ਇਸ ਵਾਰ ਕਿਸਦੀ ਝੋਲੀ ਪਵੇਗੀ ''ਪੰਥਕ ਸੀਟ''

Saturday, May 04, 2019 - 01:26 PM (IST)

ਇਸ ਵਾਰ ਕਿਸਦੀ ਝੋਲੀ ਪਵੇਗੀ ''ਪੰਥਕ ਸੀਟ''

ਤਰਨਤਾਰਨ (ਰਮਨ) : ਲੋਕ ਸਭਾ ਹਲਕਾ ਖਡੂਰ ਸਾਹਿਬ ਜਿਸ ਨੂੰ ਅਕਾਲੀ ਦਲ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ, ਇਥੇ 4 ਪ੍ਰਮੱਖ ਪਾਰਟੀਆਂ ਦੇ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ 'ਚ ਉੱਤਰ ਚੁੱਕੇ ਹਨ। ਇਸ ਸੀਟ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ 'ਚੋਂ ਕਿਸ ਦੀ ਜਿੱਤ ਤੇ ਕਿਸ ਦੀ ਜ਼ਮਾਨਤ ਜ਼ਬਤ ਹੋਵੇਗੀ ਇਹ ਤਾਂ ਆਉਣ ਵਾਲੇ ਸਮੇਂ 'ਚ ਹਲਕੇ ਦੇ ਵੋਟਰ ਹੀ ਦੱਸਣਗੇ। ਇਸ ਹਲਕੇ 'ਚ ਕਾਂਗਰਸ, ਅਕਾਲੀ ਦਲ ਅਤੇ ਪੀ. ਡੀ. ਏ. 'ਚ ਤਿਕੋਣਾ ਮੁਕਾਬਲਾ ਹੋਣ ਜਾ ਰਿਹਾ ਹੈ ਜਦਕਿ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਢਿੱਲਾ ਨਜ਼ਰ ਆ ਰਿਹਾ ਹੈ।

ਲੋਕ ਸਭਾ ਹਲਕੇ 'ਚ ਕਾਬਜ਼ ਹਨ 9 ਕਾਂਗਰਸੀ ਵਿਧਾਇਕ
ਸ਼੍ਰੋਮਣੀ ਅਕਾਲੀ ਦਲ ਦੇ ਮੰਨੇ ਜਾਂਦੇ ਲੋਕ ਸਭਾ ਹਲਕਾ ਖਡੂਰ ਸਾਹਿਬ 'ਚ 4 ਜ਼ਿਲੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਸ਼ਾਮਲ ਹਨ ਜਿਨ੍ਹਾਂ 'ਚ 9 ਵਿਧਾਨ ਸਭਾ ਹਲਕੇ ਸ਼ਾਮਲ ਹਨ। ਇਨ੍ਹਾਂ ਵਿਧਾਨ ਸਭਾ ਹਲਕਿਆਂ ਜਿਨ੍ਹਾਂ 'ਚ ਜੰਡਿਆਲਾ ਗੁਰੂ ਤੋਂ ਵਿਧਾਇਕ ਸੁਖਵਿੰਦਰ ਡੈਨੀ, ਬਾਬਾ ਬਕਾਲਾ ਤੋਂ ਸੰਤੋਖ ਸਿੰਘ ਭਲਾਈਪੁਰ, ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ, ਕਪੂਰਥਲਾ ਤੋਂ ਰਾਣਾ ਗੁਰਜੀਤ, ਜ਼ੀਰਾ ਤੋਂ ਇੰਦਰਜੀਤ ਸਿੰਘ ਜ਼ੀਰਾ, ਤਰਨਤਾਰਨ ਤੋਂ ਡਾ. ਧਰਮਬੀਰ ਅਗਨੀਹੋਤਰੀ, ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ, ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ, ਪੱਟੀ ਤੋਂ ਹਰਮਿੰਦਰ ਸਿੰਘ ਗਿੱਲ (ਸਾਰੇ ਕਾਂਗਰਸੀ ਵਿਧਾਇਕ) ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਿਛਲੀ ਲੋਕ ਸਭਾ ਚੋਣ ਵਿਚ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਾਂਗਰਸ ਪਾਰਟੀ ਦੇ ਹਰਮਿੰਦਰ ਸਿੰਘ ਗਿੱਲ ਨੂੰ ਹਰਾਇਆ ਸੀ।

16,25,192 ਵੋਟਰ ਕਰਨਗੇ ਫੈਸਲਾ
ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਇਸ ਸਮੇਂ ਕੁੱਲ 16,25,192 ਵੋਟਰ ਸ਼ਾਮਲ ਹਨ ਜਿਨ੍ਹਾਂ 'ਚ 7,70,609 ਔਰਤਾਂ, 8,54,510 ਮਰਦ ਅਤੇ 73 ਕਿੰਨਰ ਸ਼ਾਮਲ ਹਨ। ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ 'ਚ 1,73,884, ਤਰਨਤਾਰਨ 'ਚ 1,89,955, ਖੇਮਕਰਨ 'ਚ 2,02,894, ਪੱਟੀ 'ਚ 1,93,789, ਖਡੂਰ ਸਾਹਿਬ 'ਚ 1,97,043, ਬਾਬਾ ਬਕਾਲਾ 'ਚ 1,94,571, ਕਪੂਰਥਲਾ 'ਚ 1,44,240, ਸੁਲਤਾਨਪੁਰ ਲੋਧੀ 'ਚ 1,45,597 ਅਤੇ ਜ਼ੀਰਾ 'ਚ 1,83,219 ਕੁੱਲ ਵੋਟਰ ਹਨ।

ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ
ਲੋਕ ਸਭਾ ਹਲਕਾ 'ਚ ਪਹਿਲੀ ਵਾਰ ਲੋਕ ਸਭਾ ਦੀ ਚੋਣ ਲੜ ਰਹੇ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਅਕਾਲੀ ਦਲ ਦੇ ਕਿਲਾ ਕਹੇ ਜਾਂਦਾ ਇਸ ਗੜ੍ਹ ਨੂੰ ਢਹਿ ਢੇਰੀ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।

PunjabKesari
- ਖਾਮੀਆਂ
1.
ਕਾਂਗਰਸ ਸਰਕਾਰ ਵੱਲੋਂ ਚੋਣ ਵਾਅਦੇ ਪੂਰੇ ਨਾ ਕਰਨ ਸਬੰਧੀ ਭਾਰੀ ਰੋਸ।
2. ਪੰਚਾਇਤੀ ਚੋਣਾਂ 'ਚ ਪੁਰਾਣੇ ਸਰਪੰਚਾਂ-ਪੰਚਾਂ ਦੀ ਥਾਂ ਨਵਿਆਂ ਨੂੰ ਮੌਕਾ ਦੇਣਾ।
3. ਪੰਥਕ ਵੋਟਾਂ ਦੀ ਜ਼ਿਆਦਾ ਉਮੀਦ ਨਾ ਹੋਣਾ।
4. ਹਲਕੇ 'ਚ ਕਾਂਗਰਸ ਸਰਕਾਰ ਵੱਲੋਂ ਕੋਈ ਇੰਡਸਟਰੀ ਆਦਿ ਨਾ ਲਗਾਉਣਾ।
- ਪੱਖ 'ਚ
1. ਲੋਕ ਸਭਾ ਖੇਤਰ 'ਚ 9 ਕਾਂਗਰਸੀ ਵਿਧਾਇਕਾਂ ਦਾ ਚੋਣ ਪ੍ਰਚਾਰ 'ਚ ਵਾਧਾ ਹੋਣਾ।
2. ਧਾਰਮਕ ਬੇਅਦਬੀ ਮਾਮਲੇ 'ਚ ਦੋਸ਼ੀਆਂ ਖਿਲਾਫ ਜਾਂਚ ਕਰਵਾਉਣਾ।
3. ਲੋਕ ਸਭਾ ਹਲਕਾ ਅਧੀਨ ਆਉਂਦੇ ਰਈਆ ਦੇ ਵਾਸੀ ਹੋਣਾ।
4. ਸਾਬਕਾ ਵਿਧਾਇਕ ਹੋਣ ਦੇ ਨਾਲ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਹਿਣਾ।
5. ਪੰਜਾਬ 'ਚ ਸੱਤਾਧਾਰੀ ਪਾਰਟੀ ਦਾ ਮੌਜੂਦ ਹੋਣਾ।

ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਜਗੀਰ ਕੌਰ

PunjabKesari
- ਖਾਮੀਆਂ
1.
ਹਲਕੇ ਤੋਂ ਬਾਹਰੀ ਉਮੀਦਵਾਰ ਹੋਣਾ।
2. ਧਾਰਮਕ ਬੇਅਦਬੀਆਂ ਕਾਰਨ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕਰਨਾ ।
3. ਬੇਅਦਬੀ ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ. ਮੁਖੀ ਦਾ ਤਬਾਦਲਾ ਕਰਵਾਉਣਾ।
4. ਨੋਟਬੰਦੀ ਤੇ ਜੀ. ਐੱਸ. ਟੀ. ਦਾ ਮੋਦੀ ਸਰਕਾਰ ਵੱਲੋਂ ਲਾਗੂ ਕਰਨਾ।
5. ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਅਕਾਲੀ ਦਲ ਬਾਦਲ ਖਿਲਾਫ ਬਗਾਵਤ ਕਰਨਾ।
- ਪੱਖ ਦੀਆਂ ਗੱਲਾਂ
1.
ਹਲਕੇ ਦੇ ਪੰਥਕ ਹੋਣ ਦਾ ਲਾਭ ਮਿਲਣਾ।
2. ਲੰਮੇ ਸਮੇਂ ਤੋਂ ਅਕਾਲੀ ਦਲ ਬਾਦਲ ਤੇ ਐੱਸ. ਜੀ. ਪੀ. ਸੀ. ਨਾਲ ਜੁੜੇ ਰਹਿਣਾ।
3. ਮੋਦੀ ਸਰਕਾਰ ਵੱਲੋਂ ਦੇਸ਼ 'ਚ ਕੀਤੇ ਗਏ ਵਿਕਾਸ ਨੂੰ ਮੁੱਖ ਰੱਖਣਾ।
4. ਅਕਾਲੀ ਦਲ ਦੇ ਵੱਡੇ ਲੀਡਰਾਂ ਵੱਲੋਂ ਛੋਟੇ ਲੀਡਰਾਂ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਤੇਜ਼ ਕਰਨਾ।

ਪੰਜਾਬ ਏਕਤਾ ਪਾਰਟੀ ਤੇ ਪੀ. ਡੀ. ਏ. ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ

PunjabKesari
- ਖਾਮੀਆਂ
1. ਪਹਿਲੀ ਵਾਰ ਸਿਆਸਤ 'ਚ ਆਉਣਾ।
2. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਣ ਮੈਨੀਫੈਸਟੋ ਦੱਸਣਾ।
3. ਨਵੀਂ ਪਾਰਟੀ ਵਲੋਂ ਚੋਣ ਲੜਨਾ।
4. ਹਲਕੇ ਤੋਂ ਬਾਹਰੀ ਉਮੀਦਵਾਰ ਹੋਣਾ।
- ਪੱਖ ਦੀਆਂ ਗੱਲਾਂ
1. ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਲਈ ਜ਼ਮੀਨ ਨਾਲ ਜੁੜੇ ਹੋਣਾ।
2. ਪੰਥਕ ਵੋਟ ਦਾ ਲਾਭ ਤੇ ਵਿਦੇਸ਼ਾਂ ਤੋਂ ਸਮੱਰਥਨ ਮਿਲਣਾ।
3. ਪੰਜਾਬ ਡੈਮੋਕਰੇਟਿਵ ਅਲਾਇੰਸ ਰਾਹੀਂ ਪਾਰਟੀਆਂ ਦਾ ਇਕੱਠੇ ਹੋਣਾ।
4. ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਅਕਾਲੀ ਦਲ ਦਾ ਵਿਰੋਧ ਕਰਨ ਨਾਲ ਵੋਟ ਬੈਂਕ ਦਾ ਲਾਭ ਮਿਲਣਾ।
 

ਆਮ ਆਦਮੀ ਪਾਰਟੀ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ

PunjabKesari
- ਖਾਮੀਆਂ
1. ਹਲਕੇ 'ਚ ਪਹਿਲੀ ਵਾਰ ਚੋਣ ਲੜਨਾ।
2. ਪੰਜਾਬ ਅੰਦਰ ਆਮ ਆਦਮੀ ਪਾਰਟੀ ਨੂੰ ਵਿਧਾਇਕ ਤੇ ਸੀਨੀਅਰ ਮੈਂਬਰਾਂ ਵੱਲੋਂ ਅਲਵਿਦਾ ਕਹਿਣਾ।
3. ਪਾਰਟੀ ਵੱਲੋਂ ਕੋਈ ਵੀ ਵੱਡੀ ਰੈਲੀ ਨਾ ਕਰਨਾ।
-ਪੱਖ ਦੀਆਂ ਗੱਲਾਂ
1. ਦਿੱਲੀ 'ਚ ਕੇਜਰੀਵਾਲ ਸਰਕਾਰ ਵੱਲੋਂ ਲੋਕ ਹਿੱਤਾਂ ਲਈ ਕੀਤੇ ਵਿਕਾਸ ਦਾ ਲਾਭ ਮਿਲਣਾ।
2. ਬਿਨਾਂ ਫਾਲਤੂ ਖਰਚ ਕੀਤੇ ਚੋਣ ਲੜਨਾ।
3. ਯੂਥ ਵੋਟਰਾਂ 'ਚ ਭਾਰੀ ਉਤਸ਼ਾਹ ਹੋਣ ਨਾਲ ਸਮਰਥਨ ਮਿਲਣਾ।

ਲੋਕ ਸਭਾ ਹਲਕੇ ਦੇ ਅਹਿਮ ਮੁੱਦੇ
ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਹਰ ਵਾਰ ਨਵਾਂ ਸੰਸਦ ਮੈਂਬਰ ਚੁਣਿਆ ਜਾਂਦਾ ਹੈ ਜੋ ਵੋਟਰਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕਰ ਕੇ ਉਨ੍ਹਾਂ ਨੂੰ ਪੂਰੇ ਕਰਨ 'ਚ ਅਸਫਲ ਰਹਿ ਜਾਂਦਾ ਹੈ ਜਿਸ ਕਾਰਨ ਵੋਟਰਾਂ 'ਚ ਕੁੱਝ ਸਮੇਂ ਦੀ ਨਾਰਾਜ਼ਗੀ ਜ਼ਰੂਰ ਰਹਿੰਦੀ ਹੈ ਪਰ ਬਾਅਦ 'ਚ ਵੋਟਰ ਇਸ ਨਾਰਾਜ਼ਗੀ ਨੂੰ ਭੁੱਲ ਜਾਂਦੇ ਹਨ। ਇਸ ਹਲਕੇ 'ਚ ਅਹਿਮ ਮੁੱਦਾ ਨਸ਼ੇ 'ਤੇ ਰੋਕ ਨਾ ਲਗਣਾ, ਸਰਹੱਦੀ ਇਲਾਕਿਆਂ 'ਚ ਬੇਰੋਜ਼ਗਾਰਾਂ ਲਈ ਕੋਈ ਵਿਸ਼ੇਸ਼ ਪ੍ਰਾਜੈਕਟ ਨਾ ਲਗਾਉਣਾ, ਜ਼ਿਲਾ ਤਰਨਤਾਰਨ 'ਚ ਮੈਡੀਕਲ ਕਾਲਜ ਦੀ ਘਾਟ ਹੋਣਾ, ਬਿਆਸ ਤੋਂ ਤਰਨਤਾਰਨ ਚੱਲਣ ਵਾਲੀ ਰੇਲ ਗੱਡੀ ਦੀ ਸਮੇਂ ਸਾਰਨੀ ਨੂੰ ਬਦਲਾਉਣਾ, ਸ਼ੂਗਰ ਮਿੱਲ ਦਾ ਕਈ ਸਾਲਾਂ ਤੋਂ ਬੰਦ ਰਹਿਣਾ, ਬਿਆਸ ਦਰਿਆ ਨਾਲ ਲੱਗਦੇ ਖੇਤਰ 'ਚ ਬੰਨ੍ਹ ਲਗਾਉਣਾ, ਕਪੂਰਥਲਾ ਤੋਂ ਬਿਆਸ ਦਰਿਆ 'ਤੇ ਪੁਲ ਬਣਾਉਣਾ, ਜ਼ਿਲਾ ਪੱਧਰੀ ਹਸਪਤਾਲਾਂ 'ਚ ਸਟਾਫ ਅਤੇ ਟ੍ਰਾਮਾਂ ਸੈਂਟਰ ਦੀ ਘਾਟ ਹੋਣਾ।


author

Baljeet Kaur

Content Editor

Related News