ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਅਤੇ ਪਿੰਡ ਵਾਸੀਆਂ ''ਚ ਝੜਪ

06/30/2017 3:42:21 AM

ਬਟਾਲਾ,  (ਬੇਰੀ, ਸੈਂਡੀ)- ਅੱਜ ਦੇਰ ਸ਼ਾਮ ਨਵੀਂ ਆਬਾਦੀ ਉਮਰਪੁਰਾ ਵਿਖੇ ਉਸ ਵੇਲੇ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਤੇ ਪਿੰਡ ਵਾਸੀਆਂ ਵਿਚਾਲੇ ਤਿੱਖੀ ਝੜਪ ਹੋ ਗਈ, ਜਦੋਂ ਐਕਸਾਈਜ਼ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਨਵੀਂ ਆਬਾਦੀ ਉਮਰਪੁਰਾ ਵਿਖੇ ਰਹਿੰਦੇ ਇਕ ਪਰਿਵਾਰ ਦੇ ਘਰ ਛਾਪਾ ਮਾਰਨ ਲਈ ਪੁੱਜੀ। 
ਕੀ ਹੈ ਮਾਮਲਾ
ਅੱਜ ਦੇਰ ਸ਼ਾਮ ਮੁਖਬਰ ਨੇ ਐਕਸਾਈਜ਼ ਵਿਭਾਗ ਬਟਾਲਾ ਦੇ ਅਧਿਕਾਰੀਆਂ ਨੂੰ ਗੁਪਤ ਸੂਚਨਾ ਦਿੱਤੀ ਸੀ ਕਿ ਨਵੀਂ ਆਬਾਦੀ ਉਮਰਪੁਰਾ ਵਿਖੇ ਰਹਿੰਦੇ ਹੀਰਾ ਸਿੰਘ ਪੁੱਤਰ ਸੁਲੱਖਣ ਸਿੰਘ ਤੇ ਉਸ ਦਾ ਪਰਿਵਾਰ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜਿਸ ਦੇ ਤੁਰੰਤ ਬਾਅਦ ਐਕਸਾਈਜ਼ ਵਿਭਾਗ ਦੇ ਐਕਸਾਈਜ਼ ਇੰਸਪੈਕਟਰ ਰਮਨ ਸ਼ਰਮਾ ਦੀ ਅਗਵਾਈ ਹੇਠ ਐਕਸਾਈਜ਼ ਕਰਮਚਾਰੀ ਹੌਲਦਾਰ ਸੁਖਵਿੰਦਰ ਸਿੰਘ, ਹੌਲਦਾਰ ਰਮੇਸ਼ ਕੁਮਾਰ, ਹੌਲਦਾਰ ਹਰਵੰਤ ਸਿੰਘ ਨੇ ਸਮੁੱਚੀ ਟੀਮ ਸਮੇਤ 4 ਬਲੈਰੋ ਗੱਡੀਆਂ 'ਤੇ ਸਵਾਰ ਹੋ ਕੇ ਹੀਰਾ ਸਿੰਘ ਦੇ ਗ੍ਰਹਿ ਵਿਖੇ ਛਾਪਾ ਮਾਰਿਆ ਤਾਂ ਅੱਗੋਂ ਹੀਰਾ ਸਿੰਘ ਤੇ ਉਸ ਦੇ ਪਰਿਵਾਰ ਦੀ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਨਾਲ ਤਿੱਖੀ ਝੜਪ ਹੋ ਗਈ, ਜਿਸ ਦੌਰਾਨ ਰੌਲਾ-ਰੱਪਾ ਸੁਣਦਿਆਂ ਸਮੁੱਚਾ ਪਿੰਡ ਨਵੀਂ ਆਬਾਦੀ ਉਮਰਪੁਰਾ ਦੇ ਲੋਕ ਇਕ ਭੀੜ ਦੇ ਰੂਪ ਵਿਚ ਇਕੱਠੇ ਹੋ ਗਏ ਅਤੇ ਹੀਰਾ ਸਿੰਘ ਦੇ ਹੱਕ ਵਿਚ ਨਿੱਤਰ ਆਏ।ਇਸ ਦੌਰਾਨ ਭੀੜ ਨੇ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਕ੍ਰਿਪਾਨਾਂ ਆਦਿ ਦੀ ਵੀ ਵਰਤੋਂ ਕੀਤੀ ਗਈ। ਇਹ ਵੀ ਪਤਾ ਚੱਲਿਆ ਹੈ ਕਿ ਹੋਈ ਇਸ ਤਿੱਖੀ ਝੜਪ ਦੌਰਾਨ ਸ਼ਰਾਬ ਠੇਕੇਦਾਰਾਂ ਦੀਆਂ 2 ਗੱਡੀਆਂ ਵੀ ਲੋਕਾਂ ਦੀ ਭੀੜ ਵੱਲੋਂ ਭੰਨ ਦਿੱਤੀਆਂ ਗਈਆਂ ਅਤੇ ਕਰਮਚਾਰੀਆਂ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ। 
ਕੀ ਕਹਿਣਾ ਹੈ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਦਾ
ਉਕਤ ਮਾਮਲੇ ਸਬੰਧੀ ਜਦੋਂ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਰਮਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਸਮੇਂ ਐਕਸਾਈਜ਼ ਵਿਭਾਗ ਦੀ ਟੀਮ ਉਕਤ ਪਿੰਡ ਵਿਚ ਛਾਪੇਮਾਰੀ ਲਈ ਗਈ ਸੀ ਤਾਂ ਹੀਰਾ ਸਿੰਘ ਦੇ ਪਰਿਵਾਰ ਨੇ ਟੀਮ ਨੂੰ ਸਹਿਯੋਗ ਨਾ ਦਿੰਦੇ ਹੋਏ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਹੀਰਾ ਸਿੰਘ ਤੇ ਉਸ ਦੇ ਪਰਿਵਾਰ ਵੱਲੋਂ ਕਰਮਚਾਰੀਆਂ 'ਤੇ ਕੀਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ 'ਚ 4 ਕਰਮਚਾਰੀ ਅਮਰਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਾਨਾਂਵਾਲਾ ਅੰਮ੍ਰਿਤਸਰ, ਨਿਰਮਲ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਮਹਿਤਾ, ਜਸਬੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਾਕੋਵਾਲ ਜ਼ਿਲਾ ਅੰਮ੍ਰਿਤਸਰ ਅਤੇ ਤਰਸੇਮ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਮੁਰਗੀ ਮੁਹੱਲਾ ਬਟਾਲਾ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। 
ਕੀ ਕਹਿਣਾ ਹੈ ਹੀਰਾ ਸਿੰਘ ਦਾ
ਉਕਤ ਮਾਮਲੇ ਸਬੰਧੀ ਜਦੋਂ ਹੀਰਾ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਨਵੀਂ ਆਬਾਦੀ ਉਮਰਪੁਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਸਾਡੇ ਘਰ ਐਕਸਾਈਜ਼ ਵਿਭਾਗ ਦੇ ਕਰਿੰਦੇ ਆਏ ਸਨ, ਜਿਨ੍ਹਾਂ ਨੇ ਆਉਂਦਿਆਂ ਹੀ ਸਾਡੇ ਨਾਲ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੀ ਮਾਤਾ ਚਰਨਜੀਤ ਕੌਰ ਪਤਨੀ ਸੁਲੱਖਣ ਸਿੰਘ ਦੇ ਸਿਰ ਵਿਚ ਸੱਟਾਂ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਦਕਿ ਮੇਰੀ ਪਤਨੀ ਸੰਦੀਪ ਕੌਰ ਦੇ ਨਾਲ ਕਰਮਚਾਰੀਆਂ ਵੱਲੋਂ ਹੱਥੋਪਾਈ ਕਰਨ ਦੇ ਨਾਲ-ਨਾਲ ਮੇਰੀ ਵੀ ਮਾਰ-ਕੁੱਟ ਕੀਤੀ ਗਈ, ਜਿਸ 'ਤੇ ਅਸੀਂ ਰੌਲਾ ਪਾਇਆ ਤਾਂ ਪਿੰਡ ਵਾਸੀ ਉਨ੍ਹਾਂ ਦੇ ਹੱਕ ਵਿਚ ਇਕੱਠੇ ਹੋ ਗਏ, ਜਿਨ੍ਹਾਂ ਨੂੰ ਦੇਖ ਕੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਉਥੋਂ ਭੱਜ ਗਏ। ਉਪਰੰਤ ਪਿੰਡ ਵਾਸੀਆਂ ਨੇ ਸਾਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ। ਇਹ ਵੀ ਪਤਾ ਲੱਗਾ ਹੈ ਕਿ ਚਰਨਜੀਤ ਕੌਰ ਨੂੰ ਡਾਕਟਰਾਂ ਨੇ ਹਾਲਤ ਗੰਭੀਰ ਹੁੰਦੀ ਦੇਖ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।
ਪੁਲਸ ਪੁੱਜੀ ਮੌਕੇ 'ਤੇ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਚੌਕੀ ਅਰਬਨ ਅਸਟੇਟ ਦੇ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਪੁਲਸ ਪਾਰਟੀ ਸਮੇਤ ਮੌਕੇ ਦਾ ਜਾਇਜ਼ਾ ਲੈਂਦਿਆਂ ਸਥਿਤੀ ਨੂੰ ਕਾਬੂ ਕੀਤਾ ਅਤੇ ਆਪਣੇ ਆਲ੍ਹਾ ਅਧਿਕਾਰੀਆਂ ਨੂੰ ਸੂਚਨਾ ਦਿੱਤੀ, ਜਿਸ 'ਤੇ ਐੱਸ. ਐੱਚ. ਓ. ਸਿਵਲ ਲਾਈਨ ਅਮੋਲਕ ਸਿੰਘ ਵੀ ਭਾਰੀ ਪੁਲਸ ਬਲ ਸਮੇਤ ਮੌਕੇ 'ਤੇ ਪਹੁੰਚ ਗਏ। 
ਦੋਸ਼ੀ ਬਖਸ਼ੇ ਨਹੀਂ ਜਾਣਗੇ : ਐੱਸ. ਐੱਚ. ਓ.
ਉਕਤ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਸਿਵਲ ਲਾਈਨ ਅਮੋਲਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਸਿਵਲ ਹਸਪਤਾਲ ਵਿਖੇ ਦਾਖਲ ਹਨ ਅਤੇ ਦੋਵਾਂ ਦਾ ਪੱਖ ਜਾਨਣ ਉਪਰੰਤ ਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 


Related News