ਗਲਤ ਪ੍ਰਬੰਧਾਂ ਦੀ ਭੇਂਟ ਚੜ੍ਹਿਆ ਪੰਜਾਬ ਦਾ ਸਭ ਤੋਂ ਮੋਹਰੀ ਤਕਨੀਕੀ ਕਾਲਜ, ਲਾਇਆ ਧਰਨਾ

Wednesday, Mar 04, 2020 - 01:53 PM (IST)

ਗਲਤ ਪ੍ਰਬੰਧਾਂ ਦੀ ਭੇਂਟ ਚੜ੍ਹਿਆ ਪੰਜਾਬ ਦਾ ਸਭ ਤੋਂ ਮੋਹਰੀ ਤਕਨੀਕੀ ਕਾਲਜ, ਲਾਇਆ ਧਰਨਾ

ਮਲੋਟ (ਜੁਨੇਜਾ, ਕਾਠਪਾਲ) - ਮਲੋਟ ਦੇ ਗੁਰੂ ਤੇਗ ਬਹਾਦਰ ਖਾਲਸਾ ਇੰਜੀਨੀਰਿੰਗ ਅਤੇ ਟੈਕਨਾਲੋਜੀ ਕਾਲਜ ਛਾਪਿਆਂਵਾਲੀ ਦੇ ਸੈਂਕੜੇ ਸਟਾਫ਼ ਮੈਂਬਰਾਂ ਨੂੰ ਕਰੀਬ 11-11 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਰਕੇ ਸਟਾਫ਼ ਮੈਂਬਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਤਹਿਤ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਕਾਲਜ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਲੱਗਾ ਦਿੱਤਾ। ਸਟਾਫ਼ ਮੈਂਬਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਦਿਆਰਥੀ ਅਤੇ ਪਿੰਡ ਵਾਸੀ ਸਟਾਫ ਮੈਂਬਰਾਂ ਨੂੰ ਸਹਿਯੋਗ ਦੇਣ ਲਈ ਉਨ੍ਹਾਂ ਦੇ ਨਾਲ ਆ ਕੇ ਖੜ੍ਹੇ ਹੋ ਗਏ। ਨਾਅਰੇਬਾਜ਼ੀ ਕਰਦਿਆਂ ਸਟਾਫ਼ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ 11-11 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦੀ ਬਕਾਇਆ ਤਨਖਾਹ ਦਿੱਤੀ ਜਾਵੇ। ਧਰਨੇ ਨੂੰ ਕਾਲਜ ਦੇ ਪ੍ਰਿੰਸੀਪਲ ਅਮਰਪ੍ਰੀਤ ਸਿੰਘ ਲਾਂਬਾ, ਪ੍ਰਭਜੋਤ ਸਿੰਘ ਸੰਧੂ, ਅੰਕੁਰ ਸੇਠੀ, ਗੁਰਵੀਰ ਸਿੰਘ, ਬਲਰਾਜ ਸਿੰਘ ਮਾਨ, ਸੰਦੀਪ ਸਿੰਘ ,ਅੰਮ੍ਰਿਤਪਾਲ, ਸੰਨੀ ਖੁੰਗਰ ਰਾਜ ਕੁਮਾਰ ਤੋਂ ਇਲਾਵਾ ਸਟਾਫ਼ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਰੀਬ ਸਾਲ ਭਰ ਤੋਂ ਤਨਖਾਹ ਨਹੀਂ ਮਿਲੀ। ਸਟਾਫ਼ ਮੈਂਬਰਾਂ ਦਾ ਕਹਿਣਾ ਹੈ ਤਨਖਾਹ ਨਾ ਮਿਲਣ ਕਰ ਕੇ ਉਨ੍ਹਾਂ ਦੇ ਘਰਾਂ ਦੀ ਹਾਲਤ ਵਿਗੜ ਰਹੀ ਹੈ ਅਤੇ ਉਹ ਫਾਕੇ ਕੱਟਣ ਲਈ ਮਜਬੂਰ ਹਨ।

ਬੱਚਿਆਂ ਦੀਆਂ ਫੀਸਾਂ ਭਰਨ ਤੋਂ ਅਸਮਰਥ
1997 ਤੋਂ ਕੰਮ ਕਰ ਰਹੇ ਰਜੇਸ਼ ਕੁਮਾਰ ਸਮੇਤ ਇਨ੍ਹਾਂ ’ਚੋਂ ਵਧੇਰੇ ਸਟਾਫ਼ ਮੈਂਬਰ ਅਤੇ ਖਾਸ ਕਰਕੇ ਦਰਜਾ ਚਾਰ ਕਰਮਚਾਰੀਆਂ ਜਿਨ੍ਹਾਂ ਵਿਚ ਸੁਰੱਖਿਆ ਮੁਲਾਜ਼ਮ ਵੀ ਹਨ, ਨੇ ਦੱਸਿਆ ਕਿ ਉਨ੍ਹਾਂ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਨਹੀਂ ਭਰੀਆਂ ਜਾ ਸਕੀਆਂ। ਮਾੜੇ ਪ੍ਰਬੰਧਾਂ ਕਰ ਕੇ ਕਾਲਜ ਬੰਦ ਹੋਣ ਦੀ ਕਗਾਰ ’ਤੇ ਹੈ। ਇਸ ਕਰ ਕੇ ਸਟਾਫ ਨੂੰ ਮਜ਼ਬੂਰ ਹੋ ਕੇ ਸੰਘਰਸ਼ ਕਰਨਾ ਪੈ ਰਿਹਾ ਹੈ।

ਧੀ ਦਾ ਵਿਆਹ ਧਰਿਆ ਪਰ ਨਹੀਂ ਮਿਲ ਰਹੀ ਤਨਖਾਹ
ਇਨ੍ਹਾਂ ਕਰਮਚਾਰੀਆਂ ’ਚੋਂ ਹੀ 1997 ਤੋਂ ਸੇਵਾਦਾਰ ਵਜੋਂ ਕੰਮ ਕਰ ਰਹੇ ਸੁੰਦਰ ਸਿੰਘ ਬਾਬਾ ਦਾ ਕਹਿਣਾ ਹੈ ਉਸ ਦੀ ਧੀ ਦਾ 22 ਮਾਰਚ ਦਾ ਵਿਆਹ ਹੈ। ਉਸ ਦੀ 12 ਮਹੀਨਿਆਂ ਦੀ ਤਨਖਾਹ ਬਕਾਇਆ ਹੈ। ਸੁੰਦਰ ਸਿੰਘ ਦਾ ਕ ਹਿਣਾ ਹੈ ਕਿ ਉਹ ਸੰਸਥਾਂ ਦੇ ਸਰਪ੍ਰਸਤ ਬਾਬਾ ਤੀਰਥ ਸਿੰਘ ਦਾ ਰਿਸ਼ਤੇਦਾਰ ਹੈ ਅਤੇ ਉਸਨੇ ਅਡਵਾਂਸ ਨਹੀਂ ਸਗੋਂ ਬਕਾਇਆ ਤਨਖਾਹ ’ਚੋਂ ਸਿਰਫ 50 ਹਜ਼ਾਰ ਰੁਪਏ ਮੰਗੇ ਜਾ ਰਹੇ ਹਨ ਪਰ ਕੋਈ ਲੜ ਨਹੀਂ ਫੜਾ ਰਿਹਾ ।

ਪ੍ਰਬੰਧਕਾਂ ਉਪਰ ਲਾਏ ਗੰਭੀਰ ਦੋਸ਼
ਇਸ ਸਬੰਧੀ ਸੁੰਦਰ ਸਿੰਘ ਸਮੇਤ ਕਰਮਚਾਰੀਆਂ ਨੇ ਪਿਛਲੀ ਕਮੇਟੀ ਦੇ ਕੁਝ ਮੇਨ ਆਦਮੀਆਂ ਦਾ ਨਾਂ ਲੈ ਕੇ ਕਿਹਾ ਕਿ ਉਨ੍ਹਾਂ ਨੇ ਕਰੋੜਾਂ ਰੁਪਏ ਦੇ ਘਪਲੇ ਕੀਤੇ ਹਨ ਜਿਸ ਸਬੰਧੀ ਉਨ੍ਹਾਂ ਬਾਬਾ ਜੀ ਨੂੰ ਵੀ ਦੱਸਿਆ ਹੈ। ਸਾਨੂੰ ਤਨਖਾਹ ਨਹੀਂ ਮਿਲ ਰਹੀ । ਉਸ ਨੇ ਦੋਸ਼ ਲਾਏ ਇਸ ਤੋਂ ਬਾਅਦ ਬਣਾਈ ਨਵੀਂ ਕਮੇਟੀ ’ਚੋਂ ਇਕ ਸਟਾਫ ਮੈਂਬਰ ਨੇ ਠੇਕੇ ਦੇ ਆਏ ਢਾਈ ਲੱਖ ਖਾ ਲਏ ਹਨ ਪਰ ਉਹ ਆਪਣੀ ਤਨਖਾਹ ਲਈ ਧੱਕੇ ਖਾ ਰਿਹਾ ਹੈ।

ਵਿਦਿਆਰਥੀ ਹੋ ਰਹੇ ਹਨ ਪ੍ਰੇਸ਼ਾਨ
ਇਸ ਮੌਕੇ ਸਟਾਫ਼ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਅਵਤਾਰ ਸਿੰਘ ਸੈਕਟਰੀ ਅਤੇ ਬਾਹਰੋਂ ਪਡ਼੍ਹਨ ਲਈ ਆਏ ਵਿਦਿਆਰਥੀਆਂ ਨੇ ਕਿਹਾ ਕਿ ਫੈਕਲਟੀ ਨਾ ਹੋਣ ਕਰਕੇ ਅਤੇ ਸਟਾਫ਼ ਵਿਚ ਬਣੀ ਅਨਿਸ਼ਚਤਾ ਕਾਰਣ ਉਨ੍ਹਾਂ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ। ਜਿਸ ਦਾ ਪ੍ਰਬੰਧਕ ਹੱਲ ਕਰਨ।


author

rajwinder kaur

Content Editor

Related News