ਅਕਾਲੀ-ਬਸਪਾ ਗਠਜੋੜ ਮੌਕਾਪ੍ਰਸਤ ਤੇ ਬੇਮੇਲ : ਸੁਖਜਿੰਦਰ ਰੰਧਾਵਾ
Monday, Jun 14, 2021 - 02:15 PM (IST)
ਚੰਡੀਗੜ੍ਹ (ਅਸ਼ਵਨੀ) : ਅਕਾਲੀ-ਬਸਪਾ ਗਠਜੋੜ ਨੂੰ ਮੌਕਾਪ੍ਰਸਤ ਤੇ ਬੇਮੇਲ ਗਰਦਾਨਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਗਠਜੋੜ ਵਿੱਚ ਕੋਈ ਵਿਚਾਰਧਾਰਕ ਸਾਂਝ ਨਹੀਂ ਹੈ, ਸਗੋਂ ਇਹ ਸਿਰਫ਼ ਵੋਟਾਂ ਦੀ ਸਿਆਸਤ ਤੋਂ ਪ੍ਰੇਰਿਤ ਹੈ। ਇੱਥੇ ਜਾਰੀ ਇਕ ਬਿਆਨ ਵਿਚ ਰੰਧਾਵਾ ਨੇ ਸਵਾਲ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੇ ਅਕਾਲੀ ਦਲ ਦੇ ਮੋਹਰੀ ਹੁਣ ਇਸ ਗਠਜੋੜ ਨੂੰ ਕੀ ਨਾਂ ਦੇਣਗੇ, ਜਿਹੜਾ ਸਿਰਫ਼ ਆਪਣਾ ਗਵਾਚਿਆ ਆਧਾਰ ਬਚਾਉਣ ਦੀ ਇਕ ਕਵਾਇਦ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਪੰਜਾਬ ਦੀ ਸਿਆਸਤ ਵਿਚ ਸਿਫ਼ਰ ਹੋ ਚੁੱਕਿਆ ਹੈ, ਜਿਸ ਵਿਚ ਜੇ ਕੋਈ ਹੋਰ ਚੀਜ਼ ਗੁਣਾ ਕੀਤੀ ਜਾਵੇ ਤਾਂ ਇਹ ਸਿਰਫ਼ ਜ਼ੀਰੋ ਹੀ ਰਹੇਗੀ। ਰੰਧਾਵਾ ਨੇ ਕਿਹਾ ਕਿ ਬੇਅਦਬੀ ਕਾਂਡ ਕਾਰਨ ਅਕਾਲੀ ਦਲ ਨੂੰ ਬਹੁਤ ਵੱਡਾ ਖੋਰਾ ਲੱਗਿਆ ਹੈ ਅਤੇ ਉਸ ਦੀ ਨੀਂਹ ਹੀ ਡਗਮਗਾ ਗਈ ਹੈ। ਹੁਣ ਇਸ ਕਮਜ਼ੋਰ ਹੋ ਚੁੱਕੀ ਨੀਂਹ ’ਤੇ ਗਠਜੋੜ ਦੀ ਇਮਾਰਤ ਤਾਮੀਰ ਨਹੀਂ ਹੋ ਸਕਦੀ। ਅਕਾਲੀ ਦਲ ਦੇ ਕਾਕਾ ਕਲਚਰ ਨੇ ਵੀ ਟਕਸਾਲੀ ਆਗੂਆਂ ਨੂੰ ਪਾਰਟੀ ਤੋਂ ਦੂਰ ਕਰ ਦਿੱਤਾ ਹੈ ਅਤੇ ਇਹ ਸਿਰਫ਼ ਮੌਕਾਪ੍ਰਸਤਾਂ ਤੇ ਪਦਾਰਥਵਾਦੀਆਂ ਦਾ ਟੋਲਾ ਬਣ ਚੁੱਕਿਆ ਹੈ।
ਇਹ ਵੀ ਪੜ੍ਹੋ : ਕੀ ਡੇਢ ਫੀਸਦੀ ਵੋਟਾਂ ਹਾਸਲ ਕਰਨ ਵਾਲੀ ਬਸਪਾ ਅਕਾਲੀ ਦਲ ਲਈ ਭਾਜਪਾ ਦੀ ਭਰਪਾਈ ਕਰ ਸਕੇਗਾ!
ਅਕਾਲੀ ਦਲ ਨੂੰ ਗੁਰੂ ਤੋਂ ਬੇਮੁੱਖ ਹੋ ਚੁੱਕੀ ਪਾਰਟੀ ਦੱਸਦਿਆਂ ਰੰਧਾਵਾ ਨੇ ਕਿਹਾ ਕਿ ਪਹਿਲਾਂ ਤਾਂ ਇਸ ਪਾਰਟੀ ਦੇ ਮੱਥੇ ’ਤੇ ਬੇਅਦਬੀ ਦਾ ਕਲੰਕ ਲੱਗਿਆ ਅਤੇ ਹੁਣ ਇਸਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਹੁਣ ਅਕਾਲੀ ਦਲ ਦੀ ਡੁੱਬਦੀ ਕਿਸ਼ਤੀ ਨੂੰ ਬਸਪਾ ਪਾਰ ਨਹੀਂ ਲੰਘਾ ਸਕੇਗੀ, ਕਿਉਂਕਿ ਬਸਪਾ ਖ਼ੁਦ ਉੱਤਰ ਪ੍ਰਦੇਸ਼ ਵਿਚ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੀ ਹੈ। ਪੰਜਾਬ ਦਾ ਧਾਰਮਿਕ ਨਿਰਪੱਖ ਤਾਣਾ-ਬਾਣਾ ਸਿਰਫ਼ ਕਾਂਗਰਸ ਵਰਗੀ ਧਰਮ ਨਿਰਪੱਖ ਪਾਰਟੀ ਦੇ ਹੱਥ ਵਿਚ ਸੁਰੱਖਿਅਤ ਹੋਣ ਦਾ ਦਾਅਵਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਿਚ ਕਾਂਗਰਸ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਉਨ੍ਹਾਂ ਅਕਾਲੀ ਦਲ ਤੇ ਬਸਪਾ ਵਿਚਾਲੇ ਹੋਈ ਸੀਟਾਂ ਦੀ ਵੰਡ ’ਤੇ ਵੀ ਉਂਗਲ ਚੁੱਕੀ, ਜਿਸ ਵਿਚ ਬਸਪਾ ਨੂੰ ਘੱਟ ਅਤੇ ਅਕਾਲੀ ਦਲ ਦੀਆਂ ਪੱਕੀ ਹਾਰ ਵਾਲੀਆਂ ਸੀਟਾਂ ਦੇ ਕੇ ਉਸ ਦੀ ਹੇਠੀ ਕੀਤੀ ਗਈ ਹੈ। ਉਨ੍ਹਾਂ ਬਸਪਾ ਨੂੰ ਸਿਰਫ਼ ਇਕੋ ਸਵਾਲ ਕੀਤਾ ਕਿ ਅਕਾਲੀਆਂ ਦੇ 10 ਸਾਲ ਦੇ ਕੁਸ਼ਾਸਨ, ਬੇਅਦਬੀ ਅਤੇ ਭਾਜਪਾ ਨਾਲ ਮਿਲ ਕੇ ਕਾਲੇ ਖੇਤੀ ਕਾਨੂੰਨ ਬਣਾਉਣ ਵਿਚ ਭਾਈਵਾਲੀ ਦੇ ਮੁੱਦੇ ’ਤੇ ਕੀ ਬਸਪਾ ਦਾ ਸਟੈਂਡ ਪਹਿਲਾਂ ਵਾਲਾ ਹੀ ਰਹੇਗਾ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨੂੰ ਪੰਜਾਬ ਤੋਂ ਚੋਣ ਲੜਨ ਦਾ ਦਿੱਤਾ ਸੱਦਾ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ