ਮੋਤੀ ਮਹਿਲ ਬਾਹਰ ਪੁਲਸ ਨਾਲ ਭਿੜੇ ਅਧਿਆਪਕ

Sunday, Jan 13, 2019 - 04:29 PM (IST)

ਮੋਤੀ ਮਹਿਲ ਬਾਹਰ ਪੁਲਸ ਨਾਲ ਭਿੜੇ ਅਧਿਆਪਕ

ਪਟਿਆਲਾ (ਜੋਸਨ, ਬਲਜਿੰਦਰ)-— ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਧਰਨਾ ਪ੍ਰਦਰਸ਼ਨ 'ਤੇ ਬੈਠੇ ਅਧਿਆਪਕਾਂ ਦੀ ਪੁਲਸ ਦੇ ਨਾਲ ਹੱਥੋਪਾਈ ਹੋ ਗਈ। 7 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਅੱਜ ਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਨਿਵਾਸ ਮੋਤੀ ਮਹਿਲ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਅਧਿਆਪਕਾਂ ਨੇ ਮੁੱਖ ਮੰਤਰੀ ਦੇ ਨਿਵਾਸ ਵੱਲ ਨੂੰ ਰੋਸ ਮਾਰਚ ਕਰਦੇ ਸਮੇਂ ਸੁਰੱਖਿਆ ਲਈ ਵਾਈ. ਪੀ. ਐੱਸ. ਚੌਕ 'ਚ ਲਾਏ 2 ਮੁੱਖ ਬੈਰੀਕੇਡ ਵੀ ਤੋੜੇ। 

ਇਸ ਦੌਰਾਨ ਮਹਿਲਾ ਅਧਿਆਪਕਾਂ ਨਾਲ ਪੁਰਸ਼ ਪੁਲਸ ਮੁਲਾਜ਼ਮਾਂ ਨੇ ਖਿੱਚ-ਧੂਹ ਵੀ ਕੀਤੀ। ਇਸ ਸਭ ਦੇ ਬਾਵਜੂਦ ਅਧਿਆਪਕ ਨੇ ਸੀ. ਐੱਮ. ਦੇ ਮਹਿਲ ਸਾਹਮਣੇ ਧਰਨਾ ਲਾ ਕੇ ਦਿੱਤਾ। ਜਦੋਂ ਦੀ ਕਾਂਗਰਸ  ਸਰਕਾਰ ਬਣੀ ਹੈ, ਪਟਿਆਲਾ ਵਿਚ ਬਹੁਤ ਸਾਰੇ ਧਰਨੇ-ਮੁਜ਼ਾਹਰੇ ਹੋਏ ਹਨ। ਲਗਭਗ 2  ਸਾਲਾਂ ਅੰਦਰ ਇਹ ਪਹਿਲੀ ਵਾਰ ਹੋਇਆ ਕਿ ਸਾਰੇ ਪਾਸਿਆਂ ਤੋਂ ਪੁਲਸ ਨੇ ਘੇਰਿਆ ਹੋਣ ਦੇ ਬਾਵਜੂਦ ਧਰਨਾਕਾਰੀ ਸਾਰੇ ਨਾਕੇ ਤੋੜ  ਕੇ ਮੁੱਖ ਮੰਤਰੀ ਦੇ ਮਹਿਲ ਅੱਗੇ ਪਹੁੰਚੇ ਹੋਣ। ਇਸ ਮੌਕੇ ਐੱਸ. ਐੱਸ. ਏ. ਰਮਸਾ ਅਧਿਆਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ  ਟੋਡਰਪੁਰ, ਪਰਮਿੰਦਰ ਸਿੰਘ, ਵਿਕਰਮ ਦੀਪ ਸਿੰਘ, ਅਜਿੰਦਰ ਪਾਲ ਘੱਗਾ, ਪਰਮੀਤ ਸਿੰਘ ਅਤੇ  ਹੋਰ ਨੇਤਾਵਾਂ ਨੇ ਆਖਿਆ ਕਿ ਸਿੱਖਿਆ ਮੰਤਰੀ ਓ. ਪੀ. ਸੋਨੀ 1 ਦਸੰਬਰ ਨੂੰ ਅਧਿਆਪਕਾਂ ਦਾ  ਮਰਨ ਵਰਤ ਖੁਲ੍ਹਵਾ ਕੇ ਗਏ ਸਨ। 

ਜਨਤਕ ਐਲਾਨ ਕਰ ਕੇ ਗਏ ਸਨ ਕਿ ਸੰਘਰਸ਼ ਦੌਰਾਨ ਅਧਿਆਪਕਾਂ  ਦੀਆਂ ਹੋਈਆਂ ਬਦਲੀਆਂ ਤੇ ਮੁਅੱਤਲੀਆਂ ਸਮੇਤ ਸਮੁੱਚੇ ਹੁਕਮਾਂ ਨੂੰ ਸਿੱਖਿਆ ਵਿਭਾਗ ਰੱਦ ਕਰ ਦੇਵੇਗਾ ਅਤੇ 1886 ਐੱਸ. ਐੱਸ. ਏ. ਰਮਸਾ ਅਤੇ ਹੋਰ ਅਧਿਆਪਕਾਂ ਨੂੰ ਪੂਰੀਆਂ  ਤਨਖਾਹਾਂ ਦੇਵੇਗਾ। 1 ਦਸੰਬਰ ਤੋਂ ਲੈ ਕੇ ਅੱਜ 13 ਜਨਵਰੀ ਤੱਕ ਡੇਢ ਮਹੀਨਾ ਬੀਤਣ ਤੋਂ  ਬਾਅਦ ਵੀ ਸਿੱਖਿਆ ਵਿਭਾਗ ਅਧਿਆਪਕਾਂ ਨਾਲ ਧੋਖਾ ਕਰ ਕੇ ਲਾਰੇ ਲਾ ਰਿਹਾ ਹੈ। ਇਸ ਕਾਰਨ  ਅਧਿਆਪਕ ਹੁਣ ਰਾਜੇ ਦੇ ਮਹਿਲ ਅੱਗੇ  ਧਰਨਾ ਲਾ ਕੇ ਸਰਕਾਰ ਦਾ ਪਿੱਟ-ਸਿਆਪਾ ਕਰ ਰਹੇ ਹਨ।


author

shivani attri

Content Editor

Related News