ਬਦਮਾਸ਼ ਸੰਦੀਪ ਸਿੰਘ ਇਕ ਦਿਨਾ ਪੁਲਸ ਰਿਮਾਂਡ ''ਤੇ

Friday, Sep 20, 2019 - 11:07 AM (IST)

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਅਧੀਨ ਆਉਂਦੇ ਥਾਣਾ ਸਰਹਾਲੀ ਦੀ ਪੁਲਸ ਵਲੋਂ ਇਕ ਦੋਸ਼ੀ ਨੂੰ ਬੀਤੀ ਰਾਤ ਜਾਇਜ਼ ਅਤੇ ਨਾਜਾਇਜ਼ ਅਸਲਾ ਸਮੇਤ ਇਕ ਫਾਰਚੂਨਰ ਕਾਰ ਸਮੇਤ ਕਾਬੂ ਕੀਤਾ ਗਿਆ ਸੀ, ਜਿਸ ਨੂੰ ਵੀਰਵਾਰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨਾ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਆਈ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਥਾਣਾ ਸਰਹਾਲੀ ਅਧੀਨ ਆਉਂਦੀ ਪੁਲਸ ਚੌਕੀ ਨੌਸ਼ਹਿਰਾ ਪੰਨੂਆਂ ਦੇ ਇੰਚਾਰਜ ਏ. ਐੱਸ. ਆਈ. ਚਰਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਕਲਾਂ ਵਿਖੇ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਕੁਝ ਨੌਜਵਾਨ ਹਥਿਆਰਾਂ ਨਾਲ ਇਕ ਫਾਰਚੂਨਰ ਗੱਡੀ 'ਚ ਘੁੰਮ ਰਹੇ ਹਨ, ਜਿਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਕਰਦੇ ਹੋਏ ਸਰਹਾਲੀ ਤੋਂ ਤਰਨਤਾਰਨ ਵੱਲ ਆ ਰਹੀ ਫਾਰਚੂਨਰ ਕਾਰ ਰੰਗ ਸਫੈਦ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਇਸ ਦੌਰਾਨ ਕਾਰ ਚਾਲਕ ਸੰਦੀਪ ਸਿੰਘ ਉਰਫ ਜਿੰਮੀ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਢੋਟੀਆਂ ਜ਼ਿਲਾ ਤਰਨਤਾਰਨ ਤੋਂ ਪੁਲਸ ਨੇ ਇਕ 32 ਬੋਰ ਪਿਸਤੌਲ, ਇਕ ਮੈਗਜ਼ੀਨ ਅਤੇ 4 ਜ਼ਿੰਦਾ ਰੌਂਦ ਬਰਾਮਦ ਕੀਤੇ, ਜਦਕਿ ਗੁਰਲਾਲ ਸਿੰਘ ਪੁੱਤਰ ਤਰਸੇਮ ਸਿੰਘ, ਮਹਿੰਦਰ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ, ਰਵੀ ਪੁੱਤਰ ਤਰਲੋਕ ਸਿੰਘ ਵਾਸੀ ਦੁੱਗਲਵਾਲਾ ਸਮੇਤ ਇਕ ਅਣਪਛਾਤਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਵਲੋਂ ਕਾਲਜ ਦੀ ਪ੍ਰਧਾਨਗੀ ਸਬੰਧੀ ਕਿਸੇ ਵੇਲੇ ਕੋਈ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਸੀ ਜਾਂ ਫਿਰ ਕਿਸੇ ਨੂੰ ਡਰਾਉਣ ਧਮਕਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗੱਡੀ 'ਚੋਂ ਫਰਾਰ ਗੁਰਲਾਲ ਸਿੰਘ ਦਾ ਪਿਤਾ ਤਰਸੇਮ ਸਿੰਘ ਪਿੰਡ ਨੌਸ਼ਹਿਰਾ ਪੰਨੂਆਂ ਦਾ ਮੌਜੂਦਾ ਕਾਂਗਰਸੀ ਸਰਪੰਚ ਹੈ।

ਐੱਸ. ਪੀ. (ਆਈ.) ਜਗਜੀਤ ਸਿੰਘ ਨੇ ਦੱਸਿਆ ਕਿ ਇਸ ਗੱਡੀ ਦੇ ਡੈਸ਼ ਬੋਰਡ 'ਚੋਂ 11 ਜ਼ਿੰਦਾ ਸਪਰਿੰਗ ਫੀਲਡ, 21 ਰੌਂਦ ਜ਼ਿੰਦਾ ਅਤੇ 315 ਬੋਰ ਰਾਈਫਲ ਬਰਾਮਦ ਕੀਤੀ ਗਈ ਹੈ। ਇਨ੍ਹਾਂ ਦੋਸ਼ੀਆਂ ਖਿਲਾਫ ਪਹਿਲਾਂ ਅਸਲਾ ਐਕਟ ਸਬੰਧੀ ਕੁਝ ਮਾਮਲੇ ਦਰਜ ਹੋਣ ਦਾ ਪਤਾ ਲੱਗਾ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਖਿਲਾਫ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰਦੇ ਹੋਏ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰਨ ਉਪਰੰਤ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਡੀ. ਐੱਸ. ਪੀ. ਪੱਟੀ ਕੰਵਲਪ੍ਰੀਤ ਸਿੰਘ ਵੀ ਹਾਜ਼ਰ ਸਨ।

ਫਰਾਰ ਗੁਰਲਾਲ ਸਿੰਘ ਖਿਲਾਫ ਪਹਿਲਾਂ ਦਰਜ ਹਨ ਹੇਠ ਲਿਖੇ ਮਾਮਲੇ-
1)
ਮਿਤੀ 18 ਅਗਸਤ 2014 ਨੂੰ ਥਾਣਾ ਗੋਇੰਦਵਾਲ ਸਾਹਿਬ ਵਿਖੇ 302/307/326/324/323/336/171/506/148/149 ਆਈ. ਪੀ. ਸੀ. ਸਮੇਤ ਅਸਲਾ ਐਕਟ ਤਹਿਤ ਮਾਮਲਾ ਦਰਜ ਸੀ ਜਿਸ 'ਚੋਂ ਇਹ ਬਰੀ ਹੋ ਚੁੱਕਾ ਹੈ।
2) ਮਿਤੀ 27 ਨਵੰਬਰ 2018 ਨੂੰ ਥਾਣਾ ਗੋਇੰਦਵਾਲ ਸਾਹਿਬ ਵਿਖੇ ਧਾਰਾ 307/323/506 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਹੈ।
3) ਮਿਤੀ 27 ਨਵੰਬਰ 2018 ਨੂੰ ਸਿਟੀ ਥਾਣਾ ਤਰਨਤਾਰਨ ਵਿਖੇ ਧਾਰਾ 307/186/353/148/149 ਆਈ. ਪੀ. ਸੀ. ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਹੈ।
4) ਮਿਤੀ 30 ਅਪ੍ਰੈਲ 2019 ਨੂੰ ਥਾਣਾ ਸਰਹਾਲੀ ਵਿਖੇ ਧਾਰਾ 323/506/148/149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਹੈ।


Baljeet Kaur

Content Editor

Related News