ਜਲੰਧਰ 'ਚ ਮੰਤਰੀ ਪਰਗਟ ਸਿੰਘ ਦੀ ਕੋਠੀ ਘੇਰਣ ਜਾ ਰਹੇ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਸ ਨਾਲ ਧੱਕਾ-ਮੁੱਕੀ
Friday, Nov 12, 2021 - 06:19 PM (IST)
ਜਲੰਧਰ (ਰਾਹੁਲ)- ਟੈੱਟ ਅਤੇ ਬੀ-ਐੱਡ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅੱਜ ਜਲੰਧਰ ਵਿਖੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਾਮ ਸਾਢੇ ਚਾਰ ਵਜੇ ਅਧਿਆਪਕਾਂ ਦਾ ਕਾਫ਼ਲਾ ਜਲੰਧਰ ਬੱਸ ਅੱਡੇ ਤੋਂ ਕੈਂਟ ਵੱਲ ਰਵਾਨਾ ਹੋਇਆ, ਜਿਸ ਦੌਰਾਨ ਪੁਲਸ ਨੇ ਪਰਗਟ ਸਿੰਘ ਦੀ ਰਿਹਾਇਸ਼ ਤੋਂ ਕਰੀਬ 100 ਮੀਟਰ ਦੂਰੀ 'ਤੇ ਬੈਰੀਕੇਡ ਲਗਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਅਧਿਆਪਕਾਂ ਵੱਲੋਂ ਬੈਰੀਕੇਡ ਤੋੜ ਕੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਜੱਦੋ-ਜਹਿਦ ਕੀਤੀ ਗਈ। ਇਸ ਦੌਰਾਨ ਕਾਫ਼ੀ ਧੱਕਾ-ਮੁੱਕੀ ਵੀ ਹੋਈ।
ਕਾਫ਼ੀ ਮੁਸ਼ੱਕਤ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੇ ਧਰਨੇ ਨੂੰ ਕਾਬੂ ਵਿੱਚ ਕੀਤਾ ਗਿਆ। ਹਾਲਾਂਕਿ ਬੇਰੁਜ਼ਗਾਰ ਅਧਿਆਪਕ ਬੈਰੀਕੇਡ ਨੇੜੇ ਹੀ ਧਰਨੇ 'ਤੇ ਬੈਠ ਗਏ ਹਨ ਅਤੇ ਮੰਗ ਕਰ ਰਹੇ ਹਨ ਕਿ ਸਰਕਾਰ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਵੇ। ਬੀ-ਐੱਡ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਮੰਗ ਕਰ ਰਹੇ ਹਨ ਕਿ ਸਰਕਾਰ ਐੱਸ. ਐੱਸ. ਟੀ. ਹਿੰਦੀ ਅਤੇ ਪੰਜਾਬੀ ਵਿਸ਼ੇ ਸਬੰਧੀ 9 ਹਜ਼ਾਰ ਪੋਸਟਾਂ ਦਾ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰੇ।
ਇਸੇ ਸਬੰਧੀ ਜਲੰਧਰ ਦੇ ਬੱਸ ਅੱਡੇ 'ਤੇ 28 ਅਕਤੂਬਰ ਤੋਂ ਧਰਨਾ ਲਗਾਇਆ ਹੋਇਆ ਹੈ। ਬੱਸ ਅੱਡੇ 'ਤੇ ਪਾਣੀ ਵਾਲੀ ਟੈਂਕੀ 'ਤੇ ਵੀ ਅਧਿਆਪਕ ਚੜ੍ਹੇ ਹੋਏ ਹਨ ਅਤੇ ਰੋਜ਼ਾਨਾ ਪੰਜ ਬੇਰੁਜ਼ਗਾਰ ਅਧਿਆਪਕ ਭੁੱਖ ਹੜਤਾਲ ਵੀ ਰੱਖ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਪੁਲਸ ਕਸਟਡੀ 'ਚੋਂ ਭੱਜੇ ਹਿਮਾਂਸ਼ ਵਰਮਾ ਦੀ ਸੂਚਨਾ ਦੇਣ ਵਾਲੇ ਲਈ ਪੁਲਸ ਨੇ ਰੱਖਿਆ ਵੱਡਾ ਇਨਾਮ
ਇਹ ਵੀ ਪੜ੍ਹੋ: ਦਸੂਹਾ 'ਚ ਵੱਡੀ ਵਾਰਦਾਤ, ਪੁਜਾਰੀ ਨੇ ਰੋਟੀ ਦੇਣ ਤੋਂ ਕੀਤਾ ਇਨਕਾਰ ਤਾਂ ਨੌਜਵਾਨ ਨੇ ਕਰ 'ਤਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ