ਰੂੰ ਬਾਜ਼ਾਰ ਮੂਧੇ ਮੂੰਹ ਡਿੱਗਾ, ਤੇਜੜੀਆਂ ਦੇ ਛੁੱਟੇ ਪਸੀਨੇ

Monday, Jan 29, 2018 - 09:51 AM (IST)


ਜੈਤੋਂ (ਪਰਾਸ਼ਰ) - ਉੱਤਰੀ ਖੇਤਰੀ ਸੂਬਿਆਂ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ 'ਚ ਹੁਣ ਤੱਕ 37,81,500 ਗੰਢ ਕਪਾਹ ਦੀ ਪਹੁੰਚੀ ਹੈ, ਜਿਸ 'ਚ ਪੰਜਾਬ ਦੀਆਂ 6,23,000 ਗੰਢਾਂ, ਹਰਿਆਣਾ ਦੀਆਂ 14,85,000 ਗੰਢਾਂ ਤੇ ਜ਼ਿਲਾ ਹਨੂਮਾਨਗੜ੍ਹ-ਸ਼੍ਰੀਗੰਗਾਨਗਰ ਦੀਆਂ 7,33,500 ਗੰਢਾਂ ਆਈਆਂ ਹਨ। ਇਹ ਜਾਣਕਾਰੀ ਰੂੰ ਕਾਰੋਬਾਰੀ ਕੰਪਨੀ ਡੀ. ਡੀ. ਬਠਿੰਡਾ ਦੇ ਰੂੰ ਪ੍ਰਚੇਜ਼ਰ ਸਤੀਸ਼ ਸ਼ਰਮਾ ਨੇ ਦਿੰਦੇ ਹੋਏ ਦੱਸਿਆ ਕਿ ਚਾਲੂ ਕਪਾਹ ਸੈਸ਼ਨ ਦੌਰਾਨ ਉਤਰੀ ਖੇਤਰੀ ਸੂਬਿਆਂ 'ਚ ਕਪਾਹ ਪੈਦਾਵਾਰ ਬੀਤੇ ਸਾਲ ਦੀ ਤੁਲਨਾ ਕਾਫੀ ਚੰਗੀ ਰਹੇਗੀ।
ਕਪਾਹ ਜਿਨਰਾਂ (ਤੇਜੜੀਆਂ) ਨੂੰ ਵੱਡੀ ਉਮੀਦ ਸੀ ਕਿ ਰੂੰ ਦੀਆਂ ਕੀਮਤਾਂ 'ਚ 200-300 ਰੁਪਏ ਮਣ ਜਲਦ ਵਧ ਸਕਦੀਆਂ ਹਨ ਪਰ ਇਸ ਹਫਤੇ ਰੂੰ ਬਾਜ਼ਾਰ ਅਚਾਨਕ ਤੇਜ਼ੀ ਦੀ ਪਟੜੀ ਤੋਂ ਮੂਧੇ ਮੂੰਹ ਆ ਡਿੱਗਿਆ, ਜਿਸ ਨਾਲ ਕਈ ਤੇਜੜੀਆਂ ਦੇ ਪਸੀਨੇ ਛੁੱਟ ਗਏ। ਭਾਰਤੀ ਰੂੰ ਬਾਜ਼ਾਰ 'ਚ 225 ਰੁਪਏ ਮਣ ਕੀਮਤਾਂ ਦੀ ਗਿਰਾਵਟ ਨੂੰ ਵੱਡੀ ਮੰਦੀ ਮੰਨਿਆ ਜਾਂਦਾ ਹੈ। ਇਸ ਹਫਤੇ ਰੂੰ ਕੀਮਤਾਂ ਡਿੱਗ ਕੇ ਪੰਜਾਬ 4230-4250 ਰੁਪਏ ਮਣ, ਹਰਿਆਣਾ 4240-4250 ਰੁਪਏ ਮਣ ਤੇ ਹਨੂਮਾਨਗੜ੍ਹ ਸਰਕਲ 4265 ਰੁਪਏ ਮਣ ਰਹਿ ਗਈਆਂ। ਰੂੰ ਮੰਦੜੀਆਂ (ਕੱਤਈ ਮਿੱਲਾਂ) ਨੇ ਵੱਡੀ ਉਮੀਦ ਜਤਾਈ ਹੈ ਕਿ ਰੂੰ ਕੀਮਤਾਂ ਹੋਰ ਵੀ ਫਿਸਲ ਸਕਦੀਆਂ ਹਨ।


Related News