ਬੱਚਿਆਂ ਲਈ ਜੇਬ ਖ਼ਰਚ ਦੀ ਨਹੀਂ ਕੀਤੀ ਪਰਵਾਹ, ਇਸ ਅਧਿਆਪਕਾ ਨੂੰ ਹਰ ਕੋਈ ਕਰੇਗਾ ਸਲਾਮ

09/23/2020 6:00:57 PM

ਅੰਮ੍ਰਿਤਸਰ/ ਪਠਾਨਕੋਟ (ਵੈਬ ਡੈਸਕ): ਸਰਹੱਦੀ ਜ਼ਿਲ੍ਹੇ ਪਠਾਨਕੋਟ ਨਾਲ ਸਬੰਧਿਤ ਇਕ ਅਧਿਆਪਕਾ ਨੇ ਆਪਣੀ ਜੇਬ 'ਚੋਂ ਪੈਸੇ ਖਰਚ ਕੇ ਬੱਚਿਆਂ ਦੀ ਪੜ੍ਹਾਈ ਲਈ ਵੀਡੀਓ ਬਣਾਈਆਂ ਤਾਂ ਜੋ ਕੋਰੋਨਾ ਮਹਾਮਾਰੀ ਕਾਰਨ ਬੰਦ ਹੋਏ ਸਕੂਲਾਂ ਦੌਰਾਨ ਉਨ੍ਹਾਂ ਦਾ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਉਸ ਵਲੋਂ ਬਣਾਈਆਂ ਵੀਡੀਓਜ਼ ਨੂੰ ਦੂਰਦਰਸ਼ਨ ਜਲੰਧਰ ਵਲੋਂ ਬਕਾਇਦਾ ਪ੍ਰਸਾਰਿਤ ਵੀ ਕੀਤਾ ਗਿਆ ਤਾਂ ਜੋ ਸਾਰੇ ਸੂਬੇ ਦੇ ਬੱਚੇ ਉਨ੍ਹਾਂ ਵੀਡੀਓਜ਼ ਦਾ ਲਾਭ ਲੈ ਸਕਣ।

ਸ੍ਰਮਿਤੀ ਕਾਟਜ ਫੁਲਰਾ ਪਿੰਡ 'ਚ ਪ੍ਰਾਇਮਰੀ ਸਕੂਲ ਅਧਿਆਪਕਾ ਹੈ ਅਤੇ ਉਸ ਨੇ ਆਪਣੀ ਹਿੰਮਤ ਸਦਕਾ ਅਜਿਹਾ ਕਦਮ ਚੁੱਕਿਆ ਜਿਸ ਨਾਲ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਵੀ ਉਸ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਉਸ ਨੇ ਆਪਣੀ ਜੇਬ 'ਚੋਂ 25,000 ਖਰਚ ਕਰਕੇ ਇਕ ਨਵਾਂ ਮੋਬਾਇਲ ਫੋਨ ਅਤੇ ਟਰਾਈਪਾਡ (ਸਟੈਂਡ) ਖਰੀਦਿਆ ਤਾਂ ਜੋ ਉਹ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਲੈਕਚਰ ਸ਼ੂਟ ਕਰਕੇ ਉਨ੍ਹਾਂ ਦੀ ਵੀਡੀਓ ਬਣਾ ਸਕੇ। ਇਸ ਕੰਮ 'ਚ ਉਸ ਦੇ ਪਤੀ ਅਤੇ ਧੀ ਨੇ ਭਰਪੂਰ ਸਹਿਯੋਗ ਦਿੱਤਾ। ਉਸ ਨੇ ਖੁਦ ਹੀ ਵੀਡੀਓਜ਼ ਐਡਿਟ ਕੀਤੀ ਅਤੇ ਫਿਰ ਆਪਣੇ ਵਿਭਾਗ ਦੇ ਸਹਿਯੋਗ ਨਾਲ ਦੂਰਦਰਸ਼ਨ ਨੂੰ ਭੇਜ ਦਿੱਤੀਆਂ।

ਸ੍ਰਮਿਤੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਧਿਆਪਕਾਂ ਨੇ ਆਪੋ-ਆਪਣੇ ਯਤਨਾਂ ਨਾਲ ਕੁੱਝ ਵੀਡੀਓ ਬਣਾ ਕੇ ਵਿਭਾਗ ਨੂੰ ਦਿੱਤੀਆਂ ਤਾਂ ਜੋ ਉਹ ਡੀ.ਡੀ. ਪੰਜਾਬੀ ਤੋਂ ਪ੍ਰਸਾਰਿਤ ਕੀਤੀਆਂ ਜਾ ਸਕਣ। ਅਜਿਹੇ ਯਤਨਾਂ ਨਾਲ ਉਨ੍ਹਾਂ ਨੇ ਵਿਦਿਆਰਥੀਆਂ ਦੇ ਸਿਲੇਬਸ ਦਾ ਕਾਫ਼ੀ ਹਿੱਸਾ ਕਵਰ ਕਰ ਲਿਆ ਜਿਸ ਨਾਲ ਉਨ੍ਹਾਂ ਨੂੰ ਪ੍ਰੀਖਿਆ ਦੇਣ 'ਚ ਕੋਈ ਮੁਸ਼ਕਲ ਨਹੀਂ ਆਵੇਗੀ। ਕੁੱਝ ਹੋਰ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਪੜ੍ਹਾਉਣ ਦੀ ਮੁਹਿੰਮ ਚਲਾਈ ਜਿਨ੍ਹਾਂ ਕੋਲ ਆਪਣੇ ਮੋਬਾਇਲ ਵੀ ਨਹੀਂ ਸਨ। ਅਧਿਆਪਕਾਂ ਦੇ ਇਸ ਕਾਰਜ ਦੀ ਵੱਡੀ ਸ਼ਲਾਘਾ ਹੋ ਰਹੀ ਹੈ।


Shyna

Content Editor

Related News