ਵੱਡੀ ਵਾਰਦਾਤ: ਚੜ੍ਹਦੀ ਸਵੇਰ ਘਰ 'ਚ ਦਾਖ਼ਲ ਹੋ ਕੇ ਕਾਮਰੇਡ ਨੂੰ ਗੋਲੀਆਂ ਨਾਲ ਭੁੰਨ੍ਹਿਆ
Friday, Oct 16, 2020 - 11:54 AM (IST)
ਤਰਨਤਾਰਨ (ਰਮਨ, ਸੁਖਚੈਨ, ਅਮਨ) : ਜ਼ਿਲ੍ਹੇ ਦੇ ਸਰਹੱਦੀ ਕਸਬਾ ਭਿੱਖੀਵਿੰਡ 'ਚ ਅੱਜ ਚੜ੍ਹਦੀ ਸਵੇਰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕਾਮਰੇਡ ਨੂੰ ਸ਼ਰੇਆਮ ਘਰ 'ਚ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਵਾਰਦਾਤ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਨੂੰ ਰਾਸ਼ਟਰੀ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਅੱਜ ਆਪਣੇ ਘਰ 'ਚ ਮੌਜੂਦ ਸੀ। ਇਸੇ ਦੌਰਾਨ ਘਰ 'ਚ ਦਾਖਲ ਹੋਏ ਕੁਝ ਵਿਅਕਤੀਆਂ ਨੇ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੇ ਭਰਾ ਬਲਵਿੰਦਰ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਮਿਲੀ ਸੁਰੱਖਿਆ ਸੀ, ਜੋ ਕੁਝ ਸਮਾਂ ਪਹਿਲਾਂ ਵਾਪਸ ਲੈ ਲਈ ਗਈ ਸੀ। ਇਸ ਦਾ ਉਨ੍ਹਾਂ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਡੀ.ਐੱਸ.ਪੀ. ਰਾਜਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।