ਬਾਰੂਦ ਦੇ ਢੇਰ ’ਤੇ ਮੋਗਾ ਸ਼ਹਿਰ, ਕਿਸੇ ਸਮੇਂ ਵੀ ਵਾਪਰ ਸਕਦੈ ਵੱਡਾ ਹਾਦਸਾ

Wednesday, Oct 05, 2022 - 05:03 PM (IST)

ਬਾਰੂਦ ਦੇ ਢੇਰ ’ਤੇ ਮੋਗਾ ਸ਼ਹਿਰ, ਕਿਸੇ ਸਮੇਂ ਵੀ ਵਾਪਰ ਸਕਦੈ ਵੱਡਾ ਹਾਦਸਾ

ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਤਿਉਹਾਰੀ ਮੌਸਮ ਵਿਚ ਮਿਠਾਈਆਂ ਦਾ ਸਟਾਕ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਇਕ ਹੋਰ ਜ਼ਮੀਨੀ ਸੱਚ ਸਾਹਮਣੇ ਆਇਆ ਹੈ ਜਿਸ ਵਿਚ ਇਹ ਪਤਾ ਲੱਗਾ ਹੈ ਕਿ ਮੋਗਾ ਜ਼ਿਲ੍ਹੇ ਦੇ ਪਟਾਕਾ ਕਾਰੋਬਾਰੀਆਂ ਨੇ ਵੱਡੇ ਪੱਧਰ ’ਤੇ ਪਟਾਕਿਆਂ ਦਾ ਸਟਾਕ ਵੀ ਕਰ ਲਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਰੋੜਾਂ ਰੁਪਏ ਦੇ ਪਟਾਕਿਆਂ ਦਾ ਸਟਾਕ ਸ਼ਹਿਰ ਦੀਆਂ ਕੁਝ ਉਨ੍ਹਾਂ ਥਾਵਾਂ ’ਤੇ ਵੀ ਕਰਨ ਦੇ ਚਰਚੇ ਹਨ ਜਿਨ੍ਹਾਂ ਥਾਵਾਂ ’ਤੇ ਇਹ ਸਟਾਕ ਰੱਖਣ ਦੀ ਮਨਾਹੀ ਹੈ ਕਿਉਂਕਿ ਭੀੜ-ਭੜਾਕੇ ਵਾਲੀਆਂ ਥਾਵਾਂ ’ਤੇ ਪਟਾਕਿਆਂ ਦਾ ਸਟਾਕ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਦੀ ਬਣੀ ਸਥਿਤੀ ਕਰਕੇ ਇਕ ਤਰ੍ਹਾਂ ਨਾਲ ਬਾਰੂਦ ਦੇ ਢੇਰ ਤੇ ਮੋਗਾ ਸ਼ਹਿਰ ਦੇ ਕੁਝ ਵਸਨੀਕ ਬੈਠੇ ਹਨ, ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਛਾਪੇਮਾਰੀ ਕੀਤੀ ਜਾਵੇ ਤਾਂ ਸਮੁੱਚੀ ਅਸਲੀਅਤ ਸਾਹਮਣੇ ਆ ਸਕਦੀ ਹੈ।

’ਜਗ ਬਾਣੀ’ ਵਲੋਂ ਇਸ ਸਬੰਧ ਵਿਚ ਇਕੱਤਰ ਕੀਤੀ ਗਈ ਵਿਸ਼ੇਸ਼ ਰਿਪੋਰਟ ਵਿਚ ਇਹ ਤੱਥ ਉਭਰ ਕੇ ਸਾਹਮਣੇ ਆਇਆ ਹੈ ਕਿ ਪਟਾਕਿਆਂ ਦੇ ਵੱਡੇ ਕਾਰੋਬਾਰੀਆਂ ਨੇ ਅੰਮ੍ਰਿਤਸਰ, ਦਿੱਲੀ ਅਤੇ ਹੋਰਨਾਂ ਥਾਵਾਂ ਤੋਂ ਸਤੰਬਰ ਮਹੀਨੇ ਦੇ ਆਖਰੀ ਹਫਤੇ ਹੀ ਕਰੋੜਾਂ ਰੁਪਏ ਦੇ ਪਟਾਕੇ ਮੰਗਵਾ ਲਏ ਸਨ, ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਲਾਟਰੀ ਵਿਧੀ ਰਾਹੀਂ ਦੁਕਾਨਾਂ ਦੀ ਅਲਾਟਮੈਂਟ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ ਪਰ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਆਪਸੀ ਤਾਲਮੇਲ ਹਨ ਤੇ ਉਹ ਅੱਗੇ ਪਟਾਕਿਆਂ ਦੀ ਸੇਲ ਕਰ ਦਿੰਦੇ ਹਨ।

ਸੂਤਰ ਦੱਸਦੇ ਹਨ ਕਿ ਪਿਛਲੇ ਵਰ੍ਹੇ ਵੀ ਪਟਾਕਿਆਂ ਦੀ ਜ਼ਿਆਦਾ ਵਰਤੋਂ ਹੋਈ ਸੀ ਪਰ ਲਗਾਤਾਰ ਦੋ ਵਰ੍ਹੇ ਕੋਰੋਨਾ ਕਾਲ ਚੱਲਣ ਕਰ ਕੇ ਐਤਕੀਂ ਕਾਰੋਬਾਰੀਆਂ ਨੂੰ ਇਹ ਵੱਡੀ ਆਸ ਹੈ ਕਿ ਪਟਾਕਿਆਂ ਦਾ ਕਾਰੋਬਾਰ ਦੁਕਾਨਦਾਰਾਂ ਦੇ ’ਵਾਰੇ ਨਿਆਰੇ’ ਕਰ ਦੇਵੇਗਾ ਤੇ ਇਸੇ ਕਰ ਕੇ ਹੀ ਕਾਰੋਬਾਰੀਆਂ ਨੇ ਪਟਾਕਿਆਂ ਦਾ ਸਟਾਕ ਕੀਤਾ ਹੈ। ਨਿਯਮ ਆਖਦੇ ਹਨ ਕਿ ਕਿਸੇ ਵੀ ਤਰ੍ਹਾਂ ਭੀੜ ਭੜਕੇ ਵਾਲੇ ਇਲਾਕੇ ਵਿਚ ਪਟਾਕਿਆਂ ਦਾ ਸਟਾਕ ਨਹੀਂ ਕੀਤਾ ਜਾ ਸਕਦੇ ਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਨ ਤੋਂ ਰੋਕਣ ਲਈ ਅੱਗ ਬੁਝਾਊ ਯੰਤਰ ਲਾਜ਼ਮੀ ਰੱਖਣ ਦੇ ਨਾਲ-ਨਾਲ ਕਈ ਹੋਰ ਵੀ ਸਖ਼ਤ ਨਿਯਮ ਹਨ ਪਰ ਸੂਤਰ ਦੱਸਦੇ ਹਨ ਕਿ ਮੋਗਾ ਵਿਚ ਇਨ੍ਹਾਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡ ਰਹੀਆਂ ਹਨ। ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ ਨੂੰ ਜ਼ਿਲਾ ਪ੍ਰਸ਼ਾਸਨ ਕਿਨ੍ਹੀ ਗੰਭੀਰਤਾ ਨਾਲ ਲੈਂਦਾ ਹੈ।

ਮੋਗਾ ਸ਼ਹਿਰ ’ਚ 30 ਦੁਕਾਨਦਾਰਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਇਸੈਂਸ ਅਲਾਟਮੈਂਟ
ਜ਼ਿਲਾ ਪ੍ਰਸ਼ਾਸਨ ਵਲੋਂ ਲਾਟਰੀ ਵਿਧੀ ਰਾਹੀਂ ਪੂਰੇ ਪਾਰਦਰਸ਼ੀ ਢੰਗ ਨਾਲ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਲਈ ਲਾਇਸੈਂਸਾਂ ਦੀ ਅਲਾਟਮੈਂਟ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 150 ਤੋਂ ਉੱਪਰ ਦੁਕਾਨਦਾਰਾਂ ਨੇ ਮੋਗਾ ਸ਼ਹਿਰ ਵਿਚ ਪਟਾਕੇ ਵੇਚਣ ਦੀ ਮਨਜ਼ੂਰੀ ਲੈਣ ਲਈ ਅਪਲਾਈ ਕੀਤਾ ਸੀ ਜਿਸ ’ਚੋਂ 30 ਦੁਕਾਨਦਾਰਾਂ ਨੂੰ ਲਾਇਸੈਂਸ ਦਿੱਤੇ ਹਨ। ਧਰਮਕੋਟ ਵਿਖੇ ਸਿਰਫ 1 ਦੁਕਾਨਦਾਰ ਨੇ ਹੀ ਲਾਇਸੈਂਸ ਦੀ ਮੰਗ ਕੀਤੀ ਸੀ ਜਿਸ ਨੂੰ ਅਲਾਟਮੈਂਟ ਹੋਈ ਹੈ ਜਦੋਂਕਿ ਕੋਟ ਈਸੇ ਵਿਖੇ 3 ਦੁਕਾਨਦਾਰ ਨੂੰ ਪਟਾਕੇ ਵੇਚਣ ਦੀ ਮਨਜ਼ੂਰੀ ਮਿਲੀ ਹੈ।

10 ਵਰ੍ਹੇ ਪਹਿਲਾਂ ਮੋਗਾ ’ਚ ਵਾਪਰਿਆਂ ਦੀ ਦੁਖਦਾਈ ਕਾਂਡ
ਦੱਸਣਾ ਬਣਦਾ ਹੈ ਕਿ 10 ਵਰ੍ਹੇ ਪਹਿਲਾਂ ਘਰ ਵਿਚ ਪਟਾਕੇ ਬਣਾ ਰਹੇ ਇਕ ਪਰਿਵਾਰ ਦੇ 3 ਜੀਅ ਬਲਾਸਟ ਵਿਚ ਮੌਤ ਦੇ ਮੂੰਹ ਗਏ ਸਨ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਪਟਾਕਿਆਂ ਦੇ ਸਟਾਕ ਭੀੜ ਭੜਕੇ ਵਾਲੀਆਂ ਥਾਵਾਂ ਤੋਂ ਫੜ੍ਹੇ ਜਾਂਦੇ ਰਹੇ ਹਨ ਪਰ ਇਹ ਮਾਮਲੇ ਮੀਡੀਆਂ ਵਿਚ ਉਜਾਗਰ ਹੋਣ ਮਗਰੋਂ ਹੀ ਪ੍ਰਸ਼ਾਸਨ ਦੀ ’ਅੱਖ’ ਖੁੱਲਦੀ ਹੈ। ਪਿਛਲੇ ਵਰ੍ਹੇ 2021 ਵਿਚ ਫੋਕਲ ਪੁਆਇੰਟ ਚੌਕੀ ਦੇ ਖੇਤਰ ਵਿਚੋਂ ਵੀ ਪਟਾਕਿਆਂ ਦਾ ਸਟਾਕ ਫੜਿਆ ਗਿਆ ਸੀ।


author

Gurminder Singh

Content Editor

Related News