ਅਕਾਲੀ-ਬਸਪਾ ਗਠਜੋੜ ਦੇ ਤੋੜ ਵਜੋਂ ਤਿਵਾੜੀ ਜਾਂ ਸਿੰਗਲਾ ਨੂੰ ਕਾਂਗਰਸ ਬਣਾ ਸਕਦੀ ਹੈ ਪੰਜਾਬ ਪ੍ਰਧਾਨ

Tuesday, Jun 15, 2021 - 01:21 AM (IST)

ਅਕਾਲੀ-ਬਸਪਾ ਗਠਜੋੜ ਦੇ ਤੋੜ ਵਜੋਂ ਤਿਵਾੜੀ ਜਾਂ ਸਿੰਗਲਾ ਨੂੰ ਕਾਂਗਰਸ ਬਣਾ ਸਕਦੀ ਹੈ ਪੰਜਾਬ ਪ੍ਰਧਾਨ

ਪਟਿਆਲਾ(ਰਾਜੇਸ਼ ਪੰਜੌਲਾ)- ਪੰਜਾਬ ਦੀ ਕੈਪਟਨ ਸਰਕਾਰ ਦੇ ਸਾਢੇ 4 ਸਾਲ ਮੁਕੰਮਲ ਹੋਣ ਅਤੇ ਕੋਰੋਨਾ ਦੇ ਕੇਸ ਘਟਣ ਤੋਂ ਬਾਅਦ ਸੂਬੇ ਦੀ ਸਿਆਸਤ ’ਚ ਅਚਾਨਕ ਗਰਮੀ ਆ ਗਈ ਹੈ। ਜਿਥੇ ਅਕਾਲੀ ਦਲ ਨੇ ਭਾਜਪਾ ਦਾ ਬਦਲ ਬਸਪਾ ਦੇ ਰੂਪ ’ਚ ਲੈ ਕੇ ਪੰਜਾਬ ’ਚ ਜੱਟ-ਦਲਿਤ ਕੰਬੀਨੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਹੀ ਕਾਂਗਰਸ ਪਾਰਟੀ ਪੰਜਾਬ ’ਚ ਹਿੰਦੂ ਵੋਟ ਬੈਂਕ ਨੂੰ ਕੈਪਚਰ ਕਰਨ ਲਈ ਐਕਟਿਵ ਹੋ ਗਈ ਹੈ। ਕਾਂਗਰਸ ਦੇ ਉੱਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ-ਬਸਪਾ ਗਠਜੋੜ ਤੋਂ ਬਾਅਦ ਕਾਂਗਰਸ ਸ੍ਰੀ ਆਨੰਦਪੁਰ ਸਾਹਿਬ ਤੋਂ ਐੱਮ. ਪੀ. ਮਨੀਸ਼ ਤਿਵਾੜੀ ਜਾਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪ ਸਕਦੀ ਹੈ। ਇਸ ਸਬੰਧੀ ਪਾਰਟੀ ਹਾਈਕਮਾਂਡ ਨੇ ਕਈ ਪੱਧਰ ਦੀਆਂ ਮੀਟਿੰਗਾਂ ਕਰ ਕੇ ਇਹ ਗੱਲ ਆਲ ਇੰਡੀਆ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੱਕ ਪਹੁੰਚਾ ਦਿੱਤੀ ਹੈ।

ਇਹ ਵੀ ਪੜ੍ਹੋ: ਵਿਰੋਧੀ ਧਿਰ ਦੇ ਲੀਡਰਾਂ ਨੂੰ ਅੰਦੋਲਨ ਤੋਂ ਦੂਰ ਰੱਖਣਾ ਮੋਰਚੇ ਦੀ ਸਭ ਤੋਂ ਵੱਡੀ ਗਲਤੀ : ਚਢੂਨੀ (ਵੀਡੀਓ)

ਇਸ ਗੱਲ ਨੂੰ ਹਵਾ ਉਸ ਸਮੇਂ ਮਿਲੀ ਜਦੋਂ ਅੱਜ ਮਨੀਸ਼ ਤਿਵਾੜੀ ਨੇ ਆਪਣੇ ਟਵਿਟਰ ’ਤੇ ਆਪਣੇ ਨਾਨਾ ਤੀਰਥ ਸਿੰਘ ਗੁਰਮ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਗਿਆਨੀ ਜੈਲ ਸਿੰਘ, ਮਹਾਰਾਜਾ ਯਾਦਵਿੰਦਰ ਸਿੰਘ, ਪੰਡਿਤ ਜਵਾਹਰ ਲਾਲ ਨਹਿਰੂ ਨਜ਼ਰ ਆ ਰਹੇ ਹਨ। ਰਾਜਸੀ ਮਾਹਿਰ ਦੱਸ ਰਹੇ ਹਨ ਕਿ ਤਿਵਾੜੀ ਵੱਲੋਂ ਇਹ ਤਸਵੀਰ ਸਾਂਝੀ ਕਰ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਉਹ ਹਿੰਦੂ ਪਰਿਵਾਰ (ਬ੍ਰਾਹਮਣ) ਨਾਲ ਸਬੰਧਤ ਹਨ ਪਰ ਉਸ ਦੇ ਨਾਨਾ ਜੀ ਜੱਟ ਸਿੱਖ ਸਨ। ਮਨੀਸ਼ ਤਿਵਾੜੀ ਦੇ ਪਿਤਾ ਪੰਜਾਬੀ ਦੇ ਪ੍ਰਸਿੱਧ ਲੇਖਕ ਵਿਸ਼ਵ ਨਾਥ ਤਿਵਾੜੀ ਸਨ, ਜਿਨ੍ਹਾਂ ਨੂੰ 1984 ’ਚ ਅੱਤਵਾਦ ਦੇ ਸਮੇਂ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ ਸੀ। ਮਨੀਸ਼ ਤਿਵਾੜੀ ਦੇ ਜਾਤੀਗਤ ਸਮੀਕਰਨ ਅਤੇ ਉਨ੍ਹਾਂ ਦੇ ਪਿਤਾ ਦੀ ਸ਼ਹਾਦਤ ਦੇ ਆਧਾਰ ’ਤੇ ਕਾਂਗਰਸ ਉਨ੍ਹਾਂ ਨੂੰ ਨਵਾਂ ਪ੍ਰਧਾਨ ਥਾਪ ਸਕਦੀ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਵੀ ਕਾਂਗਰਸ ਹਾਈਕਮਾਂਡ ਨੂੰ ਇਨ੍ਹਾਂ ਦੋਨਾਂ ’ਚੋਂ ਕਿਸੇ ਇਕ ਨੂੰ ਪ੍ਰਧਾਨ ਬਣਾਉਣ ’ਤੇ ਸਹਿਮਤੀ ਦੇ ਦਿੱਤੀ ਹੈ। ਮਨੀਸ਼ ਤਿਵਾੜੀ ਵੱਲੋਂ ਜਾਰੀ ਕੀਤੀ ਗਈ ਫੋਟੋ ਤੋਂ ਬਾਅਦ ਇਹ ਸੰਭਾਵਨਾਵਾਂ ਚਲਾਈਆਂ ਜਾ ਰਹੀਆਂ ਹਨ ਕਿ ਤਿਵਾੜੀ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਲਈ ਐਲਾਨ ਕਿਸੇ ਸਮੇਂ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਵੱਲੋਂ ਪੰਜਾਬ ਦੇ ਸਕੂਲ ਨੰਬਰ ਇਕ ਹੋਣ ਦੇ ਅੰਕੜੇ ਨੂੰ ਜਨਤਾ ਨੇ ਨਕਾਰਿਆ : ਭਰਾਜ

ਸਿੱਧੂ ਬਣ ਸਕਦੇ ਹਨ ਕੰਪੇਨ ਕਮੇਟੀ ਦੇ ਮੈਂਬਰ
ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਾਬਕਾ ਕ੍ਰਿਕਟਰ ਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਂਡ ਹਰ ਹਾਲਤ ’ਚ ਪਾਰਟੀ ’ਚ ਰੱਖਣਾ ਚਾਹੁੰਦੀ ਹੈ। ਸੂਤਰਾਂ ਅਨੁਸਾਰ ਸਿੱਧੂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਕੰਪੇਨ ਕਮੇਟੀ ਦਾ ਚੇਅਰਮੈਨ ਲਾਇਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਸਿੱਧੂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਕੌਮੀ ਪੱਧਰ ’ਤੇ ਪਾਰਟੀ ਦਾ ਜਨਰਲ ਸਕੱਤਰ ਬਣਾ ਦਿੱਤਾ ਜਾਵੇਗਾ ਪਰ ਸਿੱਧੂ ਨੇ ਕੌਮੀ ਸਿਆਸਤ ਤੋਂ ਕਿਨਾਰਾ ਕਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਗੱਲ ਚੱਲ ਰਹੀ ਹੈ।

ਰਾਜ ਕੁਮਾਰ ਵੇਰਕਾ ਬਣ ਸਕਦੇ ਹਨ ਸਹਿ-ਪ੍ਰਧਾਨ
ਕਾਂਗਰਸ ਦੇ ਉੱਚ ਪੱਧਰੀ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ ਦਲਿਤ ਵੋਟ ਬੈਂਕ ਲਈ ਰਾਜ ਕੁਮਾਰ ਵੇਰਕਾ ਨੂੰ ਸਹਿ ਪ੍ਰਧਾਨ ਲਾਇਆ ਜਾ ਸਕਦਾ ਹੈ। ਰਾਜ ਕੁਮਾਰ ਵੇਰਕਾ ਕਾਫੀ ਸਮੇਂ ਤੋਂ ਕੈਬਨਿਟ ਮੰਤਰੀ ਬਣਨ ਲਈ ਜ਼ੋਰ ਲਾ ਰਹੇ ਹਨ। ਪੰਜਾਬ ਦੇ ਦਲਿਤ ਵੋਟਰਾਂ ’ਤੇ ਉਨ੍ਹਾਂ ਦੀ ਕਾਫੀ ਪਕਡ਼ ਹੈ। ਦਲਿਤ ਦੇ ਨਾਲ-ਨਾਲ ਉਹ ਹਿੰਦੂ ਵੀ ਹਨ, ਜਿਸ ਦਾ ਫਾਇਦਾ ਕਾਂਗਰਸ ਨੂੰ 2022 ’ਚ ਮਿਲ ਸਕਦਾ ਹੈ।

ਇਹ ਵੀ ਪੜ੍ਹੋ: ਜੇਕਰ 'ਬਾਦਲ' ਜਾਂਚ ਟੀਮ ਅੱਗੇ ਪੇਸ਼ ਨਹੀਂ ਹੁੰਦੇ ਤਾਂ ਸਿੱਖ ਜਥੇਬੰਦੀਆਂ ਵਲੋਂ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ : ਦਾਦੂਵਾਲ

ਟਕਸਾਲੀ ਕਾਂਗਰਸੀ ਲਾਲ ਸਿੰਘ ਨੂੰ ਚਾਹੁੰਦੇ ਹਨ ਪ੍ਰਧਾਨ
ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ। ਹਰ ਸਰਕਾਰ ’ਚ ਮੰਤਰੀ ਰਹਿਣ ਵਾਲੇ ਪੰਜਾਬ ਮੰਡੀ ਬੋਰਡ ਦੇ ਮੌਜੂਦਾ ਚੇਅਰਮੈਨ ਲਾਲ ਸਿੰਘ ਨੂੰ ਟਕਸਾਲੀ ਕਾਂਗਰਸੀ ਲੀਡਰਸ਼ਿਪ ਪੰਜਾਬ ਕਾਂਗਰਸ ਦਾ ਪ੍ਰਧਾਨ ਚਾਹੁੰਦੀ ਹੈ। ਕਾਂਗਰਸ ਦੇ ਇਕ ਵਰਗ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਕਾਂਗਰਸ ਹਾਈਕਮਾਂਡ ਕੋਲ ਇਹ ਗੱਲ ਪਹੁੰਚਾਈ ਹੈ ਕਿ ਜੇਕਰ 2022 ’ਚ ਸੂਬੇ ’ਚ ਕਾਂਗਰਸ ਸਰਕਾਰ ਰਿਪੀਟ ਕਰਨੀ ਹੈ ਤਾਂ ਲਾਲ ਸਿੰਘ ਨੂੰ ਪ੍ਰਧਾਨ ਬਣਾ ਕੇ ਨਾਲ 2 ਵਰਕਿੰਗ ਪ੍ਰਧਾਨ ਲਾਏ ਜਾਣ। ਇਨ੍ਹਾਂ ’ਚ ਇਕ ਦਲਿਤ ਅਤੇ ਇਕ ਹਿੰਦੂ ਹੋਵੇ। ਪੰਜਾਬ ਦਾ ਮੁੱਖ ਮੰਤਰੀ ਕਿਉਂ ਜੱਟ ਸਿੱਖ ਨੇ ਹੀ ਬਣਨਾ ਹੁੰਦਾ ਹੈ। ਜੇਕਰ ਲਾਲ ਸਿੰਘ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਪੱਛਡ਼ੀਆਂ ਸ਼੍ਰੇਣੀਆਂ ਦੇ ਵੋਟ ਬੈਂਕ ਦਾ ਕਾਂਗਰਸ ਨੂੰ ਵੱਡਾ ਲਾਭ ਮਿਲੇਗਾ। ਕਾਰਜਕਾਰੀ ਪ੍ਰਧਾਨ ਲਾ ਕੇ ਹਿੰਦੂ ਅਤੇ ਦਲਿਤ ਦਾ ਕੰਬੀਨੇਸ਼ਨ ਠੀਕ ਬਣ ਜਾਵੇਗਾ। ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਂਡ ਇਸ ਫਾਰਮੂਲੇ ’ਤੇ ਵੀ ਵਿਚਾਰ ਕਰ ਰਹੀ ਹੈ ਕਿ ਲਾਲ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾ ਕੇ 2 ਵਰਕਿੰਗ ਪ੍ਰਧਾਨ ਲਾ ਦਿੱਤੇ ਜਾਣ।
 


author

Bharat Thapa

Content Editor

Related News