ਫਲਾਂ ਦਾ ਭਰਿਆ ਕੈਂਟਰ ਟਰਾਲੇ ਨਾਲ ਟਕਰਾਇਆ, ਕਲੀਨਰ ਦੀ ਮੌਤ

Wednesday, May 15, 2019 - 10:00 AM (IST)

ਫਲਾਂ ਦਾ ਭਰਿਆ ਕੈਂਟਰ ਟਰਾਲੇ ਨਾਲ ਟਕਰਾਇਆ, ਕਲੀਨਰ ਦੀ ਮੌਤ

ਤਪਾ ਮੰਡੀ (ਸ਼ਾਮ,ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਗੰਦੇ ਨਾਲੇ ਨੇੜੇ ਫਲਾਂ ਦੇ ਭਰੇ ਕੈਂਟਰ ਦੀ ਟਰਾਲੇ ਨਾਲ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ ਤੇ ਇਕ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ਤਪਾ 'ਚ ਜ਼ੇਰੇ ਇਲਾਜ ਕੈਂਟਰ ਚਾਲਕ ਮਨਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਟਾਹਲਾ ਸਾਹਿਬ (ਬਠਿੰਡਾ) ਨੇ ਦੱਸਿਆ ਕਿ ਉਹ ਕਲੀਨਰ ਸਮੇਤ ਦਿੱਲੀ ਤੋਂ ਸੰਗਰੂਰ, ਰਾਮਪੂਰਾ ਫੂਲ, ਬਠਿੰਡਾ ਆਦਿ ਮੰਡੀਆ ਦੇ ਫਲ ਲੈ ਕੇ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਖੁੱਡੀ ਖੁਰਦ ਨੇੜੇ ਪੁੱਜੇ ਤਾਂ ਕੈਂਟਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰਾਲੇ 'ਚ ਜਾ ਵੱਜਾ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਦਕਿ ਕਲੀਨਰ ਗੋਪਾਲ ਸਿੰਘ ਪੁੱਤਰ ਟੇਕ ਸਿੰਘ ਵਾਸੀ ਟਾਹਲਾ ਸਾਹਿਬ (ਬਠਿੰਡਾ) ਕੈਂਟਰ ਦੇ 'ਚ ਫਸ ਗਿਆ ਤੇ ਉਸ ਨੂੰ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਮੌਕੇ 'ਤੇ ਪਹੁੰਚ ਕੇ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਸਬੰਧੀ ਸੂਚਨਾ ਮਿਲਦਿਆ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਕਲੀਨਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਬਰਨਾਲਾ ਭੇਜ ਦਿੱਤਾ ਹੈ। ਪੁਲਸ ਨੇ ਚਾਲਕ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News