ਸਟੇਅ ਦੇ ਬਾਵਜੂਦ ਜ਼ਮੀਨ ਦੀ ਕਿਸੇ ਹੋਰ ਨੂੰ ਰਜਿਸਟਰੀ ਕਰਨ ਦਾ ਦੋਸ਼
Saturday, Aug 12, 2017 - 01:41 AM (IST)

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਮੋਗਾ ਜ਼ਿਲੇ ਦੇ ਪਿੰਡ ਫਤਿਹਗੜ੍ਹ ਵਿਖੇ ਸਥਾਪਤ ਇਕ ਐੱਚ. ਪੀ. ਪੰਪ ਅਤੇ ਜ਼ਮੀਨ ਦੇ ਮਾਲਕ ਵੱਲੋਂ ਆਪਣੀ ਜ਼ਮੀਨ 'ਤੇ ਸਟੇਅ ਹੋਣ ਦੇ ਬਾਵਜੂਦ ਵੀ ਮਾਲ ਅਧਿਕਾਰੀਆਂ ਵੱਲੋਂ ਕਥਿਤ ਤੌਰ 'ਤੇ ਇਸ ਦੀ ਅੱਗੇ ਰਜਿਸਟਰੀ ਕਰਨ ਦਾ ਦੋਸ਼ ਲਾਉਂਦੇ ਹੋਏ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਧਰਮਿੰਦਰ ਸਿੰਘ ਸੰਤ ਨਗਰ ਮੋਗਾ ਨੇ ਦੱਸਿਆ ਕਿ ਉਸ ਨੇ ਤੇ ਉਸ ਦੇ ਭਰਾ ਜਸਵਿੰਦਰ ਸਿੰਘ ਜੱਸਾ ਨੇ 26 ਸਤੰਬਰ, 2008 ਨੂੰ ਇਕ ਪੰਪ ਅਤੇ ਜ਼ਮੀਨ ਰਾਜਵਰਿੰਦਰ ਸਿੰਘ ਅਤੇ ਗੁਰਸ਼ਰਨ ਕੌਰ ਫਰੀਦਕੋਟ ਤੋਂ 3 ਕਨਾਲ 9 ਮਰਲੇ ਖਰੀਦੀ ਸੀ, ਜਿਸ 'ਤੇ ਉਸ ਵੇਲੇ ਮਾਲ ਰਿਕਾਰਡ 'ਚ ਕੋਈ ਵੀ ਲੋਨ ਨਹੀਂ ਬੋਲਦਾ ਸੀ, ਇਸੇ ਪੰਪ 'ਤੇ ਹੀ ਅਸੀਂ ਬਾਅਦ 2013 'ਚ ਲੋਨ ਵੀ ਕਰਵਾਇਆ, ਜੋ ਹਾਲੇ ਤੱਕ ਵੀ ਮਾਲ ਰਿਕਾਰਡ 'ਚ ਦਰਜ ਹੈ। ਉਨ੍ਹਾਂ ਕਿਹਾ ਕਿ 2012 'ਚ ਪਹਿਲੇ ਮਾਲਕਾਂ ਵੱਲੋਂ ਸਾਡੇ ਨਾਂ 'ਤੇ ਪੰਪ ਤਬਦੀਲ ਕਰਨ ਤੋਂ ਇਨਕਾਰ ਕਰ ਕੇ ਅਸੀਂ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿਸ ਵੱਲੋਂ ਪੰਪ ਅਤੇ ਜ਼ਮੀਨ 'ਤੇ ਸਟੇਅ ਜਾਰੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹੁਣ ਸਾਨੂੰ ਕੁੱਝ ਸਮਾਂ ਪਹਿਲਾਂ ਪਤਾ ਲੱਗਾ ਕਿ ਪੰਪ ਦੇ ਪਹਿਲੇ ਮਾਲਕਾਂ ਵੱਲੋਂ ਲੋਨ ਲਿਆ ਗਿਆ ਸੀ ਪਰ ਉਹ ਸਾਡੇ ਵੱਲੋਂ ਜ਼ਮੀਨ ਖਰੀਦਣ ਵੇਲੇ ਰਿਕਾਰਡ 'ਚ ਦਰਜ ਨਹੀਂ ਸੀ। ਹੁਣ ਸਟੇਅ ਦੇ ਬਾਵਜੂਦ ਵੀ 3 ਅਗਸਤ ਨੂੰ ਸਾਡੀ ਜ਼ਮੀਨ ਅਤੇ ਪੰਪ ਦੀ ਰਜਿਸਟਰੀ ਸਾਨੂੰ ਬਿਨਾਂ ਪੁੱਛੇ ਹੀ ਬੈਂਕ ਵੱਲੋਂ ਪ੍ਰਵਾਸੀ ਭਾਰਤੀ ਕੰਵਰ ਜਸਰਾਜ ਸਿੰਘ ਅਤੇ ਮਨਪ੍ਰੀਤ ਕੌਰ ਅੰਮ੍ਰਿਤਸਰ ਨੂੰ ਕਰਵਾ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਾਡੇ ਵੱਲੋਂ ਲਏ ਗਏ ਲੋਨ ਦੀ ਹਾਲੇ ਰਿਕਾਰਡ 'ਚ ਜ਼ਮੀਨ 'ਫੱਕ' ਵੀ ਨਹੀਂ। ਮਹਿਕਮੇ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਪੁੱਛਣ 'ਤੇ ਉਨ੍ਹਾਂ ਇਕੋ-ਇਕ ਘੜਿਆ-ਘੜਾਇਆ ਜਵਾਬ ਦਿੱਤਾ ਹੈ ਕਿ ਇਹ ਰਜਿਸਟਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਥਿਤ ਦਬਾਅ ਥੱਲੇ ਕੀਤੀ ਗਈ ਹੈ। ਇਸ ਰਜਿਸਟਰੀ ਦਾ ਇੰਤਕਾਲ ਰੋਕਣ ਲਈ ਐੱਸ. ਡੀ. ਐੱਮ. ਸਾਹਿਬ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਉਨ੍ਹਾਂ ਸਵਾਲ ਕੀਤਾ ਕਿ ਹਰ ਕਿਸੇ ਨੂੰ ਇਨਸਾਫ ਮੁਹੱਈਆ ਕਰਵਾਉਣ ਦੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਕੀ ਇਸ ਨਾ ਇਨਸਾਫੀ ਵਿਰੁੱਧ ਕਾਰਵਾਈ ਕਰੇਗੀ। ਉਨ੍ਹਾਂ ਮੰਗ ਕੀਤੀ ਕਿ ਜੇਕਰ ਮਾਮਲੇ 'ਚ ਇਨਸਾਫ ਨਾ ਮਿਲਿਆ ਤਾਂ ਮਜਬੂਰੀਵੱਸ ਸੰਘਰਸ਼ ਦਾ ਰੁਖ ਅਖਤਿਆਰ ਕਰਨਾ ਪਵੇਗਾ।