ਰਹੱਸਮਈ ਬਣਿਆ ਜੰਡਿਆਲਾ ਗੁਰੂ ਦੇ ਸ਼ੈਲਰ ''ਚ ਹੋਇਆ ਕਰੋੜਾਂ ਦਾ ਘਪਲਾ

Wednesday, Apr 04, 2018 - 02:55 AM (IST)

ਅੰਮ੍ਰਿਤਸਰ/ਜੰਡਿਆਲਾ ਗੁਰੂ, (ਇੰਦਰਜੀਤ/ਨੀਰਜ/ਸ਼ਰਮਾ)- ਜੰਡਿਆਲਾ ਗੁਰੂ ਦੇ ਇਕ ਵੱਡੇ ਰਾਈਸ ਸ਼ੈਲਰ 'ਚੋਂ 4 ਲੱਖ ਬੋਰੀਆਂ ਝੋਨੇ ਦੀਆਂ ਗਾਇਬ ਹੋਣ ਦੇ ਦੋਸ਼ ਦਾ ਮਾਮਲਾ ਰਹੱਸਮਈ ਬਣਦਾ ਜਾ ਰਿਹਾ ਹੈ। ਇਸ ਕਥਿਤ ਘਪਲੇ ਨੂੰ ਲੈ ਕੇ ਅੱਜ ਡਿਪਟੀ ਡਾਇਰੈਕਟਰ ਸਿਵਲ ਸਪਲਾਈ ਅਮਰਜੀਤ ਸਿੰਘ ਆਪਣੀ ਟੀਮ ਸਮੇਤ ਚੰਡੀਗੜ੍ਹ ਤੋਂ ਜੰਡਿਆਲਾ ਦੇ ਵੀਰੂ ਮੱਲ ਸ਼ੈਲਰ ਵਿਚ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਨਾਲ ਡਿਪਟੀ ਡਾਇਰੈਕਟਰ ਸਿਵਲ ਸਪਲਾਈ ਮੈਡਮ ਸੋਨਾ ਥਿੰਦ ਅਤੇ ਜ਼ਿਲਾ ਸਿਵਲ ਸਪਲਾਈ ਦੇ ਕਈ ਅਧਿਕਾਰੀ ਵੀ ਸਨ। ਇਸ ਦੌਰਾਨ ਅੰਮ੍ਰਿਤਸਰ ਦੇ ਜ਼ਿਲਾ ਫੂਡ ਸਪਲਾਈ ਕੰਟਰੋਲਰ ਏ. ਪੀ. ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਐਡੀਸ਼ਨਲ ਡਾਇਰੈਕਟਰ ਅਮਰਜੀਤ ਸਿੰਘ ਨੇ ਕੀਤੀ ਹੈ।

ਝੋਨੇ ਦੀਆਂ 4 ਲੱਖ ਬੋਰੀਆਂ ਗਾਇਬ ਹੋਣ ਦੀ ਸੀ ਸੂਚਨਾPunjabKesariਸਰਕਾਰ ਨੇ ਇਸ ਸ਼ੈਲਰ 'ਚ ਸੰਨ 2017-18 ਦੌਰਾਨ 14 ਲੱਖ ਬੋਰੀਆਂ ਝੋਨੇ ਦੀ ਛੜਾਈ ਲਈ ਲਾਈਆਂ ਹੋਈਆਂ ਸਨ। ਇਸ ਦੌਰਾਨ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇਸ ਵਿਚ 4 ਲੱਖ  ਬੋਰੀਆਂ ਝੋਨੇ ਦੀਆਂ ਗਾਇਬ ਹਨ, ਜਿਸ ਦੀ ਕੀਮਤ 20 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਇਸ ਮਾਮਲੇ ਨੂੰ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਸਰਦਾਰ ਢੰਗ ਨਾਲ ਉਠਾਇਆ ਸੀ ਅਤੇ ਇਸ ਮਾਮਲੇ ਦੀਆਂ ਕਈ ਕੜੀਆਂ ਵੀ ਖੋਲ੍ਹੀਆਂ ਸਨ, ਜਿਸ ਨੂੰ ਲੈ ਕੇ ਵਿਭਾਗ ਵੱਲੋਂ ਇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ ਸੂਤਰਾਂ ਮੁਤਾਬਕ ਝੋਨੇ ਦੀ ਕੀਮਤ 25 ਤੋਂ 30 ਕਰੋੜ ਰੁਪਏ ਬਣਦੀ ਹੈ। ਉਥੇ ਹੀ ਸੰਸਦ ਮੈਂਬਰ ਔਜਲਾ ਅਨੁਸਾਰ ਇਸ ਤੋਂ ਇਲਾਵਾ ਵੀ ਵੱਡੇ ਘਪਲੇ ਸਾਹਮਣੇ ਆਉਣਗੇ। 
ਨਹੀਂ ਪਹੁੰਚੀ ਕੋਈ ਸ਼ਿਕਾਇਤ : ਡੀ. ਐੱਸ. ਪੀ. ਸਹੋਤਾ
ਇਸ ਮਾਮਲੇ ਦੀਆਂ ਕੜੀਆਂ ਸਬੰਧੀ ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਕਾਫੀ ਵੱਡਾ ਹੈ। ਸਥਾਨਕ ਲੋਕਾਂ ਅਨੁਸਾਰ ਇਸ ਵਿਚ ਘਪਲਾ 200 ਕਰੋੜ ਤੋਂ ਵੱਧ ਹੈ। ਇਸ ਵਿਚ ਕਈ ਆੜ੍ਹਤੀ, ਬੈਂਕਰ, ਫੂਡ ਸਪਲਾਈ ਵਿਭਾਗ ਦੇ ਨਾਲ ਕੁਝ ਏਜੰਸੀਆਂ ਦੇ ਲੋਕ ਵੀ ਹਨ। ਪਤਾ ਲੱਗਾ ਹੈ ਕਿ ਉਕਤ ਸ਼ੈਲਰ ਮਾਲਕ ਤੇ ਉਸ ਦੇ ਪਰਿਵਾਰ ਦੇ ਲੋਕ ਅੰਡਰਗਰਾਊਂਡ ਹਨ। 
ਇਸ ਸਬੰਧੀ ਜੰਡਿਆਲਾ ਗੁਰੂ ਦੇ ਡੀ. ਐੱਸ.  ਪੀ. ਗੁਰਪ੍ਰਤਾਪ ਸਿੰਘ ਸਹੋਤਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ  ਮਾਮਲਾ ਗੰਭੀਰ ਹੈ ਪਰ ਹੁਣ ਤੱਕ ਵਿਭਾਗ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ, ਇਸ ਲਈ ਕੋਈ ਪ੍ਰੈਕਟੀਕਲ ਤੌਰ 'ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ, ਜਦਕਿ ਪੁਲਸ ਨੇ ਇਸ ਸਾਰੇ ਮਾਮਲੇ 'ਤੇ ਨਜ਼ਰ ਰੱਖੀ ਹੋਈ ਹੈ। ਪੱਤਰਕਾਰ ਵੱਲੋਂ ਬੀਤੀ ਸ਼ਾਮ ਮਿਲੀ ਸੂਚਨਾ ਦੇ ਆਧਾਰ 'ਤੇ ਸਰਵੇਖਣ ਦੌਰਾਨ ਦੇਖਿਆ ਕਿ ਸ਼ੈਲਰ ਮਾਲਕ ਦੀ ਕੋਠੀ ਨੂੰ ਤਾਲੇ ਲੱਗੇ ਹੋਏ ਹਨ। 
ਗਿਣਤੀ ਤੋਂ ਬਾਅਦ ਹੋਵੇਗਾ ਮਾਮਲੇ ਦਾ ਖੁਲਾਸਾ : ਅਮਰਜੀਤ ਸਿੰਘ 
ਸਿਵਲ ਸਪਲਾਈ ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਅਮਰਜੀਤ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਸ਼ੈਲਰ ਦੇ ਮਾਲ ਦੀ ਗਿਣਤੀ ਕਰ ਰਹੀਆਂ ਹਨ। ਇਸ ਵਿਚ ਪਹਿਲੀ ਨਜ਼ਰੇ ਦੇਖਿਆ ਜਾ ਰਿਹਾ ਹੈ ਕਿ ਮਾਲ ਦੀ ਗਿਣਤੀ ਵਿਚ ਗੜਬੜ ਹੋ ਸਕਦੀ ਹੈ ਪਰ ਫਿਰ ਵੀ ਪੂਰੀ ਗਿਣਤੀ ਤੋਂ ਬਾਅਦ ਅੰਕੜੇ ਦਿਖਾਏ ਜਾਣਗੇ। ਇਹ ਪੁੱਛੇ ਜਾਣ 'ਤੇ ਕਿ ਇਸ ਵਿਚ ਕਿਸ-ਕਿਸ ਵਿਭਾਗ ਦੇ ਅਧਿਕਾਰੀ ਸ਼ਾਮਲ ਹੋ ਸਕਦੇ ਹਨ, ਉਨ੍ਹਾਂ ਦੱਸਿਆ ਕਿ ਗਿਣਤੀ ਤੋਂ ਬਾਅਦ ਇਸ ਦਾ ਖੁਲਾਸਾ ਹੋਵੇਗਾ। ਘਪਲਾ ਪਾਏ ਜਾਣ 'ਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇਗੀ ਅਤੇ ਸਬੰਧਤ ਵਿਭਾਗ ਮਿਲ ਕੇ ਇਸ ਦੀ ਜਾਂਚ ਕਰਨਗੇ।
ਦੋਸ਼ੀਆਂ 'ਤੇ ਹੋਵੇਗੀ ਸਖ਼ਤ ਕਾਰਵਾਈ : ਔਜਲਾ
ਇਸ ਸਬੰਧੀ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਮਾਮਲੇ ਲਈ ਵਿਭਾਗਾਂ ਨੂੰ ਪਹਿਲਾਂ ਵੀ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਫੂਡ ਸਪਲਾਈ ਵਿਭਾਗ ਦੇ ਕੁਝ ਅਧਿਕਾਰੀ ਸਿੱਧੇ ਤੌਰ 'ਤੇ ਇਸ ਵਿਚ ਸ਼ਾਮਲ ਹਨ। ਮਾਮਲਾ ਇੰਨਾ ਗੰਭੀਰ ਹੈ ਕਿ ਕਈ ਹੋਰ ਲੋਕ ਵੀ ਇਸ ਵਿਚ ਫਸਣਗੇ। ਇਸ ਮਾਮਲੇ 'ਚ ਜਦੋਂ ਤੱਕ ਕੋਈ ਨਤੀਜਾ ਨਹੀਂ ਨਿਕਲਦਾ, ਉਦੋਂ ਤੱਕ ਉਹ ਇਸ 'ਤੇ ਦਬਾਅ ਬਣਾਈ ਰੱਖਣਗੇ। 


Related News