ਗੁਰਬਾਣੀ ਦੇ ਗ਼ਲਤ ਅਨੁਵਾਦ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪੁੱਜਾ, ਕਾਲਕਾ ਨੇ ਜਥੇਦਾਰ ਤੋਂ ਕੀਤੀ ਇਹ ਮੰਗ

Friday, May 13, 2022 - 12:22 AM (IST)

ਗੁਰਬਾਣੀ ਦੇ ਗ਼ਲਤ ਅਨੁਵਾਦ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪੁੱਜਾ, ਕਾਲਕਾ ਨੇ ਜਥੇਦਾਰ ਤੋਂ ਕੀਤੀ ਇਹ ਮੰਗ

ਚੰਡੀਗੜ੍ਹ (ਬਿਊਰੋ) - ਜਿਸ ਤਰੀਕੇ ਅਮਰੀਕਾ ਨਿਵਾਸੀ ਥਮਿੰਦਰ ਸਿੰਘ ਆਨੰਦ ਤੇ ਕੈਨੇਡਾ ਨਿਵਾਸੀ ਉਂਕਾਰ ਸਿੰਘ ਵੱਲੋਂ ਪੰਥ ਵਿਰੋਧੀ ਤਾਕਤਾਂ ਦਾ ਮੋਹਰਾ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸੈਂਕੜੇ ਗ਼ਲਤੀਆਂ ਤੇ ਤਬਦੀਲੀਆਂ ਕੀਤੀਆਂ ਗਈਆਂ। ਬਿਲਕੁਲ ਉਸੇ ਤਰੀਕੇ ਦਿੱਲੀ ਕਮੇਟੀ ਦਾ ਪ੍ਰਧਾਨ ਹੁੰਦਿਆਂ ਜਥੇਦਾਰ ਅਵਤਾਰ ਸਿੰਘ ਹਿੱਤ ਤੇ ਜਨਰਲ ਸਕੱਤਰ ਸਰਦਾਰ ਕੁਲਮੋਹਨ ਸਿੰਘ ਨੇ ਤੇਲਗੂ ਤੇ ਅੰਗਰੇਜ਼ੀ ਦੇ ਟੀਕਾਕਾਰ ਡਾ. ਵੇਮੁਰਾਜੂ ਭਾਨੂ ਮੂਰਤੀ ਤੋਂ ਗੁਰੂ ਗ੍ਰੰਥ ਸਾਹਿਬ ਦਾ ਗ਼ਲਤ ਤਰਜਮਾ ਕਰਵਾ ਤੇ ਸੈਂਕੜੇ ਗ਼ਲਤੀਆਂ ਵਾਲੇ ਕਿਤਾਬਚੇ ਛਪਵਾ ਕੇ ਸੰਗਤਾਂ ਨੂੰ ਵੰਡੇ ਗਏ। ਇਹ ਹੈਰਾਨੀਜਨਕ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।  ਇੱਥੇ ਜਾਰੀ ਇਕ ਬਿਆਨ ਵਿਚ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਪਿਛਲੀ ਵਾਰ ਅੰਮ੍ਰਿਤਸਰ ’ਚ ਪ੍ਰੈੱਸ ਕਾਨਫਰੰਸ ਕੀਤੀ ਸੀ ਤਾਂ ਉਦੋਂ ਇਕ ਪੱਤਰਕਾਰ ਨੇ ਉਨ੍ਹਾਂ ਤੋਂ ਭਾਨੂੰ ਮੂਰਤੀ ਬਾਰੇ ਸਵਾਲ ਪੁੱਛਿਆ ਸੀ, ਜਿਸਦੀ ਉਨ੍ਹਾਂ ਨੂੰ ਉਸ ਵੇਲੇ ਜਾਣਕਾਰੀ ਨਹੀਂ ਸੀ ਪਰ ਜਦੋਂ ਦਿੱਲੀ ਪਰਤ ਕੇ ਉਨ੍ਹਾਂ ਸਾਰੇ ਮਾਮਲੇ ਦੀ ਘੋਖ ਕਰਵਾਈ ਤਾਂ ਹੈਰਾਨੀਜਨਕ ਤੇ ਲੂੰ ਕੰਡੇ ਖੜ੍ਹੇ ਕਰਨ ਵਾਲੇ ਖੁਲਾਸੇ ਹੋਏ।
ਉਨ੍ਹਾਂ ਦੱਸਿਆ ਕਿ ਸਾਲ 2002 ’ਚ ਦਿੱਲੀ ਕਮੇਟੀ ਦਾ ਪ੍ਰਧਾਨ ਹੁੰਦਿਆਂ ਜਥੇਦਾਰ ਅਵਤਾਰ ਸਿੰਘ ਹਿੱਤ ਤੇ ਜਨਰਲ ਸਕੱਤਰ ਕੁਲਮੋਹਨ ਸਿੰਘ ਨੇ ਤੇਲਗੂ ਤੇ ਅੰਗਰੇਜ਼ੀ ਦੇ ਸਾਹਿਤਕਾਰ ਤੇ ਟੀਕਾਕਾਰ ਡਾ. ਵੇਮੁਰਾਜੂ ਭਾਨੂ ਮੂਰਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 17 ਭਾਸ਼ਾਵਾਂ ’ਚ ਅਨੁਵਾਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਇਹ ਜ਼ਿੰਮੇਵਾਰੀ ਸੌਂਪਦਿਆਂ ਇਨ੍ਹਾਂ ਆਗੂਆਂ ਨੇ ਇਹ ਵੀ ਚੈੱਕ ਨਹੀਂ ਕੀਤਾ ਕਿ ਡਾ. ਭਾਨੂੰ ਮੂਰਤੀ ਨੂੰ ਨਾ ਪੰਜਾਬੀ ਆਉਂਦੀ ਹੈ ਤੇ ਨਾ ਹੀ ਗੁਰਮਤੀ ਸਿਧਾਂਤਾਂ ਤੇ ਸਿੱਖ ਰਹਿਤ ਮਰਿਆਦਾ ਦੀ ਜਾਣਕਾਰੀ ਹੈ। ਇਸ ਗੰਭੀਰ ਮਾਮਲੇ ’ਤੇ ਉਨ੍ਹਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਨਾਲ ਸਲਾਹ ਮਸ਼ਵਰਾ ਕਰਨ ਦੀ ਲੋੜ ਵੀ ਨਹੀਂ ਸਮਝੀ। ਉਸ ਵੇਲੇ ਜਥੇਦਾਰ ਹਿੱਤ ਤੇ ਕੁਲਮੋਹਨ ਸਿੰਘ ਨੇ ਜਪੁਜੀ ਸਾਹਿਬ ਦੇ ਕੀਤੇ ਅਨੁਵਾਦ ਦੇ 17000 ਕਿਤਾਬਚੇ ਛਪਵਾ ਕੇ ਸੰਗਤਾਂ ਵਿਚ ਵੰਡੇ, ਜਿਸ ’ਚੋਂ 1000 ਕਿਤਾਬਚਾ ਹਰ ਭਾਸ਼ਾ ਦਾ ਸੀ। ਇਨ੍ਹਾਂ ਕਿਤਾਬਚਿਆਂ ਨੂੰ ਪ੍ਰਕਾਸ਼ਿਤ ਕਰਨ ਵੇਲੇ ਡਾ. ਭਾਨੂੰ ਮੂਰਤੀ ਨੇ ਗੁਰਬਾਣੀ ’ਚ ਕਈ ਤਬਦੀਲੀਆਂ ਕਰ ਦਿੱਤੀਆਂ ਤੇ ਅਨੇਕਾਂ ਲਗਾ-ਮਾਤਰਾਵਾਂ ਬਦਲ ਦਿੱਤੀਆਂ।

ਇਹ ਖ਼ਬਰ ਪੜ੍ਹੋ- ਸੁੰਦਰਗੜ੍ਹ 'ਚ ਬਣ ਰਿਹਾ ਹੈ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ
 ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਦਿਲ ਵਲੂੰਧਰਣ ਵਾਲੀ ਗੱਲ ਇਹ ਹੈ ਕਿ ਇਹ ਘੋਰ ਕੁਤਾਹੀ ਤੇ ਬੇਅਦਬੀ ਕਰਨ ਤੋਂ ਬਾਅਦ ਜਥੇਦਾਰ ਹਿੱਤ ਤੇ ਕੁਲਮੋਹਨ ਸਿੰਘ ਨੇ ਡਾ. ਭਾਨੂੰ ਮੂਰਤੀ ਨੂੰ ਪੰਥ ਦੇ ਮਹਾਨ ਟੀਕਾਕਾਰ ‘ਭਾਈ ਸਾਹਿਬ ਸਿੰਘ ਜੀ’ ਐਵਾਰਡ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ 20 ਸਾਲ ਪਹਿਲਾਂ ਹੋਈ ਇਹ ਕੁਤਾਹੀ ਤੇ ਬੇਅਦਬੀ ਹੀ ਅੱਜ ਅਮਰੀਕਾ ਨਿਵਾਸੀ ਥਮਿੰਦਰ ਸਿੰਘ ਆਨੰਦ ਤੇ ਕੈਨੇਡਾ ਨਿਾਵਸੀ ਉਂਕਾਰ ਸਿੰਘ ਵੱਲੋਂ ਕੀਤੀ ਕੁਤਾਹੀ ਦਾ ਸਬੱਬ ਬਣੀ ਹੈ।  ਉਨ੍ਹਾਂ ਦੱਸਿਆ ਕਿ ਨੌਜਵਾਨ ਖਾਲਸਾ ਫੁਲਵਾੜੀ ਨਾਂ ਦੀ ਧਾਰਮਿਕ ਜਥੇਬੰਦੀ ਜਿਸ ਦਾ ਦਫਤਰ ਐੱਫ 87, ਪਟੇਲ ਨਗਰ ਨਵੀਂ ਦਿੱਲੀ ਵਿਖੇ ਹੈ, ਨੇ 5 ਜਨਵਰੀ 2005 ਨੂੰ ਇਸ ਦੀ ਸ਼ਿਕਾਇਤ ਤਤਕਾਲੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕੀਤੀ ਪਰ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਹੋਈ। ਇਸ ਜਥੇਬੰਦੀ ਨੇ ਫਿਰ 7 ਮਾਰਚ 2005 ਨੂੰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਯਾਦ ਪੱਤਰ ਭੇਜ ਕੇ ਸ਼ਿਕਾਇਤ ਚੇਤੇ ਕਰਵਾਈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ।
 ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸਬੂਤਾਂ ਤੇ ਸੀ. ਡੀ. ਸਮੇਤ ਇਸ ਦੀ ਸ਼ਿਕਾਇਤ ਕੀਤੀ ਹੈ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਥਮਿੰਦਰ ਸਿੰਘ ਆਨੰਦ ਤੇ ਉਂਕਾਰ ਸਿੰਘ ਵਾਂਗੂ ਹੀ ਇਸ ਮਾਮਲੇ ’ਚ ਵੀ ਪੰਥਕ ਰਵਾਇਤਾਂ ਤੇ ਸਿਧਾਂਤਾਂ ਅਨੁਸਾਰ ਪੰਥਕ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਜਥੇਦਾਰ ਅਵਤਾਰ ਸਿੰਘ ਹਿੱਤ ਤੇ ਕੁਲਮੋਹਨ ਸਿੰਘ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।  ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਦਿੱਲੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਟੀਮ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਹੜਾ ਭਾਈ ਸਾਹਿਬ ਸਿੰਘ ਜੀ ਐਵਾਰਡ ਡਾ. ਭਾਨੂੰ ਪ੍ਰਤਾਪ ਨੂੰ ਦਿੱਤਾ ਸੀ, ਉਹ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਸਿੰਘ ਸਾਹਿਬ ਮਾਮਲਾ ਵੇਖ ਕੇ ਹੈਰਾਨ ਸਨ। ਵੱਖ-ਵੱਖ ਸਵਾਲਾਂ ਦੇ ਜਵਾਬ ’ਚ ਕਾਲਕਾ ਤੇ ਕਾਹਲੋਂ ਨੇ ਦੁਹਰਾਇਆ ਕਿ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਉਪਰ ਹੈ, ਸਾਨੂੰ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਵੇਗਾ, ਅਸੀਂ ਉਸ ਦੀ ਪਾਲਣਾ ਕਰਾਂਗੇ।

ਇਹ ਖ਼ਬਰ ਪੜ੍ਹੋ-ਇੰਗਲਿਸ਼ ਪ੍ਰੀਮੀਅਰ ਲੀਗ : ਡਿ ਬਰੂਏਨ ਦੇ 4 ਗੋਲਾਂ ਨਾਲ ਮੈਨਚੈਸਟਰ ਸਿਟੀ ਦੀ ਵੱਡੀ ਜਿੱਤ
ਉਨ੍ਹਾਂ ਨੇ ਅੱਜ ਸਿੰਘ ਸਾਹਿਬ ਦੀਆਂ ਹਦਾਇਤਾਂ ’ਤੇ ਪੰਥਕ ਇਕੱਠ ਸੱਦਣ ਦੀ ਸਭ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਥਕ ਮਾਮਲਿਆਂ ’ਤੇ ਇਕਸੁਰ ਹੋ ਕੇ ਆਵਾਜ਼ ਬੁਲੰਦ ਹੋਵੇਗੀ। ਇਸ ਪ੍ਰੈੱਸ ਕਾਨਫਰੰਸ ਵਿਚ ਕਾਲਕਾ ਤੇ ਕਾਹਲੋਂ ਨੇ ਸੀ. ਡੀ. ਚਲਾ ਕੇ ਵਿਖਾਈ, ਜਿਸ ’ਚ ਡਾ. ਭਾਨੂੰ ਪ੍ਰਤਾਪ ਵੱਲੋਂ ਗੁਰਬਾਣੀ ਤੁਕਾਂ ਨਾਲ ਕੀਤੀ ਗਈ ਛੇੜਛਾੜ ਦੇ ਸਬੂਤ ਸਨ। ਇਸ ਤੋਂ ਇਲਾਵਾ ਉਨ੍ਹਾਂ ਵੱਖ-ਵੱਖ ਭਾਸ਼ਾਵਾਂ 'ਚ ਜਪੁਜੀ ਸਾਹਿਬ ਦੇ ਕੀਤੇ ਅਨੁਵਾਦ ਦੀਆਂ ਕਾਪੀਆਂ ਵੀਂ ਮੀਡੀਆ ਸਾਹਮਣੇ ਵਿਖਾਈਆਂ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਜਥੇਦਾਰ ਅਵਤਾਰ ਸਿੰਘ ਹਿੱਤ ਦੇ ਮਾਮਲੇ ਦਾ ਕੋਈ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਜਥੇਦਾਰ ਹਿੱਤ ਨੂੰ ਪਟਨਾ ਸਾਹਿਬ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕੀਤੇ ਜਾਵੇ ਤੇ ਕਿਸੇ ਵੀ ਪੰਥਕ ਇਕੱਠ ਵਿਚ ਸ਼ਾਮਲ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਥੇਦਾਰ ਹਿੱਤ ਇਕਲੌਤੇ ਅਜਿਹੇ ਆਦਮੀ ਹਨ, ਜੋ ਵਾਰ-ਵਾਰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤੇ ਗਏ ਹਨ। ਉਨ੍ਹਾਂ ਨੇ ਜਥੇਦਾਰ ਹਿੱਤ ਨੂੰ ਵਾਰ-ਵਾਰ ਅਹੁਦੇ ਦੇ ਕੇ ਨਿਵਾਜਣ ’ਤੇ ਸੁਖਬੀਰ ਸਿੰਘ ਬਾਦਲ ’ਤੇ ਵੀ ਸਵਾਲ ਚੁੱਕੇ। ਇਸ ਮੌਕੇ ਪ੍ਰੈੱਸ ਕਾਨਫਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਐੱਮ. ਪੀ. ਐੱਸ. ਚੱਢਾ, ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਅੰਤਰਿੰਗ ਕਮੇਟੀ ਮੈਂਬਰ ਸਰਦਾਰ ਵਿਕਰਮ ਸਿੰਘ ਰੋਹਿਣੀ, ਕਮੇਟੀ ਮੈਂਬਰ ਸਰਬਜੀਤ ਸਿੰਘ ਵਿਰਕ, ਸੁਖਬੀਰ ਸਿੰਘ ਕਾਲੜਾ, ਜਸਬੀਰ ਸਿੰਘ ਜੱਸੀ, ਮੋਹਿੰਦਰਪਾਲ ਸਿੰਘ ਚੱਢਾ, ਸੁਰਜੀਤ ਸਿੰਘ ਜੀਤੀ, ਗੁਰਦੇਵ ਸਿੰਘ, ਭੁਪਿੰਦਰ ਸਿੰਘ ਗਿੰਨੀ, ਸਤਿੰਦਰਪਾਲ ਸਿੰਘ ਨਾਗੀ, ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਜਸਮੇਨ ਸਿੰਘ ਨੋਨੀ ਤੇ ਹੋਰ ਪਤਵੰਤੇ ਮੌਜੂਦ ਰਹੇ।


author

Gurdeep Singh

Content Editor

Related News