ਤਰਨਤਾਰਨ ''ਚ ਡਮੀ ਐਡਮਿਸ਼ਨ ਕਰਵਾਉਣ ਵਾਲੇ 25 ਸਕੂਲਾਂ ਨੂੰ 3.75 ਕਰੋੜ ਜੁਰਮਾਨਾ

Sunday, Jul 29, 2018 - 02:33 PM (IST)

ਤਰਨਤਾਰਨ ''ਚ ਡਮੀ ਐਡਮਿਸ਼ਨ ਕਰਵਾਉਣ ਵਾਲੇ 25 ਸਕੂਲਾਂ ਨੂੰ 3.75 ਕਰੋੜ ਜੁਰਮਾਨਾ

ਤਰਨਾਤਰਨ (ਬਿਊਰੋ) : ਦੂਜੇ ਜ਼ਿਲੇ ਦੇ ਕਰੀਬ 1500 ਬੱਚਿਆਂ ਨੂੰ ਨਕਲੀ ਦਸਤਾਵੇਜ਼ਾਂ 'ਤੇ ਓਪਨ ਸਕੂਲ 'ਚ ਡਮੀ ਦਾਖਲਾ ਦੇਣ ਦੇ ਦੋਸ਼ 'ਚ ਸਿੱਖਿਆ ਬੋਰਡ ਨੇ ਜ਼ਿਲੇ ਦੇ 37 ਸਕੂਲਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਇਸ 'ਚ 25 ਸਕੂਲਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਜੁਰਮਾਨਾ ਲਗਾਇਆ ਗਿਆ ਹੈ। ਜਦਕਿ 12 ਸਕੂਲਾਂ ਦੀ ਐਫੀਲੀਏਸ਼ਨ ਰੱਦ ਕਰ ਦਿੱਤੀ ਗਈ ਹੈ। ਉਥੇ ਹੀ ਬਰਨਾਲਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਨੂੰ 1.05 ਕਰੋੜ ਤੇ ਨੌਸ਼ਹਿਰਾ ਪਨੂੰਆ ਦੇ ਆਕਸਫੋਰਡ ਪਬਲਿਕ ਸਕੂਲ ਨੂੰ 44.75 ਲੱਖ ਰੁਪਏ ਜੁਰਮਾਨਾ ਚੁਕਾਉਣਾ ਹੋਵੇਗਾ। ਬੋਰਡ ਨੇ ਸਕੂਲਾਂ ਨੂੰ 30 ਜੁਲਾਈ ਤੱਕ ਜੁਰਮਾਨਾ ਜਮ੍ਹਾ ਕਰਵਾਉਣ ਨੂੰ ਕਿਹਾ ਹੈ। ਅਜਿਹਾ ਨਾ ਕਰਨ 'ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। 
ਸਿੱਖਿਆ ਵਿਭਾਗ ਦੇ ਸਕੱਤਰ ਕਿਸ਼ਨ ਕੁਮਾਰ ਨੇ ਇਸ ਸਾਲ ਪੇਪਰਾਂ ਦੇ ਦਿਨਾਂ 'ਚ ਚੈਕਿੰਗ ਕੀਤੀ ਸੀ। ਗੜਬੜੀ ਹੋਣ 'ਤੇ ਉਨ੍ਹਾਂ ਨੇ ਤੁਰੰਤ 11 ਸਕੂਲਾਂ ਦੇ ਸੈਂਟਰਾਂ ਨੂੰ ਬਦਲ ਦਿੱਤਾ ਸੀ। ਉਨ੍ਹਾਂ ਖੁਲਾਸਾ ਕੀਤਾ ਸੀ ਕਿ ਜ਼ਿਲੇ ਦੇ ਕਈ ਸਕੂਲ ਨਿਯਮਾਂ ਦੇ ਉਲਟ ਓਪਨ ਸਕੂਲ ਦੇ ਜਰੀਏ ਦੂਜੇ ਜ਼ਿਲਿਆਂ ਦੇ ਬੱਚਿਆਂ ਕੋਲੋਂ 70 ਹਜ਼ਾਰ ਤੋਂ 1.50 ਲੱਖ ਰੁਪਏ ਤੱਕ ਵਸੂਲੇ ਗਏ। ਬਾਅਦ 'ਚ ਡੀ.ਸੀ. ਪ੍ਰਦੀਪ ਸਭਰਵਾਲ ਤੇ ਐੱਸ.ਡੀ.ਐੱਮ. ਸੁਰਿੰਦਰ ਸਿੰਘ ਨੇ 37 ਸਕੂਲਾਂ ਦੀ ਜਾਂਚ ਕੀਤੀ ਸੀ। ਹੁਣ ਰਿਪੋਰਟ 'ਤੇ ਕਾਰਵਾਈ ਕਰਦੇ ਹੋਏ ਇਨ੍ਹਾਂ 'ਚੋਂ 25 ਸਕੂਲਾਂ ਨੂੰ ਜੁਰਮਾਨਾ ਕੀਤਾ ਗਿਆ ਹੈ ਜਦਕਿ 12 ਦੀ ਐਫੀਲੀਏਸ਼ਨ ਰੱਦ ਕਰ ਦਿੱਤੀ ਹੈ।


Related News