ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਬਾਣੀ ਦੇ ਅੱਖਰ ਸੋਨੇ ''ਚ ਲਾਏ
Monday, Jul 15, 2019 - 02:34 PM (IST)
ਫਗਵਾੜਾ (ਹਰਜੋਤ) : ਤਖ਼ਤ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਸਾਹਿਬ ਦੀ ਮੁੱਖ ਇਮਾਰਤ 'ਤੇ ਗੁਰਬਾਣੀ ਦੇ ਪੇਂਟ ਨਾਲ ਲਿਖੇ ਸ਼ਬਦ ਹੁਣ ਸੋਨੇ ਦੇ ਅੱਖਰਾਂ ਦੇ ਲਾਏ ਗਏ ਹਨ ਅਤੇ ਬੋਰਡ ਵੱਲੋਂ ਨਵੀਂ 7 ਸਟਾਰ ਸਰਾਂ ਅਤੇ ਇਕ ਸਕੂਲ ਦੀ ਨਵੀਂ ਬਿਲਡਿੰਗ ਵੀ ਬਣਾਏ ਜਾਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਤਖਤ ਸਾਹਿਬ ਦੇ ਪ੍ਰਬੰਧਕੀ ਅਧਿਕਾਰੀ ਡੀ. ਪੀ. ਸਿੰਘ ਚਾਵਲਾ ਨੇ ਦੱਸਿਆ ਕਿ ਤਖਤ ਸਾਹਿਬ ਦੇ ਉੱਪਰ ਫ਼ਰੰਟ 'ਤੇ 'ਸਤਿਨਾਮ-ਵਾਹਿਗੁਰੂ' ਅਤੇ 'ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ' ਦੇ ਅੱਖਰ ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਦੀ ਸੇਵਾ ਸਦਕਾ ਤਬਦੀਲ ਕੀਤੇ ਗਏ ਹਨ।
ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਨੇ ਇਸ ਸੇਵਾ 'ਤੇ ਦੋਨਾਂ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ ਹੈ। ਡੀ. ਪੀ. ਸਿੰਘ ਨੇ ਦੱਸਿਆ ਕਿ ਬੋਰਡ ਵਲੋਂ 10 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖ਼ਰਚ ਕਰ ਕੇ ਸੱਚਖੰਡ ਪਬਲਿਕ ਸਕੂਲ ਅਤੇ ਕਰਮਚਾਰੀਆਂ ਦੀ ਰਿਹਾਇਸ਼ ਬਣਾਉਣ ਅਤੇ ਇਕ 7 ਸਟਾਰ ਏਅਰ ਕੰਡੀਸ਼ਨ ਆਧੁਨਿਕ ਸਹੂਲਤਾਂ ਵਾਲੀ ਸਰਾਂ ਵੀ ਤਿਆਰ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਦੀਆਂ ਹਦਾਇਤਾਂ ਨੂੰ ਲਾਗੂ ਕਰਦਿਆਂ ਵਿੱਦਿਆ ਖੇਤਰ 'ਚ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਲਈ ਸਵਾ ਕਰੋੜ ਰੁਪਏ ਦੇ ਵਜ਼ੀਫ਼ੇ ਦਾ ਫ਼ੰਡ ਰੱਖਿਆ ਗਿਆ ਹੈ ਅਤੇ ਕਈ ਹੋਰ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ।