ਭਾਰਤੀ ਸਰਹੱਦ ’ਚ ਮੁੜ ਪਾਕਿ ਡਰੋਨ ਨੇ ਦਿੱਤੀ ਦਸਤਕ, BSF ਨੇ ਕੀਤੀ ਫਾਇਰਿੰਗ
Wednesday, Jun 01, 2022 - 10:32 AM (IST)
ਤਰਨਤਾਰਨ (ਰਮਨ) - ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿ ਸਰਹੱਦ ਨੂੰ ਪਾਰ ਕਰ ਕੇ ਆਏ ਦਿਨ ਡਰੋਨ ਵੱਲੋਂ ਦਸਤਕ ਦਿੱਤੇ ਜਾਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਬੀਤੀ ਰਾਤ ਥਾਣਾ ਵਲਟੋਹਾ ਅਧੀਨ ਆਉਂਦੇ ਇਲਾਕੇ ’ਚ ਡਰੋਨ ਦੇ ਦਸਤਕ ਦਿੱਤੇ ਜਾਣ ਤੋਂ ਮਿਲਦੀ ਹੈ, ਜਿਸ ਨੂੰ ਵੇਖ ਕੇ ਬੀ. ਐੱਸ. ਐੱਫ. ਦੀ 103 ਬਟਾਲੀਅਨ ਵੱਲੋਂ ਹਰਕਤ ’ਚ ਆਉਂਦੇ ਹੋਏ ਡਰੋਨ ਨੂੰ ਸੁੱਟਣ ਲਈ ਕਰੀਬ 2 ਦਰਜਨ ਰੌਂਦ ਫਾਇਰਿੰਗ ਵੀ ਕੀਤੀ ਗਈ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀ ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਮੌਜੂਦ ਬੀ. ਓ. ਪੀ. ਠੱਠੀਆਂ ਜੈਮਲ ਸਿੰਘ ਦੇ ਪਿੱਲਰ ਨੰਬਰ 146/1 ਨਜ਼ਦੀਕ ਬੀਤੀ ਰਾਤ ਕਰੀਬ 12.15 ਵਜੇ ਪਿੰਡ ਵਾਸੀਆਂ ਵੱਲੋਂ ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਸਹਿਮ ਭਰਿਆ ਮਾਹੌਲ ਬਣ ਗਿਆ। ਇਸ ਦੌਰਾਨ ਸਰਹੱਦ ’ਤੇ ਤਾਇਨਾਤ ਬੀ. ਐੱਸ. ਐੱਫ. ਦੀ 103 ਬਟਾਲੀਅਨ ਵੱਲੋਂ ਹਰਕਤ ਵਿਚ ਆਉਂਦੇ ਹੋਏ ਡਰੋਨ ਨੂੰ ਹੇਠਾਂ ਸੁੱਟਣ ਲਈ 2 ਦਰਜਨ ਰੌਂਦ ਫਾਇਰ ਵੀ ਕੀਤੇ ਗਏ। ਕੁਝ ਸਮੇਂ ਬਾਅਦ ਜਦੋਂ ਡਰੋਨ ਦੀ ਆਵਾਜ਼ ਬੰਦ ਹੋ ਗਈ, ਜਿਸ ਤੋਂ ਬਾਅਦ ਮੰਗਲਵਾਰ ਸਵੇਰੇ ਬੀ. ਐੱਸ. ਐੱਫ. ਅਤੇ ਥਾਣਾ ਵਲਟੋਹਾ ਦੀ ਪੁਲਸ ਵੱਲੋਂ ਚਲਾਏ ਤਲਾਸ਼ੀ ਅਭਿਆਨ ਦੌਰਾਨ ਕੁਝ ਵੀ ਬਰਮਾਦ ਨਹੀਂ ਹੋਇਆ।