ਸਪਾਰਕਿੰਗ ਨਾਲ ਕਿਸਾਨਾਂ ਦੀ ਡੇਢ ਏਕੜ ਕਣਕ ਤੇ 19 ਏਕੜ ਨਾੜ ਸੜਿਆ

Friday, May 03, 2019 - 10:45 AM (IST)

ਸਪਾਰਕਿੰਗ ਨਾਲ ਕਿਸਾਨਾਂ ਦੀ ਡੇਢ ਏਕੜ ਕਣਕ ਤੇ 19 ਏਕੜ ਨਾੜ ਸੜਿਆ

ਤਰਨਤਾਰਨ (ਰਾਜੂ) : ਤਰਨਤਾਰਨ ਦੇ ਨਜ਼ਦੀਕੀ ਪਿੰਡ ਪਲਾਸੌਰ ਵਿਖੇ ਬਿਜਲੀ ਦੀਆਂ ਤਾਰਾਂ 'ਚ ਸਪਾਰਕਿੰਗ ਹੋਣ ਨਾਲ ਡੇਢ ਏਕੜ ਕਣਕ ਅਤੇ 19 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਰਘਬੀਰ ਸਿੰਘ, ਜਿਸ ਨੇ ਜ਼ਮੀਨ ਠੇਕੇ 'ਤੇ ਲਈ ਸੀ, ਦਾ 12 ਏਕੜ ਨਾੜ ਸੜ ਗਿਆ ਜਦ ਕਿ ਸੁਖਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਪਲਾਸੌਰ ਦੀ ਡੇਢ ਏਕੜ ਕਣਕ ਅਤੇ 2 ਏਕੜ ਨਾੜ ਸੜ ਗਿਆ। ਇਸੇ ਤਰ੍ਹਾਂ ਕਾਰਜ ਸਿੰਘ ਦਾ 5 ਕਨਾਲਾਂ ਅਤੇ ਕਮਾਲ ਸਿੰਘ ਪਿੰਡ ਗੋਰਖਾ ਦਾ 4 ਏਕੜ ਨਾੜ ਸੜ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਸਵੰਤ ਸਿੰਘ ਪਲਾਸੌਰ, ਰਣਜੀਤ ਸਿੰਘ ਪਲਾਸੌਰ ਅਤੇ ਮੁਖਤਾਰ ਸਿੰਘ ਪਲਾਸੌਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਸਦਿਆਂ ਦੱਸਿਆ ਕਿ 24 ਘੰਟੇ ਬੀਤ ਜਾਣ 'ਤੇ ਵੀ ਕੋਈ ਅਧਿਕਾਰੀ ਮੌਕਾ ਵੇਖਣ ਨਹੀਂ ਪਹੁੰਚਿਆ। ਕਿਸਾਨ ਆਗੂਆਂ ਨੇ ਇਸ ਘਟਨਾ ਦੇ ਜ਼ਿੰਮੇਵਾਰ ਬਿਜਲੀ ਅਧਿਕਾਰੀਆਂ ਉੱਤੇ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਪੀੜਤ ਕਿਸਾਨਾਂ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਸਰਕਾਰ ਵਲੋਂ ਦਿੱਤਾ ਜਾਵੇ। ਜੇਕਰ ਸਰਕਾਰ ਨੇ ਦੋਸ਼ੀ ਬਿਜਲੀ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਅਤੇ ਸਰਕਾਰ ਵਲੋਂ ਪੀੜਤ ਕਿਸਾਨਾਂ ਦੀ ਬਾਂਹ ਨਾ ਫੜੀ ਗਈ ਤਾਂ ਕਿਸਾਨ ਜਥੇਬੰਦੀ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਰਘਬੀਰ ਸਿੰਘ, ਸੁਖਵਿੰਦਰ ਸਿੰਘ, ਕਾਰਜ ਸਿੰਘ, ਕਮਾਲ ਸਿੰਘ, ਕਾਬਲ ਸਿੰਘ, ਕਾਲਾ, ਜਸਬੀਰ ਸਿੰਘ ਆਦਿ ਭਾਰੀ ਗਿਣਤੀ 'ਚ ਕਿਸਾਨ, ਮਜ਼ਦੂਰ ਹਾਜ਼ਰ ਸਨ।


author

Baljeet Kaur

Content Editor

Related News