ਬ੍ਰਿਜ ਕੋਰਸ ਦੇ ਖਿਲਾਫ ਅਧਿਆਪਕਾਂ ਨੇ ਸਾੜੀਆਂ ਹੁਕਮ ਪੱਤਰ ਦੀਆਂ ਕਾਪੀਆਂ
Wednesday, Jan 03, 2018 - 06:56 AM (IST)
ਜਲੰਧਰ, (ਸੁਮਿਤ)- ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪ੍ਰਾਇਮਰੀ ਪੱਧਰ 'ਤੇ ਪੜ੍ਹਾ ਰਹੇ ਬੀ. ਐੱਡ. ਅਧਿਆਪਕਾਂ ਲਈ ਐੱਨ. ਸੀ. ਈ. ਆਰ. ਟੀ. ਵਲੋਂ ਜੋ ਬ੍ਰਿਜ ਕੋਰਸ ਕਰਨ ਲਈ ਹੁਕਮ ਪੱਤਰ ਜਾਰੀ ਕੀਤਾ ਗਿਆ, ਉਸ ਦੇ ਖਿਲਾਫ ਅੱਜ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੀ ਜਲੰਧਰ ਇਕਾਈ ਵਲੋਂ ਹੁਕਮ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ, ਇਸਦੇ ਨਾਲ ਹੀ ਮੰਚ ਵਲੋਂ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ.) ਤੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪੇ ਗਏ।

ਇਨ੍ਹਾਂ ਮੰਗ ਪੱਤਰਾਂ ਵਿਚ ਅਧਿਆਪਕਾਂ ਵਲੋਂ ਮੰਗ ਕੀਤੀ ਗਈ ਕਿ ਜੋ ਇਹ ਪੱਤਰ ਜਾਰੀ ਕੀਤਾ ਗਿਆ ਹੈ, ਉਸ ਨੂੰ ਤੁਰੰਤ ਵਾਪਸ ਲਿਆ ਜਾਵੇ। ਅਧਿਆਪਕਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਾਉਣ ਵਾਲੇ ਅਧਿਆਪਕ ਪੂਰੀ ਤਰ੍ਹਾਂ ਯੋਗ ਹਨ ਤੇ ਕਈ ਸਾਲਾਂ ਤੋਂ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਾਰੇ ਭਰਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਅਜਿਹੇ ਵਿਚ ਕਿਸੇ ਵੀ ਬ੍ਰਿਜ ਕੋਰਸ ਦੀ ਲੋੜ ਨਹੀਂ ਹੈ। ਇਸ ਮੌਕੇ ਈ. ਟੀ. ਟੀ. ਯੂਨੀਅਨ ਦੇ ਸ਼ਿਵਰਾਜ ਸਿੰਘ, ਕੇਵਲ ਸਿੰਘ, ਅਜਮੇਰ ਸਿੰਘ, ਬੀ. ਐੱਡ. ਅਧਿਆਪਕ ਫਰੰਟ ਤੋਂ ਕੰਵਲਜੀਤ ਸਿੰਘ, ਨਵਪ੍ਰੀਤ ਸਿੰਘ ਬੱਲੀ, ਗੁਰਿੰਦਰ ਸਿੰਘ ਸਣੇ ਹੋਰ ਅਧਿਆਪਕ ਮੌਜੂਦ ਸਨ।
