੀਨਿਆਂ ਤੋਂ ਇਕ ਬਿਨਾਂ ਨੰਬਰ ਦੇ ਟਰੱਕ ਖੜ੍ਹਾ ਸੀ ਤੇ ਗਰਮੀ ਕਾਰਨ ਟਾਇਰ ਫਟ ਗਿਆ। 
ਟਾਇਰ ਫ਼ਟਣ ਸਮੇਂ ਇਕ ਬੱਚਾ ਟਰੱਕ ਕੋਲ ਖੜ੍ਹਾ ਸੀ, ਜਿਸ ਕਾਰਨ ਧਮਾਕੇ ਦੀ ਆਵਾਜ਼ ਸੁਣ ਕੇ ਉਸ ਦੇ ਦਿਮਾਗ 'ਤੇ ਅਸਰ ਪਿਆ ਤੇ ਉਸ ਦੀ ਮੌਤ ਹੋ ਗਈ।ਬੱਚੇ ਦੇ ਪਿਤਾ ਰਵਿੰਦਰ ਕੁਮਾਰ ਤੇ ਗੁਆਂਢੀ ਦਲੀਪ ਕੁਮਾਰ ਨੇ ਦੱਸਿਆ ਕਿ ਇਹ ਟਰੱਕ ਕਈ ਮਹੀਨਿਆਂ ਤੋਂ ਇਥੇ ਖੜ੍ਹਾ ਹੈ ਤੇ ਇਸ ਦੇ ਮਾਲਕ ਦਾ ਕਿਸੇ ਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਧਮਾਕੇ ਦੀ ਆਵਾਜ਼ ਨਾਲ ਹੋਈ ਹੈ ਤੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ। ਥਾਣਾ ਸਿਟੀ ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੱਚੇ ਦੇ ਮਰਨ ਜਾਂ ਟਾਇਰ ਫ਼ਟਣ ਸਬੰਧੀ ਕਿਸੇ ਨੇ ਵੀ ਪੁਲਸ ਨੂੰ ਨਾ ਤਾਂ ਕੋਈ ਇਤਲਾਹ ਦਿੱਤੀ ਹੈ ਤੇ ਨਾ ਹੀ ਕੋਈ ਲਿਖਤੀ ਸ਼ਿਕਾਇਤ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਕੋਈ ਸ਼ਿਕਾਇਤ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।


Related News