ਨਸ਼ਾ ਛੁਡਾਉ ਕੇਂਦਰ 'ਚ ਬੀ.ਕੇ.ਯੂ. ਵਰਕਰ 'ਤੇ ਤਸ਼ੱਦਦ, ਕੀਤੇ ਕਈ ਖੁਲਾਸੇ

02/02/2020 5:45:29 PM

ਤਪਾ ਮੰਡੀ (ਸ਼ਾਮ,ਗਰਗ) : ਸਬ-ਡਵੀਜ਼ਨਲ ਸਿਵਲ ਹਸਪਤਾਲ ਤਪਾ 'ਚ ਜ਼ੇਰੇ ਇਲਾਜ ਭਾਕਿਯੂ ਇਕਾਈ ਧੋਲਾ ਦੇ ਖਜ਼ਾਨਚੀ ਪਰਮਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਜ਼ਿਲਾ ਫਿਰੋਜ਼ਪੁਰ ਦੇ ਇਕ ਨਸ਼ਾ ਛੁਡਾਉ ਕੇਂਦਰ 'ਤੇ ਗੰਭੀਰ ਦੋਸ਼ ਲਾਏ ਹਨ। ਪੀੜਤ ਨੇ ਕਿਹਾ ਕਿ ਨਸ਼ਾ ਛੁਡਾਉਣ ਦੇ ਨਾਮ 'ਤੇ ਖੁੱਲ੍ਹੇ ਇਸ ਕੇਂਦਰ ਨੂੰ ਚਲਾਉਣ ਵਾਲੇ ਵਿਅਕਤੀ ਧਰਮ ਦੇ ਨਾਮ 'ਤੇ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ। ਕੇਂਦਰ ਵਾਲਿਆਂ ਵੱਲੋਂ ਉਸ ਦੀ ਬਹੁਤ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਰਹੀ ਅਤੇ ਉਸ ਦੇ ਕੱਪੜੇ ਉਤਾਰ ਕੇ ਜਲੀਲ ਕੀਤਾ ਗਿਆ। ਪੀੜਤ ਨੇ ਇਹ ਵੀ ਖੁਲਾਸਾ ਕੀਤਾ ਕਿ ਨਸ਼ਾ ਛੁਡਾਉ ਸੈਂਟਰ ਵਿਚ ਨਸ਼ਾ ਕਰਨ ਅਤੇ ਵੇਚਣ ਦੇ ਸਾਰੇ ਢੰਗ ਸਿਖਾਏ ਜਾਂਦੇ ਹਨ ਅਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ ਤੋਂ ਕਿਸ ਜਗ੍ਹਾ ਤੋਂ ਚਿੱਟਾ ਮਿਲਦਾ ਹੈ।

ਪੀੜਤ ਨੇ ਦੱਸਿਆ ਕਿ ਪਰਿਵਾਰ ਵੱਲੋਂ ਉਸ ਦੀ ਸ਼ਰਾਬ ਛੱਡਾਉਣ ਲਈ ਸੈਂਟਰ ਭੇਜਿਆ ਗਿਆ ਸੀ ਪਰ ਸੈਂਟਰ ਵਾਲਿਆਂ ਨੇ ਇੰਨਾਂ ਤਸ਼ੱਦਦ ਢਾਹਿਆ ਕਿ ਉਹ ਹੁਣ ਉਠ-ਬੈਠ ਵੀ ਨਹੀਂ ਸਕਦਾ। ਉਹ ਉਥੋਂ ਭੱਜਣਾ ਚਾਹੁੰਦਾ ਸੀ ਪਰ ਸਫਲ ਨਹੀਂ ਹੋ ਸਕਿਆ। ਪੀੜਤ ਨੇ ਦੱਸਿਆ ਕਿ 27 ਜਨਵਰੀ ਨੂੰ ਉਸ ਦੀ ਪਤਨੀ ਉਸ ਨੂੰ ਲੈਣ ਗਈ ਸੀ ਪਰ ਪਤਨੀ ਨਾਲ ਨਾ ਭੇਜ ਕੇ 28 ਜਨਵਰੀ ਨੂੰ ਉਸ ਨੂੰ ਜ਼ਖਮੀ ਹਾਲਤ 'ਚ ਘਰ ਭੇਜ ਦਿੱਤਾ ਗਿਆ। ਪੀੜਤ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਹਸਪਤਾਲ ਵਿਚ ਉਸ ਨੂੰ ਇਲਾਜ ਕਰਾਉਂਦੇ ਹੋਏ ਇਕ ਹਫਤਾ ਬੀਤ ਗਿਆ ਹੈ ਪਰ ਕੋਈ ਵੀ ਪੁਲਸ ਮੁਲਾਜ਼ਮ ਬਿਆਨ ਤੱਕ ਲੈਣ ਨਹੀਂ ਆਇਆ।

ਇਸ ਸਬੰਧੀ ਜਦੋਂ ਭਾਕਿਯੂ ਦੇ ਬਲਾਕ ਮੀਤ ਪ੍ਰਧਾਨ ਗੁਰਨੈਬ ਸਿੰਘ ਧੋਲਾ, ਬਲਦੇਵ ਸਿੰਘ ਧੋਲਾ ਅਤੇ ਸਰਬਜੀਤ ਸਿੰਘ ਜੋ ਪੀੜਤ ਦਾ ਪਤਾ ਲੈਣ ਹਸਪਤਾਲ ਆਏ ਸਨ, ਨਾਲ ਗੱਲਬਾਤ ਕੀਤੀ ਉੁਨ੍ਹਾਂ ਕਿਹਾ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਸੈਂਟਰ ਖਿਲਾਫ ਕਾਰਵਾਈ ਕਰਾਉਣ ਲਈ ਜੇਕਰ ਸੰਘਰਸ਼ ਦੀ ਜ਼ਰੂਰਤ ਪਈ ਤਾਂ ਉਹ ਪਿੱਛੇ ਨਹੀਂ ਹੱਟਣਗੇ। ਉਨ੍ਹਾਂ ਕਿਹਾ ਕੇ ਉਹ ਆਪਣੇ ਆਗੂਆਂ ਨਾਲ ਸਲਾਹ ਕਰਕੇ ਸੈਂਟਰ ਅੱਗੇ ਧਰਨਾ ਲਾਉਣ ਦਾ ਪ੍ਰੋਗਰਾਮ ਵੀ ਉਲੀਕਣਗੇ। ਇਸ ਮੌਕੇ ਡਿਊਟੀ 'ਤੇ ਹਾਜ਼ਰ ਡਾਕਟਰ ਦਾ ਕਹਿਣਾ ਹੈ ਕਿ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ। ਇਸ ਸੰਬੰਧੀ ਜਦ ਚੌਂਕੀ ਮੁਦਕੀ ਦੇ ਇੰਚਾਰਜ ਕੁਲਵੰਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਹਸਪਤਾਲ 'ਚੋਂ ਰੁੱਕਾ ਨਹੀਂ ਮਿਲਿਆ। ਇਸ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ।


cherry

Content Editor

Related News