ਕੋਵਿਡ ਮਹਾਮਾਰੀ ਨੂੰ ਹਲਕੇ ਢੰਗ ਨਾਲ ਲੈਣਾ ਅਜੇ ਵੀ ਭਾਰੀ ਭੁੱਲ ਹੋਵੇਗੀ : ਅਮਰਿੰਦਰ
Saturday, May 29, 2021 - 11:57 PM (IST)
ਜਲੰਧਰ(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਵਿਡ ਮਹਾਮਾਰੀ ਨੂੰ ਹਲਕੇ ਢੰਗ ਨਾਲ ਲੈਣਾ ਅਜੇ ਵੀ ਭਾਰੀ ਭੁੱਲ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਵਿਡ ਦੇ ਮਾਮਲਿਆਂ ਵਿਚ ਕਮੀ ਆ ਰਹੀ ਹੈ ਪਰ ਲੋਕਾਂ ਨੂੰ ਪਾਬੰਦੀਆਂ ਦੀ ਅਗਲੇ ਕੁਝ ਦਿਨਾਂ ਤਕ ਸਖਤੀ ਨਾਲ ਪਾਲਣਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦਾ ਜਿਹੜੇ ਲੋਕ ਸ਼ਿਕਾਰ ਬਣੇ ਹਨ, ਉਨ੍ਹਾਂ ਦੇ ਵਿਚਾਰਾਂ ਵੱਲ ਜਨਤਾ ਨੂੰ ਧਿਆਨ ਦੇਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕੋਵਿਡ ਤੋਂ ਠੀਕ ਹੋਏ ਇਕ ਵਿਅਕਤੀ ਦੀ ਵੀਡੀਓ ਕਲਿੱਪ ਜਾਰੀ ਕਰਦਿਆਂ ਕਿਹਾ ਕਿ ਲੋਕ ਇਨ੍ਹਾਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਨ। ਇਸ ਵਿਅਕਤੀ ਨੇ ਆਪਣੀ ਵੀਡੀਓ ਵਿਚ ਲੋਕਾਂ ਨੂੰ ਕਿਹਾ ਹੈ ਕਿ ਕੋਵਿਡ ਮਹਾਮਾਰੀ ਬਹੁਤ ਖਤਰਨਾਕ ਹੈ। ਉਸ ਨੇ ਆਪ-ਬੀਤੀ ਸੁਣਾਉਂਦੇ ਹੋਏ ਕਿਹਾ ਕਿ ਕੋਵਿਡ ਕਾਰਨ ਉਹ ਕਈ ਦਿਨ ਹਸਪਤਾਲ ਵਿਚ ਭਰਤੀ ਰਿਹਾ ਸੀ। ਇਸ ਦੌਰਾਨ ਉਸ ਨੇ ਜੋ ਸੰਤਾਪ ਝੱਲਿਆ, ਉਸ ਬਾਰੇ ਉਹ ਹੀ ਦੱਸ ਸਕਦਾ ਹੈ।
ਇਹ ਵੀ ਪੜ੍ਹੋ : ਕੋਵਿਡ ਖਿਲਾਫ਼ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਛੇਤੀ ਜਿੱਤਾਂਗੇ ਜੰਗ : ਚੁੱਘ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਮੇਂ-ਸਮੇਂ ’ਤੇ ਕੋਵਿਡ ਸਬੰਧੀ ਜੋ ਪਾਬੰਦੀਆਂ ਲਾਈਆਂ ਹੋਈਆਂ ਹਨ, ਉਨ੍ਹਾਂ ਦੀ ਜਨਤਾ ਨੂੰ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਕਿਹਾ ਕਿ ਉਹ ਕੋਵਿਡ ਪਾਬੰਦੀਆਂ ਨੂੰ ਅਗਲੇ ਕੁਝ ਦਿਨ ਸਖਤੀ ਨਾਲ ਲਾਗੂ ਕਰਵਾਉਂਦੇ ਰਹੋ।
ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਵਿਡ ਦੀ ਤੀਜੀ ਸੰਭਾਵਤ ਲਹਿਰ ਨੂੰ ਲਹਿਰ ਨੂੰ ਧਿਆਨ ਵਿਚ ਰੱਖਦਿਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਲਈ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿਚ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਮੈਡੀਕਲ ਮਾਹਿਰਾਂ ਤੇ ਸਲਾਹਕਾਰਾਂ ਦੇ ਵਿਚਾਰ ਜਾਣਨ ਤੋਂ ਬਾਅਦ ਅਗਲੇ ਕੁਝ ਮਹੀਨਿਆਂ ਵਿਚ ਤੀਜੀ ਲਹਿਰ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਕਾਰਣ 125 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ
ਟੀਕਾਕਰਨ ਵਿਚ ਤੇਜ਼ੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਮਹਾਮਾਰੀ ਨੂੰ ਹਰਾਉਣ ਲਈ ਟੀਕਾਕਰਨ ਹੀ ਇਕੋ-ਇਕ ਉਪਾਅ ਹੈ। ਜੇ ਕੇਂਦਰ ਸਰਕਾਰ ਤੇਜ਼ੀ ਨਾਲ ਪੰਜਾਬ ਨੂੰ ਵੈਕਸੀਨ ਮੁਹੱਈਆ ਕਰਵਾਏ ਤਾਂ ਮਹਾਮਾਰੀ ’ਤੇ ਕਾਬੂ ਪਾਉਣਾ ਸੰਭਵ ਹੈ।