ਨਗਰ ਕੀਰਤਨ ਧਮਕੇ ਦੇ 9 ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਨੇ ਪਰਿਵਾਰਾਂ ਦੀ ਨਹੀਂ ਲਈ ਕੋਈ ਸਾਰ
Monday, Feb 17, 2020 - 12:08 PM (IST)
ਤਰਨਤਾਰਨ (ਰਮਨ) : ਬੀਤੀ 8 ਫਰਵਰੀ ਦੀ ਸ਼ਾਮ ਨੂੰ ਪਹੂਵਿੰਡ ਤੋਂ ਸ੍ਰੀ ਟਾਹਲਾ ਸਾਹਿਬ ਲਈ ਰਵਾਨਾ ਹੋਏ ਨਗਰ ਕੀਰਤਨ ਦੌਰਾਨ ਆਤਿਸ਼ਬਾਜ਼ੀ ਕਰਦੇ ਸਮੇਂ ਹੋਏ ਬਲਾਸਟ ਕਾਰਣ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਦਕਿ 10 ਨੌਜਵਾਨ ਜ਼ਖਮੀ ਹੋ ਗਏ ਸਨ। ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਨੇ ਮ੍ਰਿਤਕਾਂ ਨੂੰ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਕਰਨ ਦਾ ਐਲਾਨ ਕਰਦੇ ਹੋਏੇ ਇਸ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਅੱਜ ਤੱਕ ਪ੍ਰਸ਼ਾਸਨ ਵਲੋਂ ਨਾ ਹੀ ਸਾਰ ਲਈ ਗਈ ਅਤੇ ਨਾ ਹੀ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਿੱਥੇ ਡੀ. ਐੱਮ. ਸੀ. ਲੁਧਿਆਣਾ ਵਿਖੇ ਅੱਜ ਵੀ ਚਾਰ ਜ਼ਖਮੀਆਂ ਦਾ ਇਲਾਜ ਜਾਰੀ ਹੈ। ਉੱਥੇ ਤਿੰਨਾਂ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਸੋਮਵਾਰ ਪਿੰਡ ਪਹੂਵਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ। ਇਸ ਸਬੰਧੀ ਜ਼ਖਮੀ ਹਰਮਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ਵਾਹਿਗੁਰੂ ਅੱਗੇ ਆਪਣੇ ਬੱਚਿਆਂ ਦੀ ਸਲਾਮਤੀ ਸਬੰਧੀ ਦਿਨ-ਰਾਤ ਅਰਦਾਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਇਸ ਘਟਨਾ ਤੋਂ ਬਾਅਦ ਪਿੰਡ ਪਹੁੰਚ ਕੇ ਕਿਸੇ ਨਾਲ ਕੋਈ ਰਾਬਤਾ ਨਹੀਂ ਕੀਤਾ। ਇਸ ਦੌਰਾਨ ਜ਼ਖਮੀ ਪਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੇ ਮੂੰਹ 'ਤੇ ਜ਼ਖਮ ਠੀਕ ਨਾ ਹੋਣ ਦੇ ਬਾਵਜੂਦ ਉਸ ਨੂੰ ਛੁੱਟੀ ਦੇ ਦਿੱਤੀ ਗਈ, ਜਿਸ ਕਾਰਣ ਉਹ ਆਪਣੇ ਬੱਚੇ ਦਾ ਪ੍ਰਾਈਵੇਟ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਾ ਹੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ।
ਅੱਜ ਪੈਣਗੇ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ
ਹਾਦਸੇ 'ਚ ਮਾਰੇ ਗਏ ਮਨਪ੍ਰੀਤ ਸਿੰਘ, ਗੁਰਕੀਰਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ (ਸੋਮਵਾਰ) ਪਿੰਡ ਪਹੂਵਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵਲੋਂ ਪੀੜਤ ਪਰਿਵਾਰਾਂ ਨਾਲ 9 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਸੰਪਰਕ ਨਾ ਕੀਤੇ ਜਾਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।
ਆਤਿਸ਼ਬਾਜ਼ੀ ਨਾ ਚਲਾਉਣ ਸਬੰਧੀ ਕੀਤੀ ਜਾ ਰਹੀ ਅਪੀਲ
ਇਸ ਦਰਦਨਾਕ ਹਾਦਸੇ ਤੋਂ ਬਾਅਦ ਗੁਰਦੁਆਰਾ ਪ੍ਰਬੰਧਕਾਂ ਅਤੇ ਲੋਕਾਂ 'ਚ ਆਤਿਸ਼ਬਾਜ਼ੀ ਨਾ ਚਲਾਉਣ ਸਬੰਧੀ ਕਾਫੀ ਜਾਗਰੂਕਤਾ ਪੈਦਾ ਹੋ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਪਿੰਡ ਮੁੰਡਾਪਿੰਡ ਅਤੇ ਤਰਨਤਾਰਨ ਵਿਖੇ ਸਜਾਏ ਗਏ ਨਗਰ ਕੀਰਤਨ ਤੋਂ ਮਿਲਦੀ ਹੈ, ਜਿੱਥੇ ਆਤਿਸ਼ਬਾਜ਼ੀ ਦੀ ਵਰਤੋਂ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਪਿੰਡ ਮੁੰਡਾਪਿੰਡ ਦੇ ਬਾਬਾ ਨੰਦ ਸਿੰਘ ਨੇ ਨਗਰ ਕੀਰਤਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਆਤਿਸ਼ਬਾਜ਼ੀ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਵਲੋਂ 4 ਜ਼ਖਮੀਆਂ ਦਾ ਇਲਾਜ ਸਹੀ ਢੰਗ ਨਾਲ ਡੀ. ਐੱਮ. ਸੀ. ਲੁਧਿਆਣਾ ਤੋਂ ਜਾਰੀ ਹੈ ਜਦਕਿ ਸਰਕਾਰ ਵਲੋਂ ਐਲਾਨੀ ਗਈ ਮੁਆਵਜ਼ੇ ਸਬੰਧੀ ਰਾਸ਼ੀ ਵੀ ਜਲਦ ਮੁਹੱਈਆ ਕਰਵਾ ਦਿੱਤੀ ਜਾਵੇਗੀ। ਆਤਿਸ਼ਬਾਜ਼ੀ ਦੀ ਵਰਤੋਂ ਕਰਨ ਵਾਲੇ ਵਿਅਕਤੀ ਖਿਲਾਫ ਤੁਰੰਤ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਰਜਨੀਸ਼ ਅਰੋੜਾ ਵਲੋਂ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।