ਘਰ ਦੀ ਗੁਰਬਤ ਦੂਰ ਕਰਨ ਵਿਦੇਸ਼ ਗਏ ਵਿਅਕਤੀ ਨਾਲ ਵਾਪਰਿਆ ਭਾਣਾ, ਲਾਸ਼ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ
Saturday, Aug 17, 2024 - 11:23 AM (IST)
ਅੰਮ੍ਰਿਤਸਰ (ਨਿਰਵੈਲ/ਰਾਜਵਿੰਦਰ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਮਲੇਰਕੋਟਲਾ ਨੇੜਲੇ ਪਿੰਡ ਮਹੌਲੀ ਖੁਰਦ ਦੇ 38 ਸਾਲਾ ਮੁਹੰਮਦ ਰਫ਼ੀਕ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ। ਮੁਹੰਮਦ ਰਫ਼ੀਕ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਫ਼ਨੇ ਲੈ ਕੇ ਵੱਖ-ਵੱਖ ਖਾੜੀ ਮੁਲਕਾਂ 'ਚ ਕੰਮ ਕਰਨ ਉਪਰੰਤ ਕਰੀਬ ਡੇਢ ਸਾਲ ਪਹਿਲਾਂ ਬਤੌਰ ਲੱਕੜ ਦਾ ਕਾਰੀਗਰ ਦੁਬਈ ਆਇਆ ਸੀ। ਜਿਸ ਦੀ ਬੀਤੀ 19 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪਰੋਲ 'ਤੇ SGPC ਨੇ ਚੁੱਕੇ ਸਵਾਲ
ਸੁਖਦੀਪ ਸਿੱਧੂ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਸਬੰਧੀ ਉਨ੍ਹਾਂ ਨੂੰ ਭਾਰਤੀ ਦੂਤਾਵਾਸ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਜਿਸ ਉਪਰੰਤ ਉਨ੍ਹਾਂ ਦੀ ਮਲੇਰਕੋਟਲਾ ਨਾਲ ਸੰਬੰਧਿਤ ਟੀਮ ਨੇ ਪੀੜਤ ਪਰਿਵਾਰ ਨੂੰ ਲੱਭ ਕੇ ਉਨ੍ਹਾਂ ਨੂੰ ਇਸ ਦੁਖਾਂਤ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੁਖਦੀਪ ਸਿੱਧੂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਜਾਣਕਾਰੀ ਦੇਣ ਉਪਰੰਤ ਉਨ੍ਹਾਂ ਨੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ 'ਚ ਦੁਬਈ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮੁਹੰਮਦ ਰਫ਼ੀਕ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਭਾਰਤੀ ਦੂਤਾਵਾਸ ਵੱਲੋਂ ਕੀਤਾ ਗਿਆ ਹੈ ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ
ਮੁਹੰਮਦ ਰਫ਼ੀਕ ਦਾ ਮ੍ਰਿਤਕ ਸਰੀਰ ਲੈਣ ਪਹੁੰਚੇ ਪਰਿਵਾਰਿਕ ਮੈਂਬਰ ਐਡਵੋਕੇਟ ਮੁਹੰਮਦ ਜਾਵੇਦ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਮੁਹੰਮਦ ਰਫ਼ੀਕ ਆਪਣੇ ਘਰ ਦੀ ਗੁਰਬਤ ਨੂੰ ਦੂਰ ਕਰਨ ਲਈ ਦੁਬਈ ਗਿਆ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਉਹ ਆਪਣੇ ਕੰਮ ਨੂੰ ਲੈ ਕੇ ਪ੍ਰੇਸ਼ਾਨ ਸੀ, ਜਿਸ ਦੇ ਚਲਦਿਆਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਮੁਹੰਮਦ ਰਫ਼ੀਕ ਦੀ ਮੌਤ ਦਾ ਪਤਾ ਵੀ ਸਰਬੱਤ ਦਾ ਭਲਾ ਟਰੱਸਟ ਰਾਹੀਂ ਹੀ ਲੱਗਾ ਸੀ। ਰਫ਼ੀਕ ਦੇ ਪਰਿਵਾਰਕ ਮੈਂਬਰਾਂ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਦੀ ਬਦੌਲਤ ਹੀ ਪਰਿਵਾਰ ਨੂੰ ਉਸਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8