ਤੇਜ਼ ਰਫਤਾਰ ਕਾਰ ਦੀ ਲਪੇਟ ''ਚ ਆਉਣ ਨਾਲ ਪੰਜਾਬ ਪੁਲਸ ਦੇ ਜਵਾਨ ਦੀ ਮੌਤ

Tuesday, Jun 02, 2020 - 09:16 AM (IST)

ਤੇਜ਼ ਰਫਤਾਰ ਕਾਰ ਦੀ ਲਪੇਟ ''ਚ ਆਉਣ ਨਾਲ ਪੰਜਾਬ ਪੁਲਸ ਦੇ ਜਵਾਨ ਦੀ ਮੌਤ

ਤਰਨਤਾਰਨ (ਰਾਜੂ) : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪੈਂਦੇ ਪੁਲ ਖੱਬੇ ਡੋਗਰਾਂ ਦੇ ਨਜ਼ਦੀਕ ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਪੰਜਾਬ ਪੁਲਸ ਦੇ ਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਯਾਦਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਰੱਖ ਸ਼ੇਖ ਫੱਤਾ ਨੇ ਦੱਸਿਆ ਕਿ ਉਸ ਦਾ ਭਰਾ ਹਰਭਿੰਦਰ ਸਿੰਘ ਪੰਜਾਬ ਪੁਲਸ 'ਚ ਨੌਕਰੀ ਕਰਦਾ ਹੈ।

ਬੀਤੀ ਸ਼ਾਮ ਉਸ ਦਾ ਭਰਾ ਆਪਣੀ ਡਿਊਟੀ ਖਤਮ ਕਰਕੇ ਮੋਟਰ ਸਾਈਕਲ ਨੰਬਰ ਪੀ. ਬੀ.46.ਜੀ.9021 'ਤੇ ਸਵਾਰ ਹੋ ਕੇ ਦਵਾਈ ਲੈਣ ਲਈ ਤਰਨਤਾਰਨ ਨੂੰ ਜਾ ਰਿਹਾ ਸੀ। ਜਦ ਪੁਲ ਖੱਬੇ ਡੋਗਰਾਂ ਨਜ਼ਦੀਕ ਪੁੱਜਾ ਤਾਂ ਸਾਹਮਣੇ ਤੋਂ ਇਕ ਕਾਰ ਸਵਾਰ ਨੇ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ ਜਿਸ ਕਾਰਨ ਹਰਭਿੰਦਰ ਸਿੰਘ ਸੜਕ 'ਤੇ ਡਿੱਗ ਗਿਆ ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਏ.ਐੱਸ.ਆਈ. ਸਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਬਲਿਹਾਰਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਵੱਲਾ (ਅੰਮ੍ਰਿਤਸਰ) ਖਿਲਾਫ ਮੁਕੱਦਮਾ ਨੰਬਰ 211 ਧਾਰਾ 304ਏ/279/337/338 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Baljeet Kaur

Content Editor

Related News