ਤਲਵੰਡੀ ਸਾਬੋ 'ਚ ਫਾਈਰਿੰਗ, ਸਥਿਤੀ ਤਣਾਅਪੂਰਨ

Sunday, May 19, 2019 - 06:47 PM (IST)

ਤਲਵੰਡੀ ਸਾਬੋ 'ਚ ਫਾਈਰਿੰਗ, ਸਥਿਤੀ ਤਣਾਅਪੂਰਨ

ਤਲਵੰਡੀ ਸਾਬੋ (ਮੁਨੀਸ਼) : ਲੋਕ ਸਭਾ ਚੋਣਾਂ ਦੌਰਾਨ ਅੱਜ ਇਥੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਨਗਰ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਬਣੇ ਪੋਲਿੰਗ ਬੂਥ ਕੋਲ ਸਵੇਰੇ ਫਾਇਰਿੰਗ ਹੋ ਗਈ। ਫਾਇਰਿੰਗ ਦੌਰਾਨ ਦੋ ਵਿਅਕਤੀ ਜ਼ਖਮੀ ਹੋ ਗਏ। ਭੜਕੇ ਲੋਕਾਂ ਦੀ ਜਿੱਥੇ ਪੁਲਸ ਨਾਲ ਵੀ ਝੜਪ ਹੋਈ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੀ ਅਗਵਾਈ 'ਚ ਵਰਕਰਾਂ ਵਲੋਂ ਧਰਨਾ ਲਾ ਦਿੱਤਾ ਗਿਆ। ਤਲਵੰਡੀ ਸਾਬੋ ਪੁਲਸ ਵਲੋਂ ਉਕਤ ਫਾਇਰਿੰਗ ਕਰਨ ਦੇ ਕਥਿਤ ਦੋਸ਼ਾਂ ਤਹਿਤ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਸਮੇਤ ਇਕ ਦਰਜਨ ਕਾਂਗਰਸੀ ਆਗੂਆਂ 'ਤੇ ਇਰਾਦਾ ਕਤਲ ਸਮੇਤ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

PunjabKesari

ਸਵੇਰੇ ਕਰੀਬ 11 ਵਜੇ ਵਾਰਡ ਨੰਬਰ 8 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਮਨ-ਅਮਾਨ ਨਾਲ ਵੋਟਿੰਗ ਦਾ ਕੰਮ ਚੱਲ ਰਿਹਾ ਸੀ। ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਜਲੌਰ ਸਿੰਘ ਅਕਾਲੀ ਆਗੂ ਨੇ ਦੱਸਿਆ ਕਿ ਉਹ ਅੱਜ ਸਵੇਰੇ ਅਕਾਲੀ ਦਲ ਦੇ ਪੋਲਿੰਗ ਬੂਥ 'ਤੇ ਬੈਠੇ ਪਰਚੀਆਂ ਕੱਟ ਰਹੇ ਸਨ ਕਿ ਕਾਂਗਰਸ ਦੇ ਹਲਕਾ ਸੇਵਾਦਾਰ ਅਤੇ ਜ਼ਿਲਾ ਪ੍ਰਧਾਨ ਖੁਸ਼ਬਾਜ ਜਟਾਣਾ ਆਪਣੇ ਸਾਥੀਆਂ ਸਮੇਤ ਉੱਥੇ ਪੁੱਜੇ ਅਤੇ ਉਨ੍ਹਾਂ ਨੂੰ ਜਾਤੀਸੂਚਕ ਸ਼ਬਦ ਬੋਲਦਿਆਂ ਬਹਿਸ ਕਰਦੇ ਹੋਏ ਉਸ ਨੂੰ ਡਰਾਉਣ ਧਮਕਾਉਣ ਲੱਗ ਪਏ, ਜਿਸ ਦੌਰਾਨ ਕਾਂਗਰਸੀ ਆਗੂਆਂ ਨੇ ਉਸ 'ਤੇ ਗੋਲੀਆਂ ਦਾਗ ਦਿੱਤੀਆਂ ਜਿਸ 'ਚ ਉਹ ਤਾਂ ਵਾਲ-ਵਾਲ ਬਚ ਗਿਆ ਪਰ ਉਕਤ ਗੋਲੀਬਾਰੀ 'ਚ ਦੋ ਵਿਅਕਤੀ ਕਰਮ ਸਿੰਘ ਉਰਫ ਬਿੱਲੂ ਅਤੇ ਮਿੱਠੂ ਸਿੰਘ ਜ਼ਖਮੀ ਹੋ ਗਏ ਜਦੋਂਕਿ ਲੜਾਈ 'ਚ ਮੇਰੇ ਬੇਟੇ ਗੁਰਸ਼ਰਨ ਸਿੰਘ ਦੇ ਸਿਰ 'ਚ ਸੱਟਾਂ ਲੱਗੀਆਂ। ਲੋਕਾਂ ਵਲੋਂ ਇਕੱਠੇ ਹੋ ਕੇ ਵਿਰੋਧ ਕਰਨ ਉਪਰੰਤ ਕਾਂਗਰਸੀ ਆਗੂ ਉੱਥੋਂ ਭੱਜ ਗਏ।

ਪੁਲਸ ਨੇ ਕੀਤਾ ਲਾਠੀਚਾਰਜ
ਵਾਰਡ ਨੰਬਰ 8 'ਚ ਮਾਮਲਾ ਉਦੋਂ ਹੋਰ ਵਿਗੜ ਗਿਆ ਜਦੋਂ ਇਸ ਘਟਨਾ ਖਿਲਾਫ ਪੋਲਿੰਗ ਬੂਥ ਕੋਲ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਸ ਨੇ ਹਲਕਾ ਲਾਠੀਚਾਰਜ ਕਰ ਦਿੱਤਾ। ਲੋਕਾਂ ਨੇ ਗੁੱਸੇ 'ਚ ਸਰਕਾਰ ਅਤੇ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੁਝ ਸਮਾਂ ਵੋਟਿੰਗ ਵੀ ਰੁਕੀ ਰਹੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਘਟਨਾ ਸਥਾਨ 'ਤੇ ਪੁੱਜੇ ਅਤੇ ਫਾਇਰਿੰਗ ਕਰਨ ਵਾਲਿਆਂ ਖਿਲਾਫ ਪਰਚੇ ਦੀ ਮੰਗ ਨੂੰ ਲੈ ਕੇ ਧਰਨਾ ਲਾ ਦਿੱਤਾ। ਮਾਮਲਾ ਵਿਗੜਦਾ ਦੇਖ ਪਹਿਲਾਂ ਐੱਸ. ਐੱਸ. ਪੀ. ਬਠਿੰਡਾ ਨਾਨਕ ਸਿੰਘ ਅਤੇ ਬਾਅਦ 'ਚ ਚੋਣ ਕਮਿਸ਼ਨ ਵਲੋਂ ਵਿਸ਼ੇਸ਼ ਤੌਰ 'ਤੇ ਲਾਏ ਡੀ. ਆਈ. ਜੀ. ਦਲੀਪ ਕੁਮਾਰ ਅਤੇ ਆਈ. ਜੀ. ਬਠਿੰਡਾ ਰੇਂਜ ਐੱਮ. ਐੱਫ. ਫਾਰੂਕੀ ਵੀ ਮੌਕੇ 'ਤੇ ਪੁੱਜ ਗਏ। ਸਾਬਕਾ ਵਿਧਾਇਕ ਨੇ ਉਨ੍ਹਾਂ ਨੂੰ ਘਟਨਾ ਸਥਾਨ 'ਤੇ ਪਏ ਕਾਰਤੂਸਾਂ ਦੇ ਖਾਲੀ ਖੋਲ ਅਤੇ ਉਹ ਘਰ ਦਿਖਾਇਆ ਜਿਸ ਦੇ ਗੇਟ 'ਤੇ ਗੋਲੀ ਵੱਜੀ ਸੀ। ਪੁਲਸ ਦੇ ਉੱਚ ਅਧਿਕਾਰੀ ਪਹਿਲਾਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ਧਰਨਾ ਚੁੱਕਣ ਲਈ ਮਨਾਉਂਦੇ ਰਹੇ ਪਰ ਉਨ੍ਹਾਂ ਵਲੋਂ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਤੇ ਹੋਰਨਾਂ ਆਗੂਆਂ 'ਤੇ ਪਰਚਾ ਦਰਜ ਕਰ ਕੇ ਐੱਫ. ਆਈ. ਆਰ. ਦੀ ਕਾਪੀ ਉਨ੍ਹਾਂ ਨੂੰ ਲਿਆ ਕੇ ਦੇਣ ਦੀ ਮੰਗ ਕੀਤੀ।

ਜ਼ਿਲਾ ਪ੍ਰਧਾਨ ਸਮੇਤ 12 'ਤੇ ਮਾਮਲਾ ਦਰਜ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤਲਵੰਡੀ ਸਾਬੋ ਪੁਲਸ ਨੇ ਜਲੌਰ ਸਿੰਘ ਦੇ ਬਿਆਨਾਂ 'ਤੇ ਥਾਣਾ ਤਲਵੰਡੀ ਸਾਬੋ 'ਚ ਕਾਂਗਰਸ ਦੇ ਜ਼ਿਲਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ, ਬਲਾਕ ਕਾਂਗਰਸ ਪ੍ਰਧਾਨ ਦਿਲਪ੍ਰੀਤ ਸਿੰਘ ਜਗਾ, ਕਾਂਗਰਸ ਦੇ ਚਾਰ ਕੌਂਸਲਰਾਂ ਅਜ਼ੀਜ਼ ਖਾਂ, ਹਰਬੰਸ ਸਿੰਘ, ਮੰਗੂ ਸਿੰਘ, ਨਸੀਬ ਸਿੰਘ, ਜਗਦੇਵ ਸਿੰਘ ਜੱਜਲ ਮੈਂਬਰ ਬਲਾਕ ਸੰਮਤੀ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਲੱਕੀ ਤਲਵੰਡੀ ਸਾਬੋ, ਸੀਨ. ਕਾਂਗਰਸੀ ਆਗੂ ਅੰਮ੍ਰਿਤਪਾਲ ਗਰਗ, ਬਾਬਾ ਵਕੀਲ, ਜੱਸੀ ਵਕੀਲ, ਦਰਸ਼ਨ ਸੰਧੂ ਮਾਨਵਾਲਾ ਅਤੇ 10/15 ਹੋਰ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਵਲੋਂ ਐੱਫ. ਆਈ. ਆਰ. ਦੀ ਨਕਲ ਸਾਬਕਾ ਵਿਧਾਇਕ ਦੇ ਸਪੁਰਦ ਕਰ ਦੇਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।

 


author

cherry

Content Editor

Related News