ਮੁੱਖ ਮੰਤਰੀ ਨੇ ਸੂਬੇ ਦੇ ਸੰਪੂਰਨ, ਨਿਰੰਤਰ ਅਤੇ ਸਰਵ-ਪੱਖੀ ਵਿਕਾਸ ਦੀ ਵਚਨਬੱਧਤਾ ’ਤੇ ਦਿੱਤਾ ਜ਼ੋਰ

Sunday, Oct 17, 2021 - 08:13 PM (IST)

ਮੁੱਖ ਮੰਤਰੀ ਨੇ ਸੂਬੇ ਦੇ ਸੰਪੂਰਨ, ਨਿਰੰਤਰ ਅਤੇ ਸਰਵ-ਪੱਖੀ ਵਿਕਾਸ ਦੀ ਵਚਨਬੱਧਤਾ ’ਤੇ ਦਿੱਤਾ ਜ਼ੋਰ

ਪਠਾਨਕੋਟ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸੰਪੂਰਨ, ਨਿਰੰਤਰ ਅਤੇ ਵਿਆਪਕ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ।

ਮੁੱਖ ਮੰਤਰੀ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਲ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੇ ਨਾਲ ਪਠਾਨਕੋਟ ਦੇ ਸਵਾਮੀ ਜਗਤ ਗਿਰੀ ਆਸ਼ਰਮ ਵਿਖੇ ਮੱਥਾ ਟੇਕਿਆ। ਲੋਕਾਂ ਦੇ ਵਿੱਚ ਬੈਠ ਕੇ ਸਤਿਸੰਗ ਵਿੱਚ ਸ਼ਾਮਲ ਹੋਏ ਸ੍ਰੀ ਚੰਨੀ ਨੇ ਆਸ਼ਰਮ  ਨੂੰ ਜਾਂਦੀ ਸੜਕ ਨੂੰ ਚੌੜਾ ਕਰਨ ਵਾਲੇ ਪ੍ਰਾਜੈਕਟ ਲਈ 51 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਆਸ਼ਰਮ ਦੀ ਹਦੂਦ ਅੰਦਰ ਐਮਕੇਐਮ ਪਬਲਿਕ ਸਕੂਲ ਵਿੱਚ ਹੋਸਟਲ ਦਾ ਨੀਂਹ ਪੱਥਰ ਵੀ ਰੱਖਿਆ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਡੇਰਾ ਸੱਚਖੰਡ ਬੱਲਾਂ, ਜਲੰਧਰ ਵਿਖੇ ਸ੍ਰੀ ਗੁਰੂ ਰਵੀਦਾਸ ਚੇਅਰ ਸਥਾਪਤ ਕਰਨ ਦਾ ਐਲਾਨ ਕਰ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਛੇਤੀ ਹੀ ਕੈਬਨਿਟ ਦੀ ਮਨਜ਼ੂਰੀ ਮਿਲ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਜਿੰਮੇਵਾਰ ਹਨ। ਉਨਾਂ ਕਿਹਾ ਕਿ ਭਾਵੇਂ ਸਰਕਾਰ ਕੋਲ ਸਮਾਂ ਬਹੁਤ ਸੀਮਤ ਹੈ ਪਰ ਉਨਾਂ ਦੀ ਸਰਕਾਰ ਪਹਿਲਾਂ ਹੀ ਸੂਬੇ ਦੀ ਤਰੱਕੀ ਵਿੱਚ ਤੇਜ਼ੀ ਲਿਆਉਣ ਲਈ  ਸੁਹਿਰਦਤਾ ਨਾਲ ਯਤਨਸ਼ੀਲ ਹੈ। ਸ੍ਰੀ ਚੰਨੀ ਨੇ ਦੁਹਰਾਇਆ ਕਿ ਰਾਜ ਸਰਕਾਰ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਸਵਾਮੀ ਗੁਰਦੀਪ ਗਿਰੀ ਜੀ ਤੋਂ ਆਸ਼ੀਰਵਾਦ ਲੈਂਦੇ ਹੋਏ ਮੁੱਖ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨਾਂ ਦੀ ਸਰਕਾਰ ਗਰੀਬ-ਪੱਖੀ ਪਹਿਲਕਦਮੀਆਂ ਨੂੰ ਸਮਾਂਬੱਧ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਸਤੀਆਂ ਅਤੇ ਮਿਆਰੀ ਸਿਹਤ ਅਤੇ ਸਿੱਖਿਆ ਸਹੂਲਤਾਂ ਉਪਲਬਧ ਕਰਵਾਉਣ ਦੇ ਮੱਦੇਨਜ਼ਰ ਸਿੱਖਿਆ ਅਤੇ ਸਿਹਤ ਖੇਤਰਾਂ ਨੂੰ ਮਜਬੂਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਸਮਾਜ ਦੇ ਕਮਜ਼ੋਰ ਵਰਗ ਦੇ ਰੌਸ਼ਨ ਦਿਮਾਗ, ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ। ਸ੍ਰੀ ਚੰਨੀ ਨੇ ਕਿਹਾ ਕਿ ਸਵਾਮੀ ਗੁਰਦੀਪ ਗਿਰੀ ਜੀ ਜੋ ਵੀ ਉਨਾਂ ਨੂੰ ਕਹਿਣਗੇ, ਉਹ ਤੁਰੰਤ ਪੂਰਾ ਕਰ ਦਿੱਤਾ ਜਾਵੇਗਾ।

ੳੁੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਲ ਮੰਤਰੀ ਅਰੁਣਾ ਚੌਧਰੀ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਸਤਿਸੰਗ ਦੌਰਾਨ ਸਵਾਮੀ ਗੁਰਦੀਪ ਗਿਰੀ ਜੀ ਨੇ ਮੁੱਖ ਮੰਤਰੀ ਨੂੰ ਦਸਤਾਰ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।ਬਾਅਦ ਵਿੱਚ ਮੁੱਖ ਮੰਤਰੀ ਨੇ ਕਾਲੀ ਮਾਤਾ ਮੰਦਰ ਦੇ ਵੀ ਦਰਸ਼ਨ ਕੀਤੇ। ਇਸ ਮੌਕੇ ਵਿਧਾਇਕ ਅਮਿਤ ਵਿਜ, ਸੁਸ਼ੀਲ ਕੁਮਾਰ ਰਿੰਕੂ ਅਤੇ ਜੋਗਿੰਦਰ ਪਾਲ, ਮੇਅਰ ਪੰਨਾ ਲਾਲ ਭਾਟੀਆ, ਸੀਨੀਅਰ ਪੁਲਿਸ ਕਪਤਾਨ ਸੁਰਿੰਦਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ ਸੰਦੀਪ ਸਿੰਘ ਗੜਾ ਅਤੇ ਹੋਰ ਹਾਜ਼ਰ ਸਨ।


author

Bharat Thapa

Content Editor

Related News