ਮੁੱਖ ਮੰਤਰੀ ਵੱਲੋਂ ਪ੍ਰਬੰਧਕੀ ਸਕੱਤਰਾਂ ਨੂੰ ਸੂਬੇ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਣ ਲਈ ਖਾਕਾ ਤਿਆਰ ਕਰਨ ਦੇ ਹੁਕਮ

09/27/2021 9:12:03 PM

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਸਮੂਹ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਆਪੋ-ਆਪਣੇ ਵਿਭਾਗਾਂ ਦਾ ਵਿਸਥਾਰਿਤ 100 ਦਿਨ ਦਾ ਖਾਕਾ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਸੂਬੇ ਦੇ ਕੰਮਕਾਜ ਵਿੱਚ ਵਧੇਰੇ ਪਾਰਦਰਸ਼ਿਤਾ ਅਤੇ ਕਾਰਜਕੁਸ਼ਲਤਾ ਲਿਆਂਦੀ ਜਾ ਸਕੇ। ਉਨਾਂ ਇਹ ਤਜਵੀਜ਼ਾਂ ਇੱਕ ਹਫਤੇ ਦੇ ਅੰਦਰ ਮੁੱਖ ਸਕੱਤਰ ਨੂੰ ਪੇਸ਼ ਕਰਨ ਲਈ ਕਿਹਾ ਹੈ। ਸਮੂਹ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਚੰਨੀ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਕਿਫਾਇਤੀ ਸਿਹਤ ਸਹੂਲਤਾਂ ਅਤੇ ਖਾਸ ਤੌਰ ’ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕੀਤੀ ਜਾ ਸਕੇ। 

ਇਹ ਵੀ ਪੜ੍ਹੋ- ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ ਨੇ ਰਸਤੇ ’ਚ ਦਿੱਤਾ ਜਾਮ

ਮੁੱਖ ਮੰਤਰੀ ਨੇ ਸਕੱਤਰਾਂ ਨੂੰ ਆਪਣਾ ਫਰਜ਼ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਇੱਕ ਸਾਫ-ਸੁਥਰਾ, ਪਾਰਦਰਸ਼ੀ ਅਤੇ ਭਿ੍ਰਸ਼ਟਾਚਾਰ ਤੋਂ ਮੁਕਤ ਪ੍ਰਸ਼ਾਸਨ ਮਿਲ ਸਕੇ ਜੋਕਿ ਉਨਾਂ ਦੀ ਸਰਕਾਰ ਦੀ ਖਾਸੀਅਤ ਹੈ। ਸ. ਚੰਨੀ ਨੇ ਅੱਗੇ ਕਿਹਾ, ‘‘ ਮੈਂ ਨਰਮ ਸੁਭਾਅ ਦਾ ਜ਼ਰੂਰ ਹਾਂ ਪਰ ਇਸਦਾ ਇਹ ਅਰਥ ਨਾ ਕੱਢਿਆ ਜਾਵੇ ਕਿ ਮੈਂ ਕਿਸੇ ਵੀ ਅਣਗਹਿਲੀ ਨੂੰ ਅੱਖੋ ਪਰੋਖੇ ਕਰ ਦਿਆਂਗਾ। ਮੈਂ ਉਨਾਂ ਖਿਲਾਫ ਕਾਰਵਾਈ ਕਰਾਂਗਾ ਜੋ ਆਮ ਲੋਕਾਂ ਦੇ ਹਿੱਤਾਂ ਨੂੰ ਨਹੀਂ ਪੂਰਨਗੇ।’’

ਭਿ੍ਰਸ਼ਟਾਚਾਰ ਨੂੰ ਬਰਦਾਸ਼ਤ ਨਾ ਕਰਨ ਦਾ ਅਹਿਦ ਕਰਦੇ ਹੋਏ ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਇਸ ਅਲਾਮਤ ਦਾ ਖਾਤਮਾ ਹਰ ਕੀਮਤ ’ਤੇ ਕੀਤਾ ਜਾਣਾ ਜ਼ਰੂਰੀ ਹੈ ਅਤੇ ਆਮ ਆਦਮੀ ਦੇ ਕੰਮ ਤਰਜੀਹੀ ਆਧਾਰ ’ਤੇ ਹੋਣੇ ਚਾਹੀਦੇ ਹਨ। ਉਨਾਂ ਇਹ ਵੀ ਕਿਹਾ ਕਿ ਬਿਨਾਂ ਕਿਸੇ ਵੀ ਧਰਮ, ਜਾਤ ਜਾਂ ਭਾਈਚਾਰੇ ਦੇ ਵਖਰੇਵੇਂ ਤੋਂ ਹਰੇਕ ਨਾਗਰਿਕ ਨਾਲ ਇਨਸਾਫ ਹੋਣਾ ਚਾਹੀਦਾ ਹੈ। 
ਮੁੱਖ ਮੰਤਰੀ ਨੇ ਅਗਾਂਹ ਕਿਹਾ ਕਿ ਭਿ੍ਰਸ਼ਟਾਚਾਰ ਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ ਅਤੇ ਜੇਕਰ ਕੋਈ ਵੀ ਵਿਅਕਤੀ ਉਨਾਂ ਦਾ ਨਾਂ ਲੈ ਕੇ ਤੁਹਾਡੇ ਤੱਕ ਪਹੁੰਚ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਉਨਾਂ ਨੂੰ ਦਿੱਤੀ ਜਾਵੇ। 

ਇਹ ਵੀ ਪੜ੍ਹੋ- ਟਾਇਰਾਂ ਦੇ ਵਪਾਰੀ ਤੋਂ ਲੁੱਟੇ ਗਏ ਕੈਸ਼ ਨਾਲ ਗੱਡੀ ਖਰੀਦ ਕਰ ਰਹੇ ਸਨ ਐਸ਼, 5 ਗ੍ਰਿਫਤਾਰ

ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀਆਂ, ਵਿਧਾਇਕਾਂ ਅਤੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ ਪਰ ਇਸਦੇ ਨਾਲ ਹੀ ਇਹ ਵੀ ਨਿਰਦੇਸ਼ ਦਿੱਤੇ ਕਿ ਫੈਸਲੇ ਲੈਂਦੇ ਸਮੇਂ ਕਾਨੂੰਨ ਅਨੁਸਾਰ ਹੀ ਕੰਮ ਲਿਆ ਜਾਵੇ। ਸ. ਚੰਨੀ ਨੇ ਪ੍ਰਬੰਧਕੀ ਸਕੱਤਰਾਂ ਨੂੰ ਚਾਲੂ ਪ੍ਰਾਜੈਕਟ ਸਮੇਂ ਸਿਰ ਪੂਰੇ ਕਰਨਾ ਯਕੀਨੀ ਬਣਾਉਣ ਲਈ ਵੀ ਕਿਹਾ ਤਾਂ ਜੋ ਸਰਕਾਰ ਦੀਆਂ ਹਰੇਕ ਵਰਗ ਦੀ ਭਲਾਈ ਲਈ ਕੀਤੀਆਂ ਗਈਆਂ ਕਾਰਵਾਈਆਂ ਦਾ ਲਾਭ ਹਰੇਕ ਵਿਅਕਤੀ ਤੱਕ ਪੁੱਜ ਸਕੇ। 

ਸ. ਚੰਨੀ ਨੇ ਪ੍ਰਬੰਧਕੀ ਸਕੱਤਰਾਂ ਨੂੰ ਮੁਲਾਜ਼ਮ ਪੱਖੀ ਪਹੁੰਚ ਅਪਣਾਉਣ ਲਈ ਵੀ ਕਿਹਾ ਤਾਂ ਜੋ ਉਨਾਂ ਦੇ ਮਸਲੇ ਆਰਾਮ ਨਾਲ ਨਿਪਟਾਏ ਜਾ ਸਕਣ ਅਤੇ ਉਨਾਂ ਨੂੰ ਸੰਘਰਸ਼ ਦਾ ਰਾਹ ਨਾ ਫੜਨਾ ਪਵੇ। 
ਮੁੱਖ ਮੰਤਰੀ ਨੂੰ ਇੱਕ ਚੰਗੇ ਪ੍ਰਸ਼ਾਸਨ ਅਤੇ ਉਨਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦਾ ਭਰੋਸਾ ਦਿਵਾਉਂਦੇ ਹੋਏ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਕਿਹਾ ਕਿ ਕਿਉਂਕਿ ਮੁੱਖ ਮੰਤਰੀ ਵੱਲੋਂ ਸਾਫ ਤੌਰ ’ਤੇ ਸੰਦੇਸ਼ ਦੇ ਦਿੱਤਾ ਗਿਆ ਹੈ ਇਸ ਲਈ ਉਨਾਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਚਲਦੇ ਹੋਏ ਇੱਕ ਸਾਫ ਅਤੇ ਪਾਰਦਰਸ਼ੀ ਖਾਕਾ ਤਿਆਰ ਕਰਕੇ ਨਿਰਧਾਰਿਤ ਟੀਚੇ ਹਾਸਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। 


Bharat Thapa

Content Editor

Related News