ਭਾਜਪਾ ''ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ ਪੰਜਾਬ ’ਚ ਉਤਸ਼ਾਹ

Tuesday, Aug 18, 2026 - 11:51 AM (IST)

ਭਾਜਪਾ ''ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ ਪੰਜਾਬ ’ਚ ਉਤਸ਼ਾਹ

ਜਲੰਧਰ (ਅਨਿਲ ਪਾਹਵਾ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੂੰ ਪਾਰਟੀ ਦੇ ਰਾਸ਼ਟਰੀ ਮੁੱਖ ਦਫ਼ਤਰ ਦਾ ਇੰਚਾਰਜ ਬਣਾਏ ਜਾਣ ਦੇ ਫ਼ੈਸਲੇ ਨੂੰ ਭਾਜਪਾ ਸੰਗਠਨ ਵਿਚ ਉਨ੍ਹਾਂ ਦੇ ਵੱਧਦੇ ਪ੍ਰਭਾਵ ਅਤੇ ਕੇਂਦਰੀ ਲੀਡਰਸ਼ਿਪ ਦੇ ਵਿਸ਼ੇਸ਼ ਵਿਸ਼ਵਾਸ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿਚ ਇਸ ਨਿਯੁਕਤੀ ਨੂੰ ਭਾਜਪਾ ਦੇ ਸੰਗਠਨਾਤਮਕ ਢਾਂਚੇ ਵਿਚ ਇਕ ਅਹਿਮ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ। ਪਾਰਟੀ ਸਰੋਤਾਂ ਅਨੁਸਾਰ ਰਾਸ਼ਟਰੀ ਮੁੱਖ ਦਫ਼ਤਰ ਇੰਚਾਰਜ ਵਜੋਂ ਤਰੁਣ ਚੁੱਘ ਸੰਗਠਨ ਦੇ ਕੇਂਦਰੀ ਕੰਮਕਾਜ, ਚੋਣ ਮੁਹਿੰਮਾਂ ਦੇ ਤਾਲਮੇਲ, ਵੱਖ-ਵੱਖ ਸੈੱਲਾਂ ਅਤੇ ਵਿਭਾਗਾਂ ਵਿਚਕਾਰ ਤਾਲਮੇਲ ਅਤੇ ਸੂਬਿਆਂ ਨਾਲ ਸੰਗਠਨਾਤਮਕ ਸੰਵਾਦ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੀ ਜ਼ਿੰਮੇਵਾਰੀ ਨਿਭਾਉਣਗੇ। ਭਾਜਪਾ ਦੇ ਰਾਸ਼ਟਰੀ ਮੁੱਖ ਦਫ਼ਤਰ ਨੂੰ ਸੰਗਠਨ ਦਾ ਸੰਚਾਲਨ ਕੇਂਦਰ ਮੰਨਿਆ ਜਾਂਦਾ ਹੈ, ਜਿੱਥੋਂ ਪਾਰਟੀ ਦੀਆਂ ਰਣਨੀਤਕ ਅਤੇ ਪ੍ਰਬੰਧਕੀ ਗਤੀਵਿਧੀਆਂ ਦਾ ਤਾਲਮੇਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ, ਪੰਜਾਬ 'ਚ ਨਵਾਂ ਇੰਚਾਰਜ ਲਗਾਇਆ

ਲੰਬੇ ਸਮੇਂ ਤੋਂ ਸੰਗਠਨ ਵਿਚ ਸਰਗਰਮ

ਤਰੁਣ ਚੁੱਘ ਲੰਬੇ ਸਮੇਂ ਤੋਂ ਭਾਜਪਾ ਦੇ ਰਾਸ਼ਟਰੀ ਸੰਗਠਨ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ। ਜੰਮੂ-ਕਸ਼ਮੀਰ ਸਮੇਤ ਵੱਖ-ਵੱਖ ਸੂਬਿਆਂ ਵਿਚ ਸੰਗਠਨ ਨੂੰ ਮਜ਼ਬੂਤ ਕਰਨ, ਚੋਣ ਪ੍ਰਬੰਧਨ ਅਤੇ ਵਰਕਰ ਆਧਾਰਤ ਪ੍ਰੋਗਰਾਮਾਂ ਦੇ ਸਫ਼ਲ ਸੰਚਾਲਨ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਪਾਰਟੀ ਦੇ ਅੰਦਰ ਉਨ੍ਹਾਂ ਨੂੰ ਇਕ ਪ੍ਰਭਾਵਸ਼ਾਲੀ ਰਣਨੀਤੀਕਾਰ ਵਜੋਂ ਜਾਣਿਆ ਜਾਂਦਾ ਹੈ।

ਕੇਂਦਰੀ ਸੰਗਠਨ ਵਿਚ ਭੂਮਿਕਾ ਹੋਵੇਗੀ ਹੋਰ ਵੀ ਪ੍ਰਭਾਵਸ਼ਾਲੀ

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਰਾਸ਼ਟਰੀ ਮੁੱਖ ਦਫ਼ਤਰ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਭਾਜਪਾ ਦੇ ਕੇਂਦਰੀ ਸੰਗਠਨ ਵਿਚ ਤਰੁਣ ਚੁੱਘ ਦੀ ਭੂਮਿਕਾ ਹੋਰ ਵੀ ਪ੍ਰਭਾਵਸ਼ਾਲੀ ਹੋਵੇਗੀ। ਆਉਣ ਵਾਲੇ ਸਮੇਂ ਵਿਚ ਸੰਗਠਨਾਤਮਕ ਵਿਸਥਾਰ, ਚੋਣ ਰਣਨੀਤੀ ਅਤੇ ਸੂਬਿਆਂ ਨਾਲ ਤਾਲਮੇਲ ਦੇ ਮਾਮਲਿਆਂ ਵਿਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲ ਸਕਦੀ ਹੈ। ਫਿਲਹਾਲ ਭਾਜਪਾ ਵਰਕਰਾਂ ਵਿਚ ਇਹ ਸੁਨੇਹਾ ਸਪੱਸ਼ਟ ਹੈ ਕਿ ਸੰਗਠਨ ਪ੍ਰਤੀ ਲੰਬੇ ਸਮੇਂ ਤੋਂ ਕੀਤੇ ਗਏ ਸਮਰਪਿਤ ਕਾਰਜ ਅਤੇ ਲੀਡਰਸ਼ਿਪ ਸਮਰੱਥਾ ਦੇ ਆਧਾਰ ’ਤੇ ਤਰੁਣ ਚੁੱਘ ਨੂੰ ਪਾਰਟੀ ਦੀਆਂ ਸਭ ਤੋਂ ਅਹਿਮ ਜ਼ਿੰਮੇਵਾਰੀਆਂ ਵਿਚੋਂ ਇਕ ਸੌਂਪੀ ਗਈ ਹੈ, ਜਿਸ ਨੂੰ ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਦੇ ਵਿਸ਼ਵਾਸ ਅਤੇ ਸਤਿਕਾਰ ਵਜੋਂ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : 

ਪੰਜਾਬ ਦੇ ਆਗੂ ਨੂੰ ਅਹਿਮ ਜ਼ਿੰਮੇਵਾਰੀ

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣਾ ਸੰਗਠਨ ਵਿਚ ਉਨ੍ਹਾਂ ਦੀ ਵਿਸ਼ਵਾਸਯੋਗਤਾ ਨੂੰ ਦਰਸਾਉਂਦਾ ਹੈ। ਵਿਸ਼ੇਸ਼ ਤੌਰ ’ਤੇ ਪੰਜਾਬ ਤੋਂ ਆਉਣ ਵਾਲੇ ਕਿਸੇ ਆਗੂ ਨੂੰ ਰਾਸ਼ਟਰੀ ਮੁੱਖ ਦਫ਼ਤਰ ਵਰਗੀ ਅਹਿਮ ਜ਼ਿੰਮੇਵਾਰੀ ਮਿਲਣਾ ਸੂਬੇ ਦੇ ਭਾਜਪਾ ਵਰਕਰਾਂ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਪੰਜਾਬ ਤੋਂ ਪਹਿਲਾਂ ਵੀ ਕਈ ਆਗੂ ਰਾਸ਼ਟਰੀ ਪੱਧਰ ’ਤੇ ਕੰਮ ਕਰ ਚੁੱਕੇ ਹਨ ਪਰ ਇਸ ਪੱਧਰ ਦੀ ਜ਼ਿੰਮੇਵਾਰੀ ਪਹਿਲੀ ਵਾਰ ਕਿਸੇ ਆਗੂ ਨੂੰ ਦਿੱਤੀ ਗਈ ਹੈ। ਨਿਯੁਕਤੀ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਭਾਜਪਾ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਸਮੇਤ ਕਈ ਥਾਵਾਂ ’ਤੇ ਵਰਕਰਾਂ ਨੇ ਮਠਿਆਈਆਂ ਵੰਡੀਆਂ ਅਤੇ ਇਸ ਨੂੰ ਪੰਜਾਬ ਭਾਜਪਾ ਲਈ ਮਾਣ ਵਾਲਾ ਪਲ ਦੱਸਿਆ। ਅੰਮ੍ਰਿਤਸਰ ਸਥਿਤ ਭਾਜਪਾ ਦਫ਼ਤਰ ਵਿਚ ਵਰਕਰਾਂ ਨੇ ਢੋਲ ਵਜਾ ਕੇ ਅਤੇ ਪਟਾਕੇ ਚਲਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News