ਅਧਿਆਪਕ ਲਾਠੀਚਾਰਜ ''ਤੇ ਬੋਲੇ ਮਾਨ, ''ਕੈਪਟਨ ਸਰਕਾਰ ਦਾ ਅੰਤ ਨਿਸ਼ਚਿਤ''

Monday, Mar 09, 2020 - 06:57 PM (IST)

ਅਧਿਆਪਕ ਲਾਠੀਚਾਰਜ ''ਤੇ ਬੋਲੇ ਮਾਨ, ''ਕੈਪਟਨ ਸਰਕਾਰ ਦਾ ਅੰਤ ਨਿਸ਼ਚਿਤ''

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਟਿਆਲਾ ਵਿਖੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਕਰਨ ਦੀ ਸਖ਼ਤ ਨਿਖ਼ੇਧੀ ਕੀਤੀ ਹੈ। ਇਥੇ ਜਾਰੀ ਬਿਆਨ 'ਚ ਭਗਵੰਤ ਮਾਨ ਨੇ ਕਿਹਾ ਕਿ ਲਾਠੀਚਾਰਜ ਦਾ ਸ਼ਿਕਾਰ ਹੋਣ ਵਾਲੇ ਬੇਰੁਜ਼ਗਾਰ ਅਧਿਆਪਕਾਂ 'ਚ ਵੱਡੀ ਗਿਣਤੀ ਲੜਕੀਆਂ ਦੀ ਸੀ, ਇਸ ਕਰਕੇ ਵਿਸ਼ਵ ਮਹਿਲਾ ਦਿਵਸ ਮੌਕੇ ਲਾਠੀਚਾਰਜ ਕਰਨਾ ਸ਼ਰਮਨਾਕ ਹੈ। ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਾਰੇ ਵਰਗਾਂ 'ਤੇ ਕਹਿਰ ਢਾਹਿਆ ਹੋਇਆ ਹੈ ਪਰ ਸਰਕਾਰ ਦਾ ਅੰਤ ਨਿਸ਼ਚਿਤ ਹੈ। ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। 

PunjabKesari

ਕਾਂਗਰਸ ਸਰਕਾਰ ਵਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ਕੀਤੇ ਕਹਿਰ ਦੀ ਪੰਜਾਬ ਦੇ ਲੋਕ ਵਿਆਜ਼ ਸਮੇਤ ਭਾਜੀ ਮੋੜਨਗੇ। ਮਾਨ ਨੇ ਕਿਹਾ ਕਿ ਦਿੱਲੀ ਜਾ ਕੇ 11 ਲੱਖ ਨੌਕਰੀਆਂ ਦਾ ਗੱਪ ਮਾਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਕੀਕਤ 'ਤੇ ਪਰਦੇ ਨਹੀਂ ਪਾ ਸਕਦੇ। ਜਿਥੇ ਹਰ ਕੋਈ ਜਾਣਦਾ ਹੈ ਕਿ ਸਰਕਾਰੀ ਸਕੂਲ ਅਧਿਆਪਕਾਂ ਅਤੇ ਹੋਰ ਅਮਲੇ ਦੀ ਘਾਟ ਨਾਲ ਜੂਝ ਰਹੇ ਹਨ। ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਸੁਪਰ ਸਮਾਰਟ ਸਕੂਲਾਂ ਦਾ ਨਾਂ ਦੇ ਕੇ ਹਜ਼ਾਰਾਂ ਸਕੂਲਾਂ ਨੂੰ 'ਮਰਜ਼' ਕਰਕੇ ਜ਼ਿੰਦਰੇ ਮਾਰੇ ਜਾ ਰਹੇ ਹਨ।

PunjabKesari

ਉਨ੍ਹਾਂ ਕਿਹਾ ਕਿ ਟੈਟ ਪਾਸ ਈ.ਟੀ.ਟੀ. ਅਤੇ ਬੀ.ਐੱਡ. ਬੇਰੁਜ਼ਗਾਰ ਅਧਿਆਪਕ 6 ਮਹੀਨਿਆਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਵਿਖੇ ਪੱਕੇ-ਧਰਨੇ ਲਾ ਕੇ ਸੰਘਰਸ਼ ਕਰ ਰਹੇ ਹਨ, ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਗਾਲਾਂ ਤੱਕ ਕੱਢ ਚੁੱਕੇ ਹਨ ਪਰ ਮੁੱਖ ਮੰਤਰੀ ਕੋਲ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਸਮਾਂ ਵੀ ਨਹੀਂ ਹੈ। ਮਾਨ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਨੇ ਵੀ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਮਾਨ ਨੇ ਦਾਅਵਾ ਕੀਤਾ ਕਿ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ 'ਚ ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਸਭ ਤੋਂ ਵੱਧ ਧਿਆਨ ਦਿੱਤਾ ਜਾਵੇਗਾ। ਜਿਸ ਤਰ੍ਹਾਂ ਦਿੱਲੀ 'ਚ ਕੇਜਰੀਵਾਲ ਸਰਕਾਰ ਨੇ ਦਿੱਤਾ ਹੈ।

ਇਹ ਵੀ ਪੜ੍ਹੋ : ਕੈਪਟਨ ਦੀ ਪੁਲਸ ਨੇ ਭਜਾਅ-ਭਜਾਅ ਕੁੱਟੇ ਬੇਰੁਜ਼ਗਾਰ ਅਧਿਆਪਕ, ਲੱਥੀਆਂ ਪੱਗਾਂ (ਤਸਵੀਰਾਂ)      


author

Gurminder Singh

Content Editor

Related News